ਵੰਸ਼ਵਾਦ ਅਰਥਾਤ ਪਰਿਵਾਰਵਾਦ ਦੀ ਵਧਦੀ ਵੇਲ
-ਗੁਰਮੀਤ ਸਿੰਘ ਪਲਾਹੀ
ਕਦੇ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਧਿਰ ਕਾਂਗਰਸ ਉੱਤੇ ਇਹ ਦੋਸ਼ ਲੱਗਦਾ ਸੀ ਕਿ ਇਹ ਪਰਿਵਾਰਵਾਦ ਵਿੱਚ ਪੂਰੀ ਤਰ੍ਹਾਂ ਜਕੜੀ ਹੋਈ ਹੈ। ਸਾਲ 2014 ਵਿੱਚ ਨਰਿੰਦਰ ਮੋਦੀ ਦੀ ਜਿੱਤ ਤੋਂ ਬਾਅਦ ਮੀਡੀਆ ਦੇ ਇੱਕ ਹਿੱਸੇ ਨੇ ਇਹ ਘੋਸ਼ਣਾ ਹੀ ਕਰ ਦਿੱਤੀ ਸੀ ਕਿ ਦੇਸ਼ ਵਿੱਚ ਪਰਿਵਾਰਵਾਦ ਦੀ ਸਿਆਸਤ ਖ਼ਤਮ ਹੋ ਗਈ ਹੈ, ਉਦੋਂ ਜਦੋਂ ਕਾਂਗਰਸ ਦੇਸ਼ ਵਿੱਚ ਲੋਕ ਸਭਾ ਚੋਣਾਂ ਹਾਰ ਗਈ ਸੀ ਅਤੇ ਭਾਜਪਾ ਨੇ ਜਿੱਤ ਪ੍ਰਾਪਤ ਕਰ ਲਈ ਸੀ।
ਪਰ ਹੁਣੇ ਜਿਹੇ ਕੀਤਾ ਸਰਵੇ ਅੱਖਾਂ ਖੋਲਣ ਵਾਲਾ ਹੈ। ਸਾਲ 2009 ਵਿੱਚ ਪਰਿਵਾਰਵਾਦੀ ਸੰਸਦ ਮੈਂਬਰਾਂ ਦੀ ਕਾਂਗਰਸ ਵਿੱਚ ਗਿਣਤੀ 12 ਫ਼ੀਸਦੀ ਸੀ ਜਦ ਕਿ ਭਾਜਪਾ ਵਿੱਚ 11 ਫ਼ੀਸਦੀ ਸੀ। ਸਾਲ 1999 ਵਿੱਚ ਕਾਂਗਰਸ 'ਚ ਇਹ ਗਿਣਤੀ 8 ਫ਼ੀਸਦੀ ਅਤੇ ਭਾਜਪਾ ਵਿੱਚ 6 ਫ਼ੀਸਦੀ ਸੀ।
ਅੱਜ ਦੇਸ਼ 'ਚ ਪਰਿਵਾਰਵਾਦ ਨੇ ਵਿਕਰਾਲ ਰੂਪ ਧਾਰ ਲਿਆ ਹੈ। ਕਾਂਗਰਸ 'ਚ ਇਹ ਗਿਣਤੀ ਵਿਧਾਇਕਾਂ, ਸੰਸਦਾਂ, ਵਿਧਾਨ ਪ੍ਰੀਸ਼ਦਾਂ ਵਿੱਚ 33.25 ਫ਼ੀਸਦੀ ਹੈ। ਜਦ ਕਿ ਭਾਜਪਾ ਦੀ ਹਿੱਸੇਦਾਰੀ 18.62 ਫ਼ੀਸਦੀ ਹੈ। ਖੇਤਰੀ ਦਲਾਂ ਵਿੱਚ ਤਾਂ ਕੁਝ ਪਰਿਵਾਰਾਂ ਦਾ ਦਬਦਬਾ ਬਹੁਤ ਹੀ ਵੱਡਾ ਹੈ।
