Canada Breaking: ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਰੈਸਟੇਰੈਂਟ ‘ਤੇ ਤੀਜੀ ਵਾਰ ਗੋਲੀਬਾਰੀ
ਹਰਦਮ ਮਾਨ
ਸਰੀ, ਬੀ.ਸੀ. – ਸਰੀ ਪੁਲਿਸ ਸਰਵਿਸ (SPS) ਨੇ ਦੱਸਿਆ ਹੈ ਕਿ ਵੀਰਵਾਰ ਤੜਕੇ ਕਰੀਬ 3:45 ਵਜੇ 85 ਐਵੇਨਿਊ ਅਤੇ 120 ਸਟਰੀਟ ਦੇ ਨੇੜੇ ਸਥਿਤ (ਕਾਮੇਡੀ ਕਿੰਗ ਕਪਿਲ ਸ਼ਰਮਾ ਦੇ) ਰੈਸਟੋਰੈਂਟ ‘ਕੈਪਸ ਕੈਫੇ’ ’ਤੇ ਗੋਲੀਬਾਰੀ ਦੀ ਸੂਚਨਾ ਮਿਲਣ ’ਤੇ ਪੁਲਿਸ ਤੁਰੰਤ ਮੌਕੇ ’ਤੇ ਪਹੁੰਚ ਕੀਤੀ। ਪੁਲਿਸ ਮੁਤਾਬਕ, ਉਸ ਵੇਲੇ ਕੈਫੇ ਦੇ ਅੰਦਰ ਕਰਮਚਾਰੀ ਮੌਜੂਦ ਸਨ, ਪਰ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਕੈਫੇ ਹਾਲ ਹੀ ਵਿੱਚ ਇਸ ਮਹੀਨੇ ