ਮਿਸ਼ਨ ਪੁਨਰਵਾਸ ਤਹਿਤ ਮਾਨ ਸਰਕਾਰ ਨੇ ਨਿਭਾਇਆ ਵਾਅਦਾ, ਸਿਰਫ 30 ਦਿਨਾਂ ਵਿੱਚ ਸਭ ਤੋਂ ਵੱਧ ਮੁਆਵਜ਼ਾ ਦੇ ਕੇ ਰਚਿਆ ਇਤਿਹਾਸ: ਬਰਿੰਦਰ ਗੋਇਲ
ਕਿਹਾ, ਦਰਿਆਵਾਂ ਦੀ ਕਰਵਾਈ ਜਾਵੇਗੀ ਜਲਦ ਸਫਾਈ
ਅਜਨਾਲਾ ਅਤੇ ਰਾਜਸਾਂਸੀ ਦੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੀ ਕੀਤੀ ਵੰਡ
ਕੇਂਦਰ ਸਰਕਾਰ ਨੇ ਪੰਜਾਬ ਦੇ ਜਖਮਾਂ 'ਤੇ ਛਿੜਕਿਆ ਲੂਣ
ਦੇਸ਼ ਵਿੱਚ ਪਹਿਲੀ ਵਾਰ ਕਿਸਾਨਾਂ ਨੂੰ ਪ੍ਰਤੀ ਏਕੜ 20,000 ਰੁਪਏ ਮੁਆਵਜ਼ਾ ਦਿੱਤਾ ਗਿਆ: ਧਾਲੀਵਾਲ
ਅੰਮ੍ਰਿਤਸਰ, 15 ਅਕਤੂਬਰ:
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਵੰਡਣ ਲਈ ਮਿੱਥੀ ਆਪਣੀ 45 ਦਿਨਾਂ ਦੀ ਸਮਾਂ ਹੱਦ ਤੋਂ ਪਹਿਲਾਂ ਕਰੀਬ 30 ਦਿਨਾਂ ਦੇ ਅੰਦਰ-ਅੰਦਰ ਦੀਵਾਲੀ ਤੋਂ ਪਹਿਲਾਂ ਹੜ੍ਹ ਪੀੜਤਾਂ ਨੂੰ ਰਾਹਤ ਰਾਸ਼ੀ ਪ੍ਰਦਾਨ ਕਰਨ ਦਾ ਵਾਅਦਾ ਪੂਰਾ ਕੀਤਾ ਸੀ ਜਿਸ ਨੂੰ ਸਮੇਂ ਤੋਂ ਪਹਿਲਾਂ ਹੀ 13 ਅਕਤੂਬਰ ਨੂੰ ਅਜਨਾਲਾ ਹਲਕੇ ਵਿੱਚ ਪੀੜਤ ਪਰਿਵਾਰਾਂ ਨੂੰ ਮੁਆਵਜਾ ਰਾਸ਼ੀ ਦੀ ਵੰਡ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ੍ਰੀ ਬਰਿੰਦਰ ਕੁਮਾਰ ਗੋਇਲ ਜਲ ਸਪਲਾਈ ਮੰਤਰੀ ਪੰਜਾਬ ਨੇ ਅਜਨਾਲਾ ਐਸ:ਡੀ:ਐਮ ਦਫਤਰ ਵਿਖੇ ਅਜਨਾਲਾ ਹਲਕੇ ਦੇ 28 ਪਰਿਵਾਰਾਂ ਨੂੰ 24 ਲੱਖ ਰੁਪਏ ਦੀ ਮੁਆਵਜਾ ਰਾਸ਼ੀ ਅਤੇ ਰਾਜਾਸਾਂਸੀ ਹਲਕੇ ਦੇ 23 ਪਰਿਵਾਰਾਂ ਨੂੰ 18 ਲੱਖ 41 ਹਜ਼ਾਰ ਰੁਪਏ ਫਸਲਾਂ ਦੇ ਖਰਾਬੇ ਦੀ ਰਾਸ਼ੀ ਵੰਡਣ ਸਮੇਂ ਕੀਤਾ।
ਉਨ੍ਹਾਂ ਕਿਹਾ ਕਿ ਇਤਿਹਾਸ ਦੀ ਇਹ ਪਹਿਲੀ ਸਰਕਾਰ ਹੈ ਜਿਸ ਨੇ ਘੱਟ ਸਮੇਂ ਅੰਦਰ ਹੀ ਕਿਸਾਨਾਂ ਨੂੰ ਮੁਆਵਜਾ ਰਾਸ਼ੀ ਵੰਡਣ ਦਾ ਕੰਮ ਸ਼ੁਰੂ ਕੀਤਾ ਹੈ। ਉਨ੍ਹਾਂ ਦੱਸਿਆ ਕਿ 13 ਅਕਤੂਬਰ ਵਾਲੇ ਦਿਨ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਅਜਨਾਲਾ ਹਲਕੇ ਤੋਂ ਹੀ 631 ਹੜ੍ਹ ਪੀੜਤ ਪਰਿਵਾਰਾਂ ਨੂੰ 5 ਕਰੋੜ 70 ਲੱਖ ਰੁਪਏ ਦੀ ਰਾਸ਼ੀ ਦੇਣ ਦੀ ਰਸਮੀ ਸ਼ੁਰੂਆਤ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਅੱਜ ਦੇ ਦਿਨ ਸਾਡੇ 13 ਕੈਬਨਿਟ ਮੰਤਰੀ ਮਿਸ਼ਨ ਪੁਨਰਵਾਸ ਤਹਿਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰਾਹਤ ਵੰਡਣ ਲਈ ਪੁੱਜੇ ਹਨ।
ਕੈਬਨਿਟ ਮੰਤਰੀ ਗੋਇਲ ਨੇ ਪੀੜਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਲੋਕਾਂ ਦੇ ਹਰ ਦੁੱਖ ਸੁੱਖ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਨੇ ਵਿਰੋਧੀ ਪਾਰਟੀਆਂ ਤੇ ਤੰਜ ਕਸਦਿਆਂ ਕਿਹਾ ਕਿ ਉਹ ਸਿਰਫ ਗੱਲਾਂ ਹੀ ਕਰ ਸਕਦੇ ਹਨ ਜਦ ਕਿ ਉਨ੍ਹਾਂ ਦੀਆਂ ਸਰਕਾਰਾਂ ਵੇਲੇ ਤਾਂ ਲੋਕਾਂ ਨੂੰ ਕੇਵਲ 50 ਰੁਪਏ ਅਤੇ 75 ਰੁਪਏ ਦੀ ਰਾਸ਼ੀ ਦੇ ਚੈਕ ਹੀ ਦਿੱਤੇ ਜਾਂਦੇ ਸਨ ਜਿਸ ਨੂੰ ਲੈਣ ਲਈ ਇਕ ਸਾਲ ਦਾ ਸਮਾਂ ਲੱਗ ਜਾਂਦਾ ਸੀ। ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਤੰਜ ਕਸਦਿਆਂ ਕਿਹਾ ਕਿ ਕੇਂਦਰ ਨੇ ਹਮੇਸ਼ਾ ਹੀ ਪੰਜਾਬ ਨਾਲ ਵਿਤਕਰਾ ਕੀਤਾ ਹੈ ਅਤੇ ਹੁਣ ਵੀ ਹੜ੍ਹਾਂ ਦੀ ਤ੍ਰਸਾਦੀ ਸਮੇਂ ਪੰਜਾਬ ਦੇ ਜਖਮਾਂ 'ਤੇ ਲੂਣ ਹੀ ਛਿੜਕਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ 1600 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ ਅਤੇ ਇਸ ਵਿੱਚੋਂ ਅਜੇ ਇਕ ਰੁਪਏ ਦੀ ਰਾਸ਼ੀ ਵੀ ਨਹੀਂ ਪੁੱਜੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਹਮੇਸ਼ਾ ਹੀ ਦੇਸ਼ ਦੇ ਅਨਾਜ ਭੰਡਾਰਾਂ ਨੂੰ ਭਰਿਆ ਹੈ ਅਤੇ ਪੂਰੇ ਦੇਸ਼ ਨੂੰ ਇਸ ਕਾਬਲ ਬਣਾਇਆ ਕਿ ਦੂਜੇ ਦੇਸ਼ਾਂ ਨੂੰ ਅਨਾਜ ਭੇਜਿਆ ਸਕਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਤਾਂ ਲੋਕਾਂ ਨੂੰ ਮੁਆਵਜ਼ਾ ਦੇਣਾ ਸ਼ੁਰੂ ਵੀ ਕਰ ਦਿੱਤਾ ਹੈ।
ਇਸ ਉਪਰੰਤ ਕੈਬਨਿਟ ਮੰਤਰੀ ਗੋਇਲ ਵੱਲੋਂ ਕਾਰਜਸਾਧਕ ਅਫਸਰ ਨਗਰ ਪੰਚਾਇਤ ਦਫਤਰ ਰਾਜਾਸਾਂਸੀ ਵਿਖੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜਾ ਰਾਸ਼ੀ ਦੀ ਵੰਡ ਕੀਤੀ ਗਈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਦਰਿਆਵਾਂ ਵਿੱਚ 85 ਥਾਵਾਂ ਦੀ ਨਿਸ਼ਾਨਦੇਹੀ ਕੀਤੀ ਹੈ, ਜਿਨ੍ਹਾਂ ਵਿੱਚ ਡੀਸਿਲਟਿੰਗ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਡੀ ਸਰਕਾਰ ਡਿਸਿਟਲਿੰਗ ਦੇ ਕੰਮ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਰੇਕ ਪੀੜਤ ਪਰਿਵਾਰ ਨੂੰ ਖਾਦ ਬੀਜ ਮੁਹੱਈਆ ਕਰਵਾਉਣ ਲਈ ਮਾਨ ਸਰਕਾਰ ਵਚਨਬੱਧ ਹੈ।
ਇਸ ਮੌਕੇ ਹਲਕਾ ਵਿਧਾਇਕ ਅਜਨਾਲਾ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਲੋਕਾਂ ਦਾ ਜੋ ਵੀ ਨੁਕਸਾਨ ਹੋਇਆ ਹੈ ਉਸ ਦੀ ਇਕ ਇਕ ਪਾਈ ਦੀ ਭਰਪਾਈ ਕਰਨ ਲਈ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਹੀ ਸੰਕਟਾਂ ਨੂੰ ਹਰਾਇਆ ਹੈ ਅਤੇ ਹੁਣ ਵੀ ਇਸ ਸੰਕਟ ਦਾ ਮਿਲ ਕੇ ਮੁਕਾਬਲਾ ਕਰਾਂਗੇ। ਸ੍ਰ ਧਾਲੀਵਾਲ ਨੇ ਦੱਸਿਆ ਕਿ ਕੇਂਦਰ ਤਾਂ ਕੇਵਲ 6800 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣ ਦੀ ਗੱਲ ਕਰਦਾ ਹੈ ਜਦ ਕਿ ਸਾਡੀ ਸਰਕਾਰ ਨੇ ਪੀੜਤ ਪਰਿਵਾਰਾਂ ਨੂੰ 20 ਹਜ਼ਾਰ ਪਤੀ ਏਕੜ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅੱਜ ਕੈਬਨਿਟ ਮੰਤਰੀ ਸ੍ਰੀ ਗੋਇਲ ਵੱਲੋਂ ਅਜਨਾਲਾ ਹਲਕੇ ਦੇ 2 ਪਿੰਡ ਕੋਟਲੀ ਜਮੀਤ ਸਿੰਘ ਅਤੇ ਪਿੰਡ ਦਾਦਰਾ ਦੇ ਹੜ੍ਹ ਪੀੜਤ ਪਰਿਵਾਰਾਂ ਨੂੰ ਫਸਲਾਂ ਦੇ ਖਰਾਬੇ ਦੀ ਰਾਸ਼ੀ ਦੀ ਵੰਡ ਕੀਤੀ ਗਈ ਹੈ। ਉਨ੍ਹਾਂ ਨੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਜਿਉਂ ਜਿਉਂ ਸਰਵੇ ਪੂਰਾ ਹੋਵੇਗਾ ਤਿਵੇਂ ਤਿਵੇਂ ਹੀ ਲੋਕਾਂ ਦੇ ਖਾਤਿਆਂ ਵਿੱਚ ਮੁਆਵਜਾ ਰਾਸ਼ੀ ਭੇਜ ਦਿੱਤੀ ਜਾਵੇਗੀ।
ਹਲਕਾ ਰਾਜਾਸਾਂਸੀ ਦੇ ਇੰਚਾਰਜ ਮੈਡਮ ਸੋਨੀਆ ਮਾਨ ਨੇ ਰਾਜਾਸਾਂਸੀ ਵਿਖੇ ਕੈਬਨਿਟ ਮੰਤਰੀ ਗੋਇਲ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਰਾਜਾਸਾਂਸੀ ਹਲਕੇ ਦੇ ਪਿੰਡ ਮੰਝ ਦੇ 23 ਵਿਅਕਤੀਆਂ ਨੂੰ ਫਸਲਾਂ ਦੇ ਖਰਾਬੇ ਦੀ ਰਾਹਤ ਰਾਸ਼ੀ ਦੇ ਸੈਕਸ਼ਨ ਪੱਤਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਕਸ਼ਨ ਪੱਤਰਾਂ ਦੇ ਮਿਲਣ ਤੋਂ ਪਹਿਲਾਂ ਹੀ ਤੁਹਾਡੇ ਖਾਤਿਆਂ ਵਿੱਚ ਰਾਸ਼ੀ ਪੁੱਜ ਚੁੱਕੀ ਹੈ ਜਿਸ ਦਾ ਤੁਹਾਨੂੰ ਜਲਦੀ ਹੀ ਐਸ.ਐਮ.ਐਸ ਪੁੱਜ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਪਹਿਲੀ ਸਰਕਾਰ ਜੋ ਮੁਆਵਜ਼ਾ ਰਾਸ਼ੀ ਤੁਹਾਡੇ ਖਾਤਿਆਂ ਵਿੱਚ ਪਾ ਕੇ ਹੀ ਤੁਹਾਡੇ ਕੋਲ ਆਈ ਹੈ ਜਦ ਕਿ ਪਹਿਲੀਆਂ ਸਰਕਾਰਾਂ ਤਾਂ ਕੇਵਲ ਝੂਠੇ ਲਾਰੇ ਲੱਪੇ ਹੀ ਲਗਾਉਂਦੀਆਂ ਸਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ, ਐਸ.ਡੀ.ਐਮ ਅਜਨਾਲਾ ਸ. ਰਵਿੰਦਰ ਸਿੰਘ ਅਰੋੜਾ, ਐਸ.ਡੀ.ਐਮ ਲੋਪੋਕੇ ਸ੍ਰੀ ਸੰਜੀਵ ਸ਼ਰਮਾ, ਤਹਿਸੀਲਦਾਰ ਕੰਵਲਦੀਪ ਸਿੰਘ, ਕਾਰਜਸਾਧਕ ਅਫਸਰ ਸ੍ਰੀ ਅਮਨ ਚੋਪੜਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।