ਪਟੇ ਉੱਤੇ ਲਈਆਂ ਸਰਕਾਰੀ ਜ਼ਮੀਨਾਂ ਦੇ ਹੜ੍ਹ ਪੀੜਤ ਕਿਸਾਨਾਂ ਨੇ DC ਨੂੰ ਦਿੱਤਾ ਮੰਗ ਪੱਤਰ
ਕੇਂਦਰ ਸਰਕਾਰ ਅਤੇ ਪੰਚਾਇਤੀ ਜ਼ਮੀਨਾਂ ਵਾਲੇ ਹੜ੍ਹ ਪੀੜਤ ਕਿਸਾਨਾਂ ਨੂੰ ਪੰਜਾਬ ਸਰਕਾਰ ਮੁਆਵਜ਼ੇ ਦੇ ਹੱਕਦਾਰ ਬਣਾਵੇ
ਰੋਹਿਤ ਗੁਪਤਾ
ਗੁਰਦਾਸਪੁਰ, 30 ਅਕਤੂਬਰ 2025- ਹੜ੍ਹਾਂ ਦੌਰਾਨ ਦਰਿਆ ਰਾਵੀ ਨੇੜਲੇ ਕਿਸਾਨਾਂ ਨੂੰ ਪੀੜਤ ਹੋਣ ਕਾਰਨ ਵੰਡੇ ਗਏ ਮੁਆਵਜ਼ੇ ਤੋਂ ਸਰਕਾਰੀ ਜ਼ਮੀਨ ਵਾਲੇ ਕਿਸਾਨ ਵਾਂਝੇ ਰਹਿ ਗਏ ਹਨ । ਪਟੇ ਉੱਤੇ ਲੈ ਕੇ ਸਰਕਾਰੀ ਜ਼ਮੀਨ ਉੱਤੇ ਕਾਸ਼ਤ ਕਰਨ ਵਾਲੇ ਕਿਸਾਨ ਬਹੁਤ ਦੁਖੀ ਅਤੇ ਪ੍ਰੇਸ਼ਾਨ ਹਨ । ਇਹ ਗੱਲ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਮੁੱਖ ਆਗੂ ਬਲਬੀਰ ਸਿੰਘ ਰੰਧਾਵਾ ਨੇ ਸਾਥੀਆਂ ਸਮੇਤ ਅੱਜ ਡੀ. ਸੀ. ਗੁਰਦਾਸਪੁਰ ਨੂੰ ਮੰਗ ਪੱਤਰ ਦੇਣ ਮੌਕੇ ਕਹੀ । ਉਨ੍ਹਾਂ ਕਿਹਾ ਕਿ ਭਾਰੀ ਬਰਸਾਤ ਕਾਰਨ ਦਰਿਆ ਰਾਵੀ ਕੰਢੇ ਪ੍ਰਭਾਵਿਤ ਹੋਏ ਕਿਸਾਨਾਂ ਨੂੰ ਹੜ੍ਹ ਪੀੜਤ ਐਲਾਨ ਕੇ ਉਨ੍ਹਾਂ ਨੂੰ ਰਾਹਤ ਸਮਗਰੀ ਅਤੇ ਹੋਰ ਸਹਾਇਤਾ ਦਿੱਤੀ ਜਾ ਰਹੀ ਹੈ ਪਰ ਕੇਂਦਰ ਸਰਕਾਰ, ਪੰਚਾਇਤੀ, ਵਕਫ਼ ਬੋਰਡ, ਸ਼੍ਰੋਮਣੀ ਕਮੇਟੀ ਤੇ ਹੋਰ ਅਦਾਰਿਆਂ ਦੀਆਂ ਪਟੇ ਉੱਤੇ ਲਈਆਂ ਜ਼ਮੀਨਾਂ ਦੇ ਕਾਸ਼ਤਕਾਰਾਂ ਨੂੰ ਹੜ੍ਹ ਪੀੜਤਾਂ ਵਾਲੀਆਂ ਸਹੂਲਤਾਂ ਤੋਂ ਵਾਂਝੇ ਰੱਖਿਆ ਗਿਆ ਹੈ । ਉਨ੍ਹਾਂ ਕਿਹਾ ਕਿ ਪਟੇ ਉੱਤੇ ਲਈ ਜ਼ਮੀਨ ਵਿੱਚ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਅਜਿਹੀ ਹਾਲਤ ਵਿੱਚ ਦੋਹਰੀ ਮਾਰ ਪੈਂਦੀ ਹੈ। ਅਜਿਹੀ ਹਾਲਤ ਵਿੱਚ ਉਨ੍ਹਾਂ ਨੂੰ ਬਾਕੀ ਕਿਸਾਨਾਂ ਦੇ ਮੁਕਾਬਲੇ ਹੋਰ ਵੀ ਵੱਡੇ ਆਰਥਿਕ ਘਾਟਿਆਂ ਵਿਚੋਂ ਲੰਘਣਾ ਪੈਂਦਾ ਹੈ । ਦੂਸਰੇ ਪਾਸੇ ਅਕਸਰ ਹੀ ਸਰਕਾਰਾਂ ਅਜਿਹੇ ਪੀੜਤ ਕਿਸਾਨਾਂ ਨੂੰ ਕੋਈ ਬਣਦੀ ਰਾਹਤ ਨਾ ਦੇ ਕੇ ਉਨ੍ਹਾਂ ਨਾਲ ਬੇਇਨਸਾਫ਼ੀ ਕਰਦੀਆਂ ਹਨ । ਅਜਿਹੇ ਕਿਸਾਨਾਂ ਵੱਲੋਂ ਹੱਕ ਮੰਗਣ ਲਈ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਵਿੱਚ ਇੱਕ ਵਫ਼ਦ ਡੀ.ਸੀ. ਗੁਰਦਾਸਪੁਰ ਨੂੰ ਮਿਲਿਆ ਅਤੇ ਉਨ੍ਹਾਂ ਨੇ ਕਿਸਾਨੀ ਮੰਗਾਂ ਤੋਂ ਜਾਣੂ ਕਰਵਾਉਣ ਲਈ ਵਿਸ਼ੇਸ਼ ਮੰਗ ਪੱਤਰ ਸੌਂਪਿਆ ਗਿਆ ਹੈ । ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਵੀ ਬਣਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ । ਇਸ ਮੌਕੇ ਹਰਜੀਤ ਸਿੰਘ ਠੇਠਰਕੇ ,ਜੋਗਿੰਦਰ ਸਿੰਘ ਖੰਨਾ ਚਮਾਰਾਂ, ਚਮਨ ਮਸੀਹ ਲੱਖੋਵਾਲ, ਸਰਬਜੀਤ ਸਿੰਘ ਤਲਵੰਡੀ ਹਿੰਦੂਆਂ, ਸਤਬੀਰ ਸਿੰਘ ਖੋਦੇ ਬੇਟ, ਪ੍ਰਭਜੋਤ ਸਿੰਘ ਬਹਿਲੋਲਪੁਰ , ਅਮਰੀਕ ਸਿੰਘ ਕੋਟ ਮੌਲਵੀ, ਵੱਸਣ ਸਿੰਘ ਮੁਸਤਰਾਪੁਰ , ਡਾਕਟਰ ਜਸਵੰਤ ਸਿੰਘ ਮੰਗੀਆਂ, ਮਿਹਰ ਸਿੰਘ ਮਨਸੂਰ ਅਤੇ ਨਰਿੰਦਰ ਸਿੰਘ ਤਲਵੰਡੀ ਹਿੰਦੂਆਂ ਆਦਿ ਹਾਜ਼ਰ ਸਨ ।