ਅੱਜ ਪਰਿਵਾਰਾਂ ਦੀ ਰਾਜਨੀਤੀ ਇਸ ਕਰਕੇ ਬਹੁਤ ਚਰਚਾ ਵਿੱਚ ਹੈ ਕਿ ਬਿਹਾਰ ਵਿੱਚ ਚੋਣਾਂ ਹਨ। ਲਾਲੂ ਪ੍ਰਸਾਦ ਯਾਦਵ ਦਾ ਪੁੱਤਰ ਮੁੱਖ ਮੰਤਰੀ ਦਾ ਦਾਵੇਦਾਰ ਹੈ ਤਾਂ ਕਾਬਜ਼ ਧਿਰ ਦੇ ਨੇਤਾ ਸਵ: ਰਾਮ ਵਿਲਾਸ ਪਾਸਵਾਨ ਦਾ ਬੇਟਾ ਵੀ ਇਸ ਪੌੜੀ 'ਤੇ ਚੜਨ ਦਾ ਚਾਹਵਾਨ ਹੈ। ਪਰਿਵਾਰਵਾਦ ਅਰਥਾਤ ਵੰਸ਼ਵਾਦ ਦੀ ਸਿਆਸਤ ਵਿੱਚ ਬਿਹਾਰ ਇੱਕ ਨੰਬਰ 'ਤੇ ਹੈ। ਪਿਛਲੇ 243 ਮੈਂਬਰੀ ਬਿਹਾਰ ਵਿਧਾਨ ਸਭਾ ਵਿੱਚ ਇਹਨਾਂ ਵੰਸ਼ਵਾਦੀਆਂ ਦੀ ਗਿਣਤੀ 70 ਹੈ।
ਕੁਨਬਿਆਂ 'ਤੇ ਅਧਾਰਤ ਦਲਾਂ ਦੇ ਆਗੂਆਂ ਨੇ ਆਪਣੀ ਪਤਨੀ, ਭਾਬੀ, ਨੂੰਹ ਤੱਕ ਨੂੰ ਟਿਕਟ ਵੰਡੇ ਹਨ। ਵਿਧਾਇਕਾਂ, ਸੰਸਦਾਂ, ਮੰਤਰੀਆਂ ਪਾਰਟੀ ਦੇ ਮੁੱਖੀਆਂ ਦੇ ਬੇਟੇ, ਬੇਟੀਆਂ ਤੱਕ ਇਸ ਦੌੜ 'ਚ ਸ਼ਾਮਿਲ ਹਨ। ਹਰ ਰਾਜ, ਹਰ ਪਾਰਟੀ ਵਿੱਚ ਇਹ ਪ੍ਰਵਿਰਤੀ ਲਗਾਤਾਰ ਜੋਰ ਫੜ ਰਹੀ ਹੈ।
2019 ਵਿੱਚ ਆਮ ਲੋਕ ਸਭਾ ਚੋਣਾਂ ਹੋਣ ਦੇ ਪਹਿਲਾਂ ਪ੍ਰਿਅੰਕਾ ਗਾਂਧੀ ਨੇ ਰਾਜਨੀਤੀ ਵਿੱਚ ਦਾਖ਼ਲਾ ਲਿਆ ਅਤੇ ਇਸ ਨਾਲ ਕਾਂਗਰਸ ਉੱਤੇ ਵੰਸ਼ਵਾਦ ਦੇ ਵਾਧੇ ਦੇ ਵੱਡੇ ਦੋਸ਼ ਲੱਗੇ। ਭਾਵੇਂ ਕਿ ਦੇਸ਼ ਵਿੱਚ ਕਾਂਗਰਸ ਦਾ ਸਿਆਸੀ ਪ੍ਰਭਾਵ ਘੱਟ ਹੋ ਗਿਆ ਹੋਵੇ ਪਰ ਹਾਲੇ ਵੀ ਕਾਂਗਰਸ ਉੱਤੇ ਇਹ ਦੋਸ਼ ਲਗਾਤਾਰ ਲੱਗ ਰਹੇ ਹਨ। ਪਰ ਇਸ ਦੌੜ 'ਚ ਭਾਜਪਾ ਵੀ ਪਿੱਛੇ ਨਹੀਂ ਹੈ।
ਭਾਜਪਾ ਦੇ ਦੇਸ਼ ਚ ਕੁੱਲ ਮਿਲਾ ਕੇ 2078 ਵਿਧਾਇਕ ਹਨ, ਉਨਾਂ ਵਿੱਚੋਂ 18.2 ਫ਼ੀਸਦੀ ਵੰਸ਼ਵਾਦੀ ਹਨ। ਕਾਂਗਰਸ ਦੇ ਲੋਕ ਸਭਾ 'ਚ 99 ਸੰਸਦ ਹਨ, ਜਿਨ੍ਹਾਂ ਵਿੱਚ ਤਿੰਨ ਗਾਂਧੀ ਪਰਿਵਾਰ ਦੇ ਹਨ: ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ। ਇਹ ਵੀ ਹੁਣ ਸਪਸ਼ਟ ਹੈ ਕਿ ਭਾਜਪਾ ਭਾਈ- ਭਤੀਜਾਵਾਦ, ਪਰਿਵਾਰਵਾਦ ਤੋਂ ਦੁੱਧ ਧੋਤੀ ਨਹੀਂ, ਭਾਵੇਂ ਕਿ ਭਾਜਪਾ ਨੇਤਾ ਇਸ ਗੱਲ 'ਤੇ ਜੋਰ ਦਿੰਦੇ ਹਨ ਕਿ ਉਨਾਂ ਦੀ ਪਾਰਟੀ ਵੰਸ਼ਵਾਦੀ ਨਹੀਂ ਹੈ।
ਪੁੱਤਰ-ਪੁੱਤਰੀਆਂ, ਮਾਤਾ-ਪਿਤਾ, ਭਰਾ-ਭੈਣਾਂ, ਸਹੁਰੇ ਘਰ ਵਾਲੇ, ਚਾਚੇ ਦੇ ਪੁੱਤ, ਭੈਣ-ਭਰਾ, ਚਾਚੇ-ਭਤੀਜੇ ਪਰਿਵਾਰਵਾਦ ਵਿੱਚ ਗਿਣੇ ਜਾਂਦੇ ਹਨ। ਤਮਿਲਨਾਡੂ ਤੋਂ ਲੈ ਕੇ ਕਸ਼ਮੀਰ, ਮਹਾਰਾਸ਼ਟਰ, ਉੜੀਸਾ, ਪੱਛਮੀ ਬੰਗਾਲ ਅਤੇ ਉੱਤਰ ਪੂਰਬ ਤੱਕ ਦੇ ਮੁੱਖ ਸਿਆਸੀ ਦਲਾਂ ਦੇ 149 ਪਰਿਵਾਰਾਂ ਦੇ ਇੱਕ ਤੋਂ ਵੱਧ ਮੈਂਬਰ ਰਾਜ ਵਿਧਾਨ ਸਭਾਵਾਂ ਜਾਂ ਸੰਸਦ ਦੋਨਾਂ ਵਿੱਚ ਮੈਂਬਰ ਹਨ। ਇਹਨਾਂ ਦੀ ਗਿਣਤੀ 337 ਵਿਧਾਇਕ ਜਾਂ ਸੰਸਦ ਮੈਂਬਰ ਹੋ ਗਈ ਹੈ। ਕੁੱਲ ਮਿਲਾ ਕੇ ਇਹ ਸੰਖਿਆ 5 ਰਾਜਾਂ- ਅਰੁਣਾਚਲ ਪ੍ਰਦੇਸ਼, ਦਿੱਲੀ, ਹਿਮਾਚਲ ਪ੍ਰਦੇਸ਼, ਮਣੀਪੁਰ ਅਤੇ ਉੱਤਰਾਖੰਡ ਦੀਆਂ ਵਿਧਾਨ ਸਭਾਵਾਂ ਦੀ ਕੁੱਲ ਸੰਖਿਆ ਦੇ ਬਰਾਬਰ ਹੈ।
ਇੱਕ ਸਰਵੇ ਮੁਤਾਬਿਕ 6 ਕੇਂਦਰੀ ਮੰਤਰੀ, 5 ਕੇਂਦਰੀ ਰਾਜ ਮੰਤਰੀ, 9 ਮੁੱਖ ਮੰਤਰੀ, 7 ਉਪ ਮੁੱਖ ਮੰਤਰੀ, 35 ਰਾਜ ਮੰਤਰੀ ਅਤੇ ਦੋ ਵਿਧਾਨ ਸਭਾ ਸਪੀਕਰ ਵੰਸ਼ਵਾਦੀ ਪਰਿਵਾਰਾਂ 'ਚ ਸ਼ਾਮਿਲ ਹਨ। ਇਹਨਾਂ 149 ਪਰਿਵਾਰਾਂ ਵਿੱਚੋਂ 23 ਪਰਿਵਾਰਾਂ ਦੇ ਵਿਧਾਨ ਸਭਾਵਾਂ ਜਾਂ ਸੰਸਦ ਵਿੱਚ ਦੋ-ਦੋ ਮੈਂਬਰ ਹਨ।
ਇਹਨਾਂ 149 ਪਰਿਵਾਰਾਂ ਵਿੱਚੋਂ 27 ਇਹੋ ਜਿਹੇ ਹਨ ਜਿਨਾਂ ਦੇ ਪਰਿਵਾਰਿਕ ਮੈਂਬਰ ਭਾਜਪਾ ਨਾਲ ਜੁੜੇ ਹੋਏ ਹਨ ਜਦਕਿ 23 ਇਹੋ ਜਿਹੇ ਹਨ ਜਿਹੜੇ ਵਿਧਾਇਕ ਭਾਜਪਾ ਜਾਂ ਹੋਰ ਸਿਆਸੀ ਦਲਾਂ ਦੇ ਹਨ ਜਾਂ ਅਜ਼ਾਦ ਮੈਂਬਰ ਹਨ ਅਤੇ 32 ਪਰਿਵਾਰ ਪੂਰੀ ਤਰ੍ਹਾਂ ਕਾਂਗਰਸ ਨਾਲ ਜੁੜੇ ਹਨ, ਜਿਹਨਾਂ 'ਚੋਂ 5 ਹੋਰ ਦਲਾਂ ਦੇ ਨਾਲ ਵਿਧਾਇਕਾਂ ਨੂੰ ਸਾਂਝਾ ਕਰ ਰਹੇ ਹਨ।
ਹੈਰਾਨੀ ਦੀ ਗੱਲ ਨਹੀਂ ਸਮਝੀ ਜਾਣੀ ਚਾਹੀਦੀ ਕਿ ਹਾਕਮ ਧਿਰ ਅਤੇ ਵਿਰੋਧੀ ਧਿਰ ਦੇ ਧੁਰੰਤਰ ਨੇਤਾ ਇਸ ਲਿਸਟ ਵਿੱਚ ਮੋਹਰੀ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ (ਭਾਜਪਾ) ਉਹਨਾਂ ਦਾ ਬੇਟਾ ਵਿਧਾਇਕ ਪੰਕਜ ਸਿੰਘ ਸੰਸਦ ਮੈਂਬਰ ਅਤੇ ਕਾਂਗਰਸ ਮੁਖੀ ਮਲਿਕਾਅਰਜੁਨ ਖੜਗੇ ਅਤੇ ਉਹਨਾਂ ਦਾ ਵਿਧਾਇਕ ਬੇਟਾ ਪ੍ਰਿੰਯਕ ਖੜਗੇ, ਕਰਨਾਟਕ ਦੇ ਉਪ ਮੁੱਖ ਮੰਤਰੀ ਏਕ ਨਾਥ ਸ਼ਿੰਦੇ ਅਤੇ ਉਸਦਾ ਵਿਧਾਇਕ ਬੇਟਾ ਸ਼੍ਰੀਕਾਂਤ ਸ਼ਿੰਦੇ, ਕਰਨਾਟਕ ਦਾ ਮੁੱਖ ਮੰਤਰੀ ਸਿੱਧਾਰਮੱਈਆ ਅਤੇ ਉਹਨਾਂ ਦਾ ਬੇਟਾ ਯਤਿੰਦ੍ਰਾ ਸਿੱਧਾਰਮੱਈਆ ਮੈਂਬਰ ਵਿਧਾਨ ਪ੍ਰੀਸ਼ਦ ਹੈ।
ਇਹ ਸੂਚੀ ਇੰਨੀ ਲੰਮੀ ਹੈ ਕਿ ਪ੍ਰਸਿੱਧ ਸਿਆਸੀ ਪਰਿਵਾਰ ਇਸ ਦਾ ਸ਼ਿੰਗਾਰ ਹਨ। ਗਾਂਧੀ (ਕਾਂਗਰਸ), ਸਿੰਧੀਆ (ਭਾਜਪਾ), ਨਾਇਡੂ (ਤੇਦੇਪਾ), ਮੁਲਾਇਮ ਸਿੰਘ ਯਾਦਵ ਅਤੇ ਪੁੱਤਰ (ਸਪਾ), ਲਾਲੂ ਪ੍ਰਸਾਦ ਯਾਦਵ (ਰਾਜਦ), ਸ਼ਰਦ ਪਵਾਰ(ਰਾਕਾਂਪਾ ਗੁੱਟ), ਦੇਵ ਗੌੜਾ (ਜਦ), ਪ੍ਰਕਾਸ਼ ਸਿੰਘ ਬਾਦਲ (ਸ਼੍ਰੋਮਣੀ ਅਕਾਲੀ ਦਲ), ਜੇਦੀਯੁਰੱਪਾ (ਭਾਜਪਾ), ਐੱਮ.ਕੇ. ਸਟਾਲਿਨ(ਡੀ.ਐੱਮ.ਕੇ.) ਆਦਿ ਇਸ ਸੂਚੀ ਵਿੱਚ ਵਿਸ਼ੇਸ਼ ਤੌਰ 'ਤੇ ਗਿਣੇ ਜਾਂਦੇ ਹਨ।
ਦਿੱਲੀ ਵਿੱਚ ਤਿੰਨ ਭਾਜਪਾ ਸਾਬਕਾ ਮੁੱਖ ਮੰਤਰੀਆਂ ਮਦਨ ਲਾਲ ਖੁਰਾਨਾ, ਸਾਹਿਬ ਸਿੰਘ ਵਰਮਾ ਅਤੇ ਸੁਸ਼ਮਾ ਸਵਰਾਜ ਦੀ ਵਿਰਾਸਤ ਉਨਾਂ ਦੇ ਬੱਚੇ ਸੰਭਾਲ ਰਹੇ ਹਨ। ਸਾਬਕਾ ਕੇਂਦਰੀ ਮੰਤਰੀ ਰਾਜੇਸ਼ ਪਾਇਲਟ ਦੇ ਪੁੱਤਰ ਸਚਿਨ ਪਾਇਲਟ ਰਾਜਸਥਾਨ, ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਦੇ ਪੁੱਤਰ ਦੇਪੇਂਦਰ ਹੁੱਡਾ ਹਰਿਆਣਾ, ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਵਿਕਰਮਦਿੱਤਿਆ ਹਿਮਾਚਲ ਪ੍ਰਦੇਸ਼, ਵੰਸ਼ਵਾਦੀ ਸਿਆਸਤ ਨੂੰ ਅੱਗੇ ਤੋਰ ਰਹੇ ਹਨ।
ਜਿਹੜੀਆਂ ਖੇਤਰੀ ਪਾਰਟੀਆਂ ਦੇ ਪ੍ਰਮੁੱਖ ਇਸ ਵੇਲੇ ਕਾਬਜ਼ ਹਨ, ਉਹਨਾਂ ਵਿੱਚ ਅਬਦੁਲਾ ਪਰਿਵਾਰ ਜੰਮੂ-ਕਸ਼ਮੀਰ ਅਤੇ ਮਮਤਾ ਬੈਨਰਜੀ ਪੱਛਮੀ ਬੰਗਾਲ ਹਨ, ਜਿਨ੍ਹਾਂ ਦੇ ਪੁੱਤਰ-ਭਤੀਜੇ ਵੰਸ਼ਵਾਦੀ ਸਿਆਸਤੀ ਹਨ। ਇਸ ਲਿਸਟ ਵਿੱਚ ਔਰਤਾਂ ਦਾ ਦਬਦਬਾ ਵੀ ਘੱਟ ਨਹੀਂ। ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏ.ਡੀ.ਆਰ.) ਦੇ ਅਨੁਸਾਰ ਇਹ ਦਿਸਦਾ ਹੈ ਕਿ 47 ਫ਼ੀਸਦੀ ਔਰਤਾਂ ਇਹਨਾਂ ਤੱਕੜੇ ਵੰਸ਼ਵਾਦੀ ਪਰਿਵਾਰਾਂ ਦਾ ਚਿਰਾਗ ਬਾਲ ਰਹੀਆਂ ਹਨ। ਵੰਸ਼ਵਾਦ ਨੇ ਹੀ ਅਸਲ ਵਿੱਚ ਔਰਤਾਂ ਦੇ ਸਿਆਸਤ ਵਿੱਚ ਦਰਵਾਜੇ ਖੋਲ੍ਹੇ ਹਨ।
ਇਹ ਤੱਥ ਵੀ ਸਾਹਮਣੇ ਆਏ ਹਨ ਕਿ ਕੁੱਲ ਮਿਲਾ ਕੇ 1074 ਸਾਬਕਾ ਅਤੇ ਵਰਤਮਾਨ ਵਿਧਾਇਕਾਂ ਦੇ ਰਿਸ਼ਤੇਦਾਰਾਂ ਵਿੱਚ ਘੱਟੋ-ਘੱਟ 21 ਕੇਂਦਰੀ ਮੰਤਰੀ, 13 ਮੁੱਖ ਮੰਤਰੀ, 8 ਉਪ ਮੁੱਖ ਮੰਤਰੀ, 129 ਰਾਜ ਮੰਤਰੀ, 4 ਵਿਧਾਨ ਸਭਾ ਸਪੀਕਰ ਅਤੇ ਵੱਖੋ-ਵੱਖਰੇ ਸਦਨਾਂ ਵਿੱਚ ਆਪਣੀਆਂ ਸਿਆਸੀ ਧਿਰਾਂ ਦੇ 18 ਨੇਤਾ ਹਨ।
ਉੱਤਰ ਤੋਂ ਲੈ ਕੇ ਦੱਖਣ ਤੱਕ ਰਾਜਨੀਤੀ ਵਿੱਚ ਪਰਿਵਾਰਿਕ ਮੈਂਬਰਾਂ ਦੀ ਸਿਆਸਤ ਨੂੰ ਪੂਰੀ ਤਰ੍ਹਾਂ ਪ੍ਰਵਾਨ ਕੀਤਾ ਜਾ ਚੁੱਕਾ ਹੈ। ਇਸ ਸੰਬੰਧੀ ਜਿੱਥੇ ਕਾਂਗਰਸ ਮੋਹਰੀ ਰੋਲ ਅਦਾ ਕਰ ਰਹੀ ਹੈ, ਉੱਥੇ ਭਾਜਪਾ ਵਿੱਚ ਵੰਸ਼ਵਾਦ ਦੀ ਵੇਲ ਵੱਧ ਫੁੱਲ ਰਹੀ ਹੈ। ਅਸਲ ਵਿੱਚ ਤਾਂ ਮੌਜੂਦਾ ਦੌਰ 'ਚ ਇਹ ਨੇਤਾ ਸਿਆਸੀ ਪਾਰਟੀਆਂ ਨੂੰ ਆਪਣੀ ਜਗੀਰ ਸਮਝਦੇ ਹਨ। ਇਹ ਬਿਮਾਰੀ ਕਾਂਗਰਸ ਤੋਂ ਸ਼ੁਰੂ ਹੋਈ ਸੀ ਪਰ ਹੁਣ ਇਹ ਖੇਤਰੀ ਦਲਾਂ ਅਤੇ ਭਾਜਪਾ ਵਿੱਚ ਵੀ ਪੂਰੀ ਤਰ੍ਹਾਂ ਫੈਲ ਚੁੱਕੀ ਹੈ।
ਸਿਆਸੀ ਨੇਤਾ ਲੋਕ-ਸੇਵਾ ਦਾ ਸੰਕਲਪ ਛੱਡ ਕੇ ਹੁਣ ਨਿਰਾਪੁਰਾ ਸਿਆਸਤ ਕਰਨ ਲੱਗ ਪਏ ਹਨ ਅਤੇ ਸਾਮ, ਦਾਮ, ਦੰਡ ਦੀ ਵਰਤੋਂ ਕਰਦਿਆਂ ਆਪਣੀ ਗੱਦੀ ਨੂੰ ਕਿਸੇ ਵੀ ਕੀਮਤ 'ਤੇ ਹੱਥੋਂ ਨਹੀਂ ਜਾਣ ਦੇ ਰਹੇ।
ਸਿਆਸੀ ਧਿਰਾਂ ਆਪਣੇ ਮੰਤਵ, ਆਪਣੇ ਅਸੂਲ, ਆਪਣੀ ਪਾਰਟੀ ਦੇ ਸੰਵਿਧਾਨ ਨੂੰ ਛਿੱਕੇ ਟੰਗ ਕੇ ਸੀਮਾਂਤ ਵਾਦੀ ਸੋਚ ਨੂੰ ਅਪਨਾ ਚੁੱਕੀਆਂ ਹਨ। ਪਾਰਟੀਆਂ 'ਚ ਆਮ ਪਾਰਟੀ ਵਰਕਰ ਦੀ ਪੁੱਛ-ਗਿੱਛ ਨਹੀਂ ਰਹੀ। ਲੋਕ ਸਾਰੋਕਾਰ ਪਾਰਟੀਆਂ ਦੀ ਪਹਿਲ ਨਹੀਂ ਰਹੇ। ਸਿਰਫ਼ ਤੇ ਸਿਰਫ਼ ਧਨ ਦੌਲਤ ਅਤੇ ਕੁਰਸੀ ਦਾ ਹੀ ਬੋਲ ਬਾਲਾ ਹੋ ਗਿਆ ਹੈ।
ਦੇਸ਼ ਚ ਪਰਿਵਾਰਵਾਦ ਦੀ ਵਧਦੀ ਵੇਲ ਲੋਕ ਕਲਿਆਣ ਤੋਂ ਮੁੱਖ ਮੋੜ ਕੇ ਰਿਸ਼ਵਤ ਦੇ ਦੌਰ 'ਚ ਪੁੱਜ ਚੁੱਕੀ ਹੈ। ਦੇਸ਼ ਭਗਤੀ ਇਮਾਨਦਾਰੀ ਦੇਸ਼ ਦੇ ਨਕਸ਼ੇ ਤੋਂ ਜਿਵੇਂ ਗੁਆਚੀ ਜਾ ਰਹੀ ਹੈ। ਚੋਣਾਂ 'ਚ ਰਿਸ਼ਵਤ ਦਿਓ, ਲੋਕਾਂ ਨੂੰ ਸਾੜੀਆਂ, ਸ਼ਰਾਬ ਵੰਡੋ, ਨਕਦੀ ਖ਼ਾਤਿਆਂ 'ਚ ਪੈਸੇ ਜਮ੍ਹਾਂ ਕਰਵਾਓ, ਵੋਟਾਂ ਲਓ ਅਤੇ ਰਾਜਨੇਤਾ ਬਣ ਜਾਓ।
ਕੁਝ ਹੱਥਾਂ 'ਚ ਦੇਸ਼ ਦੀ ਸਿਆਸਤ ਦਾ ਆਉਣਾ ਹੋਰ ਵੀ ਘਾਤਕ ਹੋ ਰਿਹਾ ਹੈ। ਜਿਹੜਾ ਵੀ ਵਿਅਕਤੀ ਰਾਜ-ਭਾਗ ਸੰਭਾਲਦਾ ਹੈ, ਉਸਦੇ ਦੁਆਲੇ ਚੰਡਾਲ-ਚੌਂਕੜੀ ਇਕੱਠੀ ਹੁੰਦੀ ਹੈ, ਜੋ ਉਸ ਨੇਤਾ ਨੂੰ 'ਮਹਾਨ ਗਰਦਾਨਦੀ' ਹੈ ਅਤੇ ਆਪਣੀ ਸਵਾਰਥ ਸਿੱਧੀ ਕਰਦੀ ਹੈ।
ਪਰਿਵਾਰਵਾਦ ਦੇਸ਼ ਵਿੱਚ ਲੋਕਤੰਤਰ ਨੂੰ ਘੁਣ ਵਾਂਗ ਖਾ ਰਿਹਾ ਹੈ। ਇਸ ਨਾਲ ਇਹੋ ਜਿਹੀਆਂ ਅਲਾਮਤਾਂ ਦੇਸ਼ 'ਚ ਫੈਲ ਗਈਆਂ ਹਨ ਕਿ ਦੇਸ਼ ਚ ਲਗਾਤਾਰ ਨੈਤਿਕ ਨਿਘਾਰ ਤਾਂ ਆ ਹੀ ਰਿਹਾ ਹੈ, ਆਰਥਿਕ ਮੰਦੀ, ਗੁਰਬਤ, ਬੇਰੁਜ਼ਗਾਰੀ ਰਿਸ਼ਵਤਖੋਰੀ ਸਿਖ਼ਰਾਂ 'ਤੇ ਪੁੱਜ ਰਹੀ ਹੈ।
ਭਾਈ-ਭਤੀਜਾਵਾਦ ਸਿਆਸੀ ਦਲਾਂ ਵਿੱਚ ਸੱਤਾ ਦੇ ਕੇਂਦਰੀਕਰਨ ਦਾ ਫੈਲਾਅ ਪੈਦਾ ਕਰ ਰਿਹਾ ਹੈ, ਜਿਸ ਨਾਲ ਆਮ ਲੋਕ ਸਿਆਸਤ ਤੋਂ ਦੂਰ ਹੋ ਰਹੇ ਹਨ। ਇਸ ਸਥਿਤੀ ਉੱਤੇ ਜੇਕਰ ਕਾਬੂ ਨਹੀਂ ਪਾਇਆ ਜਾਂਦਾ ਤਾਂ ਦੇਸ਼ ਦਾ ਵੋਟਰ ਸਿਰਫ ਖਾਮੋਸ਼ ਦਰਸ਼ਕ ਤੱਕ ਸੀਮਤ ਹੋ ਜਾਏਗਾ। ਜੋ ਦੇਸ਼ ਚ ਵੱਡੀ ਅਰਾਜਕਤਾ ਦਾ ਕਾਰਨ ਬਣੇਗਾ।

-
-ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
-9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.