ਹੰਡੇਸਰਾ ਪੁਲਿਸ ਨੇ ਟਰੈਫਿਕ ਨਿਯਮਾਂ ਅਤੇ ਨਸ਼ਿਆਂ ਖਿਲਾਫ਼ ਜਾਗਰੂਕਤਾ ਕੈਂਪ ਲਾਇਆ
ਮਲਕੀਤ ਸਿੰਘ ਮਲਕਪੁਰ
ਲਾਲੜੂ 30 ਅਕਤੂਬਰ 2025: ਟਰੈਫ਼ਿਕ ਪੁਲਿਸ ਹੰਡੇਸਰਾ ਵੱਲੋਂ ਐਸਐਸਪੀ ਮੋਹਾਲੀ ਹਰਮਨ ਹੰਸ, ਐਸਪੀ ਟਰੈਫ਼ਿਕ ਨਵਦੀਪ ਸਿੰਘ ਮੱਲ, ਡੀਐਸਪੀ ਟਰੈਫ਼ਿਕ ਕਰਨੈਲ ਸਿੰਘ, ਡੀਐਸਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੇ ਦਿਸਾ -ਨਿਰਦੇਸਾਂ ਤਹਿਤ ਟਰੈਫ਼ਿਕ ਪੁਲਿਸ ਹੰਡੇਸਰਾ ਦੇ ਇਚਾਰਜ ਏਐਸਆਈ ਦਲੀਪ ਸਿੰਘ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡੇਸਰਾ ਵਿਖੇ ਟਰੈਫਿਕ ਨਿਯਮਾਂ ਅਤੇ ਨਸ਼ਿਆਂ ਦੀ ਰੋਕਥਾਮ ਸਬੰਧੀ ਜਾਗਰੂਕ ਕੈਂਪ ਲਗਾਇਆ ਗਿਆ, ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਹਿੱਸਾ ਲਿਆ। ਹੰਡੇਸਰਾ ਟਰੈਫ਼ਿਕ ਪੁਲਿਸ ਦੇ ਇੰਚਾਰਜ ਦਲੀਪ ਸਿੰਘ ਨੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਿਨਾਂ ਲਾਈਸੈਂਸ ਤੋਂ ਦੋ ਜਾਂ ਚਾਰ ਪਹੀਆ ਵਾਹਨ ਨਹੀਂ ਚਲਾਉਣਾ ਚਾਹੀਦਾ ਤੇ ਸੜਕ ਉੱਤੇ ਚਲਦੇ ਸਮੇਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਲੰਘ ਰਹੀ ਆਵਾਜਾਈ ਵਿੱਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਦੱਸਿਆ ਕਿ ਸਾਨੂੰ ਚਾਰ ਪਹੀਆ ਵਾਹਨ ਵਿੱਚ ਸੀਟ ਬੈਲਟ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਮੋਟਰਸਾਇਕਲ ਜਾਂ ਗੱਡੀ ਚਲਾਉਣ ਵੇਲੇ ਮੋਬਾਇਲ ਸੁਣਨ ਜਾਂ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ, ਕਿਉਂਕਿ ਮੋਬਾਇਲ ਚਲਾਉਣ ਨਾਲ ਸੜਕ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਵਾਲੇ ਵਿਦਿਆਰਥੀ ਨੂੰ ਵਾਹਨ ਨਹੀਂ ਚਲਾਉਣਾ ਚਾਹੀਦਾ। ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਅਨੂੰ ਬਾਹੀਆ ਵੱਲੋਂ ਟਰੈਫ਼ਿਕ ਇੰਚਾਰਜ ਦਲੀਪ ਸਿੰਘ ਤੇ ਨਾਲ ਆਈ ਪੁਲਿਸ ਟੀਮ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਸੜਕੀ ਨਿਯਮਾਂ ਦੀ ਪਾਲਣਾ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਏਐਸਆਈ ਗੁਰਮੀਤ ਸਿੰਘ ਅਤੇ ਸਕੂਲ ਅਧਿਆਪਕਾ ਰੁਪਿੰਦਰ ਕੌਰ ਸਮੇਤ ਸਮੁੱਚਾ ਸਟਾਫ ਹਾਜ਼ਰ ਸੀ।