ਨਸ਼ਾ
ਬੰਤ ਸਿੰਘ ਦਾ ਭਰਾ ਜ਼ੇਲ੍ਹ ਵਿੱਚ ਸੀ ਉਹ ਆਪਣੇ ਭਰਾ ਨੂੰ ਮਿਲਣ ਪਿੰਡ ਤੋਂ ਸਵੱਖਤੇ ਹੀ ਤੁਰ ਪਿਆ ਸੀ। ਸਾਰੇ ਰਾਹ ਉਹ ਆਪਣੇ ਭਰਾ ਦੇ ਪਰਿਵਾਰ ਬਾਰੇ ਅਤੇ ਉਸਦੀ ਜਵਾਨ ਹੋਈ ਬੇਟੀ ਦੇ ਵਿਆਹ ਬਾਰੇ ਸੋਚ ਰਿਹਾ ਸੀ। ਇਨ੍ਹਾਂ ਸੋਚਾ ਨਾਲ ਹੀ ਉਹ ਜੇਲ੍ਹ ਪਹੁੰਚ ਗਿਆ।
ਉਹ ਪਹਿਲੀ ਵਾਰ ਜ਼ੇਲ੍ਹ ਆਇਆ ਸੀ ਉਥੇ ਕਿਸ ਤਰ੍ਹਾਂ ਭਰਾ ਨੂੰ ਮਿਲਣਾ ਹੈ ਕੁਝ ਨਹੀਂ ਸੀ ਪਤਾ। ਉਸਨੇ ਦੇਖਿਆ ਕਿ ਉਥੇ ਬਹੁਤ ਸਾਰੇ ਲੋਕ ਮਿਲਣ ਲਈ ਬੈਠੇ ਸਨ। ਉੱਥੇ ਕੁਝ ਪਰਵਾਸੀ ਬੈਠੇ ਸਨ ਜਿਨ੍ਹਾਂ ਨੇ ਮੈਲੈ ਕੁਚੈਲੇ ਕੱਪੜੇ ਪਾਏ ਹੋਏ ਸਨ ਅਤੇ ਪੈਰਾਂ ਵਿੱਚ ਚੱਪਲਾਂ ਪਾਈਆਂ ਹੋਈਆਂ ਸਨ।
ਬੰਤ ਸਿੰਘ ਇੱਕ ਹਾਲ ਵਿੱਚ ਚਲਾ ਗਿਆ ਜੂਨ ਦਾ ਮਹੀਨਾਂ ਹੋਣ ਕਰਕੇ ਉੱਥੇ ਬਹੁਤ ਗਰਮੀ ਸੀ। ਕੁਝ ਨਵ-ਵਿਆਹੀਆਂ ਮੁਟਿਆਰਾ ਵੀ ਮੁਲਾਕਾਤ ਲਈ ਆਈਆ ਸਨ। ਕਈ ਔਰਤਾਂ ਆਪਣੇ ਛੋਟੇ ਬੱਚਿਆ ਨੂੰ ਨਾਲ ਲੈ ਕੇ ਮੁਲਾਕਾਤ ਲਈ ਆਈਆਂ ਸਨ। ਭੀੜ ਬਹੁਤ ਹੋਣ ਕਾਰਨ ਕਮਰੇ ਵਿੱਚ ਉਸ ਨੂੰ ਘਬਰਾਹਟ ਹੋਈ ਉਹ ਬਾਹਰ ਨਿਕਲ ਆਇਆ। ਗੇਟ ਦੇ ਬਾਹਰ ਇੱਕ 25-26 ਸਾਲਾਂ ਦੀ ਕੁੜੀ ਬੈਠੀ ਸੀ। ਉਸ ਨੇ ਚਿੱਟੇ ਰੰਗ ਦੀ ਟੀ-ਸ਼ਰਟ ਅਤੇ ਕਾਲੇ ਰੰਗ ਦੀ ਪੈਂਟ ਪਾਈ ਹੋਈ ਸੀ। ਕੁੜੀ ਦੀਆਂ ਅੱਖਾ ਮੋਟੀਆਂ ਸਨ ਅਤੇ ਨੱਕ ਵਿੱਚ ਬਰੀਕ ਜਿਹਾ ਕੋਕਾ ਪਾਇਆ ਹੋਇਆ ਸੀ। ਵਾਲਾ ਦਾ ਉਸ ਨੇ ਜੂੜਾ ਬਣਾਇਆ ਹੋਇਆ ਸੀ। ਉਸ ਦੇ ਹੱਥ ਵਿੱਚ ਲਫਾਫਾ ਸੀ ਜਿਸ ਵਿੱਚ ਕਾਗਜ਼ ਸਨ।
“ਮੇਰਾ ਭਰਾ ਇੱਥੇ ਜ਼ੇਲ੍ਹ ਵਿੱਚ ਬੰਦ ਹੈ, ਮੁਲਾਕਾਤ ਕਰਨੀ ਹੈ ਪੁੱਤ ਕਿਸ ਤਰ੍ਹਾਂ ਹੋਵੇਗੀ ਮੁਲਾਕਾਤ” ਬੰਤ ਸਿੰਘ ਨੇ ਉਸ ਕੁੜੀ ਨੂੰ ਪੁੱਛਿਆ।
ਅੰਕਲ ਜੀ ਆਹ ਕਮਰੇ ਦੇ ਪਿਛਲੇ ਪਾਸੇ ਇੱਕ ਹੋਰ ਕਮਰਾ ਹੈ ਉੱਥੇ ਚਲੇ ਜਾਓ ਤੇ ਉੱਥੇ ਬੈਠੇ ਕਰਮਚਾਰੀਆਂ ਨੂੰ ਆਪਣਾ ਆਧਾਰ ਕਾਰਡ ਦਿਖਾ ਕੇ ਆਪਣਾ ਨਾਮ ਦਰਜ਼ ਕਰਵਾ ਲਓ।
ਬੰਤ ਸਿੰਘ ਨੇ ਕੁੜੀ ਦੇ ਦੱਸੇ ਅਨੁਸਾਰ ਆਪਣਾ ਆਧਾਰ ਕਾਰਡ ਦਿਖਾ ਦਿੱਤਾ। ਉੱਥੇ ਬੈਠੇ ਪੁਲਿਸ ਕਰਮਚਾਰੀ ਨੇ ਸਾਰਾ ਕੁਝ ਚੈੱਕ ਕਰਕੇ ਤਸੱਲੀ ਹੋਣ ਤੇ ਉਸ ਦੀ ਬਾਹ ਤੇ ਮੋਹਰ ਲਗਾ ਦਿੱਤੀ। ਬਾਹਰ ਧੁੱਪ ਹੋਣ ਕਾਰਨ ਉਹ ਵਾਪਸ ਆ ਕੇ ਫਿਰ ਕੁੜੀ ਕੋਲ ਆ ਕੇ ਖੜ੍ਹ ਗਿਆ।
“ਪੁੱਤ ਤੂੰ ਕਿਵੇਂ ਆਈ ਐ ਇਥੇ? ਦੇਖਣ ਨੂੰ ਤਾਂ ਤੂੰ ਕਿਸੇ ਚੰਗੇ ਘਰ ਦੀ ਧੀ ਲਗਦੀ ਏ” ਬੰਤ ਸਿੰਘ ਨੇ ਕੁੜੀ ਤੋਂ ਪੁੱਛਿਆ
“ਅੰਕਲ ਮੇਰਾ ਭਾਈ ਹੈ ਇਥੇ” ਕੁੜੀ ਨੇ ਕਿਹਾ।
“ਕਿਉ ਉਸ ਨੇ ਕੀ ਕੀਤਾ ਹੈ?” ਬੰਤ ਸਿੰਘ ਨੇ ਫਿਰ ਪੁੱਛਿਆ।
“ਐਨ.ਡੀ.ਪੀ.ਐਸ ਕੇਸ ਵਿੱਚ ਅੰਦਰ ਹੈ” ਕੁੜੀ ਨੇ ਉੱਤਰ ਦਿੱਤਾ।
“ਉਹ ਕੀ ਹੁੰਦਾ ਹੈ” ਬੰਤ ਸਿੰਘ ਨੇ ਕਿਹਾ।
“ਨਸ਼ੇ ਦੇ ਕੇਸ ਵਿੱਚ” ਕੁੜੀ ਨੇ ਕਿਹਾ।
ਕੁੜੀ ਦੱਸਣ ਲੱਗੀ ਕਿ ਮੇਰਾ ਭਰਾ ਗੋਰਾ-ਚਿੱਟਾ ਸਾਡੇ ਛੇ ਫੁੱਟ ਦਾ ਹੈ। ਉਸ ਦੀ ਉਮਰ 22 ਸਾਲ ਦੀ ਹੈ। ਉਸ ਦੇ ਦੋਸਤਾ ਨੇ ਉਸ ਨੂੰ ਨਸ਼ਾ ਕਰਨ ਲਾ ਦਿੱਤਾ। ਮੇਰੇ ਡੈਡੀ ਵੀ ਮੇਰੇ ਇੱਕੋ ਭਰਾ ਦੀ ਬਹੁਤ ਚਿੰਤਾ ਕਰਦੇ ਸੀ ਅਤੇ ਇਸੇ ਗਮ ਕਰਕੇ ਉਹ ਪਿਛਲੇ ਸਾਲ ਚੱਲ ਵਸੇ। ਐਤਕੀ ਮੇਰਾ ਭਰਾ ਤੀਜੀ ਵਾਰ ਫੜਿਆ ਗਿਆ ਹੈ। ਜਦੋਂ ਪਿਛਲੀ ਵਾਰੀ ਜ਼ੇਲ੍ਹ ਤੋਂ ਲੈ ਕੇ ਗਏ ਸੀ ਤਾਂ ਇਸ ਨੇ ਕੰਨਾਂ ਨੂੰ ਹੱਥ ਲਾਏ ਸੀ ਵੀ ਮੈਂ ਆਪਣੇ ਦੋਸਤਾ ਕੋਲ ਨਹੀਂ ਜਾਵਾਗਾਂ। ਪਹਿਲਾ-ਪਹਿਲਾ ਤਾਂ ਘਰ ਹੀ ਰਿਹਾ ਫਿਰ ਘਰੋਂ ਭੱਜ ਗਿਆ ਤੇ ਦੋਸਤਾਂ ਨਾਲ ਰਹਿਣ ਲੱਗ ਪਿਆ। ਉਸ ਦਾ ਜਨਮ ਦਿਨ ਸੀ ਅਸੀ ਉਸ ਦੇ ਜਨਮ ਦਿਨ ਨੂੰ ਮਨਾਉਣ ਦੀ ਤਿਆਰੀ ਕਰ ਰਹੇ ਸੀ। ਜਦੋਂ ਮੰਮੀ ਨੇ ਉਸ ਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਆ ਰਿਹਾ ਸੀ। ਮੇਰਾ ਤੇ ਮੰਮੀ ਦਾ ਮੱਥਾ ਉਦੋਂ ਹੀ ਠਣਕ ਗਿਆ ਸੀ। ਕੀ ਕੀਤੇ ਉਹ ਫੜਿਆ ਨਾ ਗਿਆ ਹੋਵੇ। ਕਾਫੀ ਸਮੇਂ ਬਾਅਦ ਸਾਨੂੰ ਪਤਾ ਲੱਗਿਆ ਕਿ ਉਹ ਜ਼ੇਲ੍ਹ ਵਿੱਚ ਬੰਦ ਹੈ। ਉਸ ਨੇ ਮੰਮੀ ਨੂੰ ਫੋਨ ਕਰਕੇ ਦੱਸਿਆ ਕਿ ਮੈਂ ਜ਼ੇਲ੍ਹ ਵਿੱਚ ਹਾ। ਕਈ ਵਕੀਲਾਂ ਨਾਲ ਉਸ ਨੂੰ ਜ਼ੇਲ੍ਹ ਵਿੱਚੋਂ ਛੁਡਵਾਉਣ ਲਈ ਗੱਲ ਚੱਲ ਰਹੀ ਹੈ।
ਮੈਂ ਸੋਚਿਆ ਸੀ ਕਿ ਅਸੀ ਹੁਣ ਨਹੀਂ ਉਸ ਨੂੰ ਛੁਡਵਾਉਣਾ ਪਰ ਕੀ ਕਰਾਂ ਮਾਂ ਜਾਇਆ ਹੈ, ਛੱਡ ਵੀ ਨਹੀਂ ਸਕਦੇ।
“ਤੇਰਾ ਵਿਆਹ ਹੋ ਗਿਆ ਹੈ ਪੁੱਤ” ਬੰਤ ਸਿੰਘ ਨੇ ਪੁਛਿਆ
“ਭਰਾ ਦੇ ਨਸ਼ਿਆ ਕਰਕੇ ਕੋਈ ਮੁੰਡਾ ਵੀ ਉਸ ਨਾਲ ਵਿਆਹ ਕਰਾਉਣ ਲਈ ਤਿਆਰ ਨਹੀਂ ਹੈ।” ਉਹ ਕਹਿਣ ਲੱਗੀ।
“ਘਰ ਚ ਕੋਈ ਹੋਰ ਕਮਾਉਣ ਵਾਲਾ ਨਹੀਂ?” “ਤੁਹਾਡਾ ਗੁਜਾਰਾ ਕਿਵੇਂ ਚਲਦਾ ਹੈ?” ਬੰਤ ਸਿੰਘ ਨੇ ਪੁਛਿਆ।
ਸਾਰੇ ਰਿਸ਼ਤੇਦਾਰ ਮੂੰਹ ਮੋੜ ਗਏ ਹਨ। ਜਾਤ ਤੋਂ ਅਸੀ ਬ੍ਰਹਮਣ ਹਾ। ਬਾਪ ਦੀ ਇੱਕ ਦੁਕਾਨ ਹੈ, ਜਿਸ ਦੇ ਕਿਰਾਏ ਨਾਲ ਘਰ ਦਾ ਗੁਜ਼ਾਰਾ ਚਲਦਾ ਹੈ। ਮਾਂ ਵੀ ਭਰਾ ਦੀ ਚਿੰਤਾ ਕਰਕੇ ਸਾਰਾ ਦਿਨ ਮੰਜੇ ਤੇ ਪਈ ਰਹਿੰਦੀ ਹੈ। ਮੈਂ ਹਰ ਹਫ਼ਤੇ ਭਰਾ ਨੂੰ ਮਿਲਣ ਆਉਣੀ ਹਾ, ਹੁਣ ਉਹ ਤੋਬਾ ਕਰਦਾ ਹੈ ਕਿ ਮੈਨੂੰ ਛੁਡਾ ਲਵੋ, ਅੱਗੇ ਤੋਂ ਕਿਸੇ ਦੋਸਤ ਕੋਲ ਨਹੀਂ ਜਾਵਾਗਾ।
ਉਸ ਨੇ ਕਈ ਸੁਨੇਹੇ ਭੇਜੇ ਕਿ ਮੈਨੂੰ ਬਾਹਰ ਕੱਢ ਲਵੋ। ਜਿਵੇਂ ਤੁਸੀ ਕਹੋਗੇ ਮੈਂ ਤੁਹਾਡੇ ਅਨੁਸਾਰ ਹੀ ਜ਼ਿੰਦਗੀ ਜਿਉਗਾਂ। ਇਸ ਨੂੰ ਬਾਹਰ ਕੱਢਣ ਲਈ ਕੋਸ਼ਿਸ਼ ਕਰਾਂਗੇ ਜੇ ਬੰਦਾ ਬਣੂ ਹੁਣ।
ਇੰਨੇ ਨੂੰ ਸਪੀਕਰ ਵਿੱਚ ਆਪਣੇ ਭਰਾ ਦਾ ਨਾਮ ਸੁਣ ਕੇ ਮੁਲਾਕਾਤ ਲਈ ਆਈ ਕੁੜੀ ਗੱਲਾਂ ਕਰਦੀ ਕਰਦੀ ਇੱਕਦਮ ਪੀ.ਟੀ.ਊਸ਼ਾ ਵਾਂਗ ਦੌੜ ਗਈ।
*ਦਵਿੰਦਰ ਕੌਰ ਥਿੰਦ*
*8427833552*
davinderaujla2013@gmail.com

-
ਦਵਿੰਦਰ ਕੌਰ ਥਿੰਦ, writer
davinderaujla2013@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.