ਸਿੰਗਰ Rajvir Jawanda ਦੀ ਅੱਜ ਅੰਤਿਮ ਅਰਦਾਸ
ਬਾਬੂਸ਼ਾਹੀ ਬਿਊਰੋ
ਲੁਧਿਆਣਾ/ਪੌਣਾ, 17 ਅਕਤੂਬਰ, 2025: ਪੰਜਾਬੀ ਸੰਗੀਤ ਜਗਤ ਦੇ ਚਮਕਦੇ ਸਿਤਾਰੇ, ਰਾਜਵੀਰ ਜਵੰਦਾ ਨੂੰ ਅੱਜ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਜਾਵੇਗੀ। ਰਾਜਵੀਰ ਦੀ ਆਤਮਿਕ ਸ਼ਾਂਤੀ ਲਈ ਭੋਗ ਅਤੇ ਅੰਤਿਮ ਅਰਦਾਸ ਦਾ ਸਮਾਗਮ ਅੱਜ ਉਨ੍ਹਾਂ ਦੇ ਜੱਦੀ ਪਿੰਡ ਪੌਣਾ (ਤਹਿਸੀਲ ਜਗਰਾਉਂ, ਲੁਧਿਆਣਾ) ਵਿਖੇ ਰੱਖਿਆ ਗਿਆ ਹੈ। ਇਹ ਧਾਰਮਿਕ ਸਮਾਗਮ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲੇਗਾ, ਜਿਸ ਵਿੱਚ ਪੰਜਾਬੀ ਸੰਗੀਤ ਅਤੇ ਫ਼ਿਲਮ ਇੰਡਸਟਰੀ ਦੀਆਂ ਕਈ ਵੱਡੀਆਂ ਹਸਤੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਜਵੰਦਾ ਦੇ ਪਰਿਵਾਰ ਨੇ ਸਾਰੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਨੂੰ ਇਸ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਵਿਛੜੀ ਰੂਹ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਹੈ।
11 ਦਿਨ ਲੜੀ ਜ਼ਿੰਦਗੀ ਦੀ ਜੰਗ
ਜ਼ਿਕਰਯੋਗ ਹੈ ਕਿ 35 ਸਾਲਾ ਰਾਜਵੀਰ ਜਵੰਦਾ 27 ਸਤੰਬਰ ਨੂੰ ਪੰਚਕੂਲਾ ਦੇ ਪਿੰਜੌਰ ਵਿੱਚ ਇੱਕ ਦਰਦਨਾਕ ਬਾਈਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ (Fortis Hospital) ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਹ 11 ਦਿਨਾਂ ਤੱਕ ਵੈਂਟੀਲੇਟਰ 'ਤੇ ਜ਼ਿੰਦਗੀ ਅਤੇ ਮੌਤ ਵਿਚਾਲੇ ਜੰਗ ਲੜਦੇ ਰਹੇ। ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਡਾਕਟਰ ਉਨ੍ਹਾਂ ਨੂੰ ਬਚਾ ਨਹੀਂ ਸਕੇ ਅਤੇ 8 ਅਕਤੂਬਰ ਦੀ ਸਵੇਰ ਉਨ੍ਹਾਂ ਨੇ ਆਖਰੀ ਸਾਹ ਲਿਆ।
ਪੁਲਿਸ ਜਾਂਚ 'ਚ ਹੋਇਆ ਵੱਡਾ ਖੁਲਾਸਾ
ਇਸ ਦੌਰਾਨ, ਪੰਚਕੂਲਾ ਪੁਲਿਸ ਨੇ ਜਵੰਦਾ ਦੀ ਮੌਤ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ 'ਤੇ ਰੋਕ ਲਗਾ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਸੀ ਕਿ ਜਵੰਦਾ ਦੀ ਬਾਈਕ ਨੂੰ ਇੱਕ ਬੋਲੈਰੋ ਗੱਡੀ ਨੇ ਟੱਕਰ ਮਾਰੀ ਸੀ, ਪਰ ਪੁਲਿਸ ਨੇ ਇਸ ਨੂੰ ਖਾਰਜ ਕਰ ਦਿੱਤਾ ਹੈ। ਜਾਂਚ ਅਧਿਕਾਰੀ ਅਨੁਸਾਰ, ਚਸ਼ਮਦੀਦਾਂ ਨੇ ਪੁਸ਼ਟੀ ਕੀਤੀ ਹੈ ਕਿ ਹਾਦਸਾ ਕਿਸੇ ਗੱਡੀ ਨਾਲ ਨਹੀਂ, ਸਗੋਂ ਬਾਈਕ ਦੇ ਸਾਹਮਣੇ ਅਚਾਨਕ ਇੱਕ ਗਾਂ ਆ ਜਾਣ ਕਾਰਨ ਹੋਇਆ ਸੀ। ਪੁਲਿਸ ਨੇ ਸਾਫ਼ ਕੀਤਾ ਹੈ ਕਿ ਘਟਨਾ ਸਮੇਂ ਉੱਥੇ ਕੋਈ ਬੋਲੈਰੋ ਗੱਡੀ ਮੌਜੂਦ ਨਹੀਂ ਸੀ।