Babushahi Special ਸਰਹਿੰਦ ਨਹਿਰ ਬੰਦੀ: ਸਿਰ ਮੁਨਾਉਂਦੇ ਸਾਰ ਹੀ ਹੋਣ ਲੱਗੀ ਕਣਕ ਦੀ ਬਿਜਾਂਦ ’ਤੇ ਗੜੇਮਾਰੀ
ਅਸ਼ੋਕ ਵਰਮਾ
ਬਠਿੰਡਾ, 29 ਅਕਤੂਬਰ 2025: ਕਿਸਾਨਾਂ ਮਾਲਵੇ ਦੇ ਤਕਰੀਬਨ ਦੋ ਸੌ ਪਿੰਡਾਂ ’ਚ ਐਤਕੀਂ ਕਣਕ ਦੀ ਬਿਜਾਈ ਮੌਕੇ ਪਾਣੀ ਦਾ ਸੰਕਟ ਬਣਨ ਜਾ ਰਿਹਾ ਹੈ। ਪੰਜਾਬ ਦੇ ਜਲ ਸਰੋਤ ਵਿਭਾਗ ਨੇ 11 ਨਵੰਬਰ ਤੱਕ ਸਰਹਿੰਦ ਨਹਿਰ ਬੰਦ ਕਰ ਦਿੱਤੀ ਹੈ ਜਿਸ ਦਾ ਕਾਰਨ ਅੰਦਰੂਨੀ ਸਫਾਈ ਦੱਸਿਆ ਗਿਆ ਹੈ। ਇਸ ਫੈਸਲੇ ਨਾਲ ਕਿਸਾਨਾਂ ’ਚ ਘਬਰਾਹਟ ਪਾਈ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਕਣਕ ਦੀ ਅਗੇਤੀ ਬਿਜਾਈ ਪ੍ਰਭਾਵਿਤ ਹੋ ਸਕਦੀ ਹੈ। ਜੇਕਰ ਇਹ ਫੈਸਲਾ ਨਾ ਟਾਲਿਆ ਤਾਂ ਮਾਮਲਾ ਸਿਆਸੀ ਰੰਗ ਵੀ ਫੜ ਸਕਦਾ ਹੈ ਤੇ ਕਿਸਾਨ ਧਿਰਾਂ ਇਸ ਨੂੰ ਸੰਘਰਸ਼ ਦਾ ਮੁੱਦਾ ਵੀ ਬਣਾ ਸਕਦੀਆਂ ਹਨ। ਰਾਹਤ ਵਾਲੀ ਗੱਲ ਏਨੀ ਕੁ ਹੈ ਕਿ ਕਿਸਾਨ ਇੰਨ੍ਹਾਂ ਦਿਨਾਂ ਦੌਰਾਨ ਆਪਣੀ ਨਰਮੇ ਅਤੇ ਝੋਨੇ ਦੀ ਫਸਲ ਸਾਂਭਣ ’ਚ ਰੁੱਝੇ ਹੋਏ ਹਨ।
ਜਿੰਨ੍ਹਾਂ ਕਿਸਾਨਾਂ ਨੇ ਕਣਕ ਦੀ ਬਿਜਾਂਦ ਹਾਲੇ ਕਰਨੀ ਹੈ ਉਨ੍ਹਾਂ ਨੂੰ ਫੌਰੀ ਤੌਰ ਤੇ ਪਾਣੀ ਦੀ ਜਰੂਰਤ ਪਵੇਗੀ ਜੋ ਅਗੇਤਾ ਹੀ ਗਾਇਬ ਹੋ ਗਿਆ ਹੈ। ਪਹਿਲੀ ਦਫ਼ਾ ਏਦਾਂ ਹੋ ਰਿਹਾ ਹੈ ਕਿ ਕਣਕ ਦੀ ਫਸਲ ਬੀਜਣ ਦੇ ਐਨ ਮੌਕੇ ਤੇ ਨਹਿਰ ਬੰਦ ਕੀਤੀ ਗਈ ਹੈ। ਇੰਨ੍ਹਾਂ ਦਿਨਾਂ ਦੌਰਾਨ ਨਹਿਰੀ ਪਾਣੀ ਮੰਗ ਕਾਫ਼ੀ ਵਧ ਜਾਂਦੀ ਹੈ ਕਿਉਂਕਿ ਨਰਮੇ ਅਤੇ ਝੋਨੇ ਦੀ ਕਾਸ਼ਤ ਵਾਲੀਆਂ ਜਮੀਨਾਂ ਤਿਆਰ ਕਰਨ ਲਈ ਕਿਸਾਨ ਰੌਣੀ ਕਰਦੇ ਹਨ। ਕਿਸਾਨਾਂ ਮੁਤਾਬਕ ਕਰੀਬ 200 ਪਿੰਡਾਂ ਨੂੰ ਨਹਿਰੀ ਪਾਣੀ ਦਾ ਸੋਕਾ ਝੱਲਣਾ ਪੈ ਸਕਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਨਰਮੇ ਵਾਲੀਆਂ ਜਮੀਨਾਂ ’ਚ ਕਣਕ ਦੀ ਬਿਜਾਂਦ ਨੂੰ ਵੱਡਾ ਧੱਕਾ ਲੱਗ ਸਕਦਾ ਹੈ। ਜੇਕਰ ਪਰਾਲੀ ਨਾਂ ਨਿਪਟੀ ਤਾਂ ਝੋਨੇ ਵਾਲੀ ਜਮੀਨ ’ਚ ਕਣਕ ਦੀ ਬਿਜਾਈ ਨੂੰ ਵੀ ਮਾਰ ਪਵੇਗੀ।
ਬਠਿੰਡਾ ਜਿਲ੍ਹੇ ’ਚ ਔਸਤਨ ਢਾਈ ਲੱਖ ਹੈਕਟੇਅਰ ਰਕਬੇ ’ਚ ਕਣਕ ਦੀ ਕਾਸ਼ਤ ਕੀਤੀ ਜਾਂਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਿਸ ਵਕਤ ਨਹਿਰ ਬੰਦ ਕੀਤੀ ਗਈ ਤਾਂ ਉਦੋਂ ਨਹਿਰੀ ਪਾਣੀ ਦੀ ਲੋੜ ਪਵੇਗੀ। ਵੱਡੀ ਮੁਸ਼ਕਲ ਪੇਂਡੂ ਜਲ ਘਰਾਂ ਨੂੰ ਆਵੇਗੀ ਜਿਨ੍ਹਾਂ ਦਾ ਧਰਤੀ ਹੇਠਲਾ ਪਾਣੀ ਬੇਹੱਦ ਮਾੜਾ ਹੈ । ਜਾਣਕਾਰੀ ਅਨੁਸਾਰ ਇਸ ਖਿੱਤੇ ਵਿੱਚ ਤਕਰੀਬਨ ਇੱਕ ਦਰਜਨ ਰਜਬਾਹੇ ਹਨ ਜਿਨ੍ਹਾਂ ਤੇ ਲਗਾਤਾਰ 15 ਦਿਨ ਪਾਣੀ ਬੰਦ ਰਹਿਣ ਕਾਰਨ ਨਹਿਰ ਬੰਦੀ ਦਾ ਪ੍ਰਭਾਵ ਪੈਣਾ ਲਾਜਮੀ ਹੈ। ਭਾਵੇਂ ਪਿਛੇਤੀ ਫਸਲ ਦੀ ਬਿਜਾਂਦ ਬਹੁਤੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਘੱਟ ਹੈ ਜਦੋਂਕਿ ਅਗੇਤੀ ਬਿਜਾਈ ਨੂੰ ਵੱਡੀ ਸੱਟ ਵੱਜ ਸਕਦੀ ਹੈ। ਕਿਸਾਨਾਂ ਦਾ ਪ੍ਰਤੀਕਰਮ ਹੈ ਕਿ ਅਜਿਹੇ ਦਿਨਾਂ ਦੌਰਾਨ ਪੰਜਾਬ ਸਰਕਾਰ ਨੂੰ ਨਹਿਰਾਂ ਅਤੇ ਰਜਬਾਹੇ ਵਗੈਰਾ ਬੰਦ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਫੈਸਲਾ ਵਾਪਸ ਲਵੇ ਸਰਕਾਰ
ਪਿੰਡ ਕੋਟ ਗੁਰੂ ਦੇ ਕਿਸਾਨ ਸੁਖਤੇਜ ਸਿੰਘ ਦਾ ਕਹਿਣਾ ਸੀ ਕਿ ਜਦੋਂ ਵੀ ਬੇਰੁੱਤੀ ਨਹਿਰ ਬੰਦ ਕੀਤੀ ਜਾਂਦੀ ਹੈ ਤਾਂ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਬਾਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਇੱਕ ਵਾਰ ਫਿਰ ਨਹਿਰ ਬੰਦ ਕਰ ਦਿੱਤੀ ਗਈ ਹੈ ਤਾਂ ਕਿਸਾਨ ਡੀਜ਼ਲ ਫੂਕਣ ਲਈ ਮਜਬੂਰ ਹੋ ਜਾਣਗੇ ਜਿਸ ਨਾਲ ਖੇਤੀ ਲਾਗਤਾਂ ਵਧ ਜਾਣੀਆਂ ਹਨ। ਉਨ੍ਹਾਂ ਕਿਸਾਨਾਂ ਦੀਆਂ ਇਸ ਮੌਕੇ ਜਰੂਰਤਾਂ ਨੂੰ ਮੁੱਖ ਰੱਖਦਿਆਂ ਨਹਿਰੀ ਬੰਦੀ ਦਾ ਫੈਸਲਾ ਤੁਰੰਤ ਵਾਪਿਸ ਲੈਣ ਦੀ ਮੰਗ ਕੀਤੀ ਹੈ।
ਮਹਿਕਮੇ ਵੱਲੋਂ ਜਾਰੀ ਪ੍ਰੈਸ ਨੋਟ
ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਵੱਲੋਂ ਨਹਿਰਾਂ ਦੀ ਅੰਦਰੂਨੀ ਸਫ਼ਾਈ ਦੇ ਮੱਦੇਨਜ਼ਰ ਨਹਿਰ ਬਠਿੰਡਾ ਬਰਾਂਚ ਦੀ 26 ਅਕਤੂਬਰ 2025 ਤੋਂ 11 ਨਵੰਬਰ 2025 ਤੱਕ ਬੰਦੀ ਰਹੇਗੀ। ਜਲ ਸਰੋਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਜਗਮੀਤ ਸਿੰਘ ਭਾਕਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਹਿਰ ਦੀ ਅੰਦਰੂਨੀ ਸਫ਼ਾਈ ਦਾ ਇਹ ਕੰਮ ਮੌਸਮ ਅਤੇ ਫ਼ਸਲਾਂ ਦੀ ਹਾਲਤ ਨੂੰ ਮੁੱਖ ਰੱਖਦਿਆਂ ਕੀਤਾ ਜਾ ਰਿਹਾ ਹੈ।
ਨਹਿਰੀ ਬੰਦੀ ਰੱਦ ਹੋਵੇ :ਬੁਰਜਸੇਮਾ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਸਬੀਰ ਸਿੰਘ ਬੁਰਜ ਸੇਮਾ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਕਣਕ ਦੀ ਬਿਜਾਈ ਮੌਕੇ ਕੀਤੀ ਨਹਿਰੀ ਬੰਦੀ ਨੂੰ ਫੌਰੀ ਤੌਰ ’ਤੇ ਰੱਦ ਕਰੇ । ਉਨ੍ਹਾਂ ਕਿਹਾ ਕਿ ਫਸਲ ਬੀਜਣ ਲਈ ਜਮੀਨਾਂ ਦੀ ਤਿਆਰੀ ਸ਼ੁਰੂ ਹੋ ਗਈ ਹੈ ਜਿਸ ਲਈ ਪਾਣੀ ਦੀ ਜਰੂਰਤ ਪਵੇਗੀ ਹੈ। ਉਨ੍ਹਾਂ ਕਿਹਾ ਕਿ ਇਹ ਕਿਹੋ ਜਿਹੀ ਕਿਸਾਨ ਹਿਤੈਸ਼ੀ ਸਰਕਾਰ ਹੈ ਜੋ ਐਨ ਬਿਜਾਈ ਮੌਕੇ ਕਿਸਾਨਾਂ ਨੂੰ ਨਹਿਰੀ ਪਾਣੀ ਤੋਂ ਵਾਂਝਾ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਅਗਰ ਨਹਿਰ ਦੀ ਸਾਫ ਸਫਾਈ ਹੀ ਕਰਵਾਉਣੀ ਸੀ ਤਾਂ ਇਹ ਅੱਗੇ ਪਿੱਛੇ ਵੀ ਕਰਵਾਈ ਜਾ ਸਕਦੀ ਹੈ।
ਬਠਿੰਡਾ ’ਚ ਜਲ ਸਪਲਾਈ ਤੇ ਅਸਰ
ਜਦੋਂ ਵੀ ਬਠਿੰਡਾ ਨਹਿਰ ਬੰਦ ਹੋ ਜਾਂਦੀ ਹੈ ਤਾਂ ਪਾਣੀ ਦੀ ਕਿੱਲਤ ਲੋਕਾਂ ਦੀ ਜ਼ਿੰਦਗੀ ਨੂੰ ਬੰਨ੍ਹ ਮਾਰ ਦਿੰਦੀ ਹੈ। ਨਗਰ ਨਿਗਮ ਬਠਿੰਡਾ ਨੇ ਪਾਣੀ ਦੀ ਸਪਲਾਈ ਸਿਰਫ ਇੱਕ ਵੇਲੇ ਕਰ ਦਿੱਤੀ ਹੈ ਜਿਸ ’ਚ ਹੋਰ ਵੀ ਕਟੌਤੀ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰਾਂ ਨੇ ਸ਼ਹਿਰ ਦੇ ਹਰ ਕੋਨੇ ਵਿੱਚ ਠੰਢੀ ਬੀਅਰ ਤਾਂ ਆਮੋ ਆਮ ਉਪਲਬਧ ਕਰਵਾ ਦਿੱਤੀ ਹੈ ਪਰ ਲੋਕਾਂ ਦੀ ਪਿਆਸ ਬੁਝਾਉਣ ਦਾ ਪੱਕਾ ਹੀਲਾ ਨਹੀਂ ਕੀਤਾ ਜਾ ਸਕਿਆ ਹੈ। ਨਗਰ ਨਿਗਮ ਪਾਣੀ ਦੀ ਪੂਰਤੀ ਕਰਨ ਦੇ ਦਾਅਵੇ ਕਰਦਾ ਹੈ ਪਰ ਮਹਾਂਨਗਰ ਨਹਿਰ ਬੰਦੀ ਸਮੇਂ ਕਦੇ ਵੀ ਜਲ ਸੰਕਟ ਤੋਂ ਅਛੂਤਾ ਨਹੀਂ ਰਹਿੰਦਾ ਹੈ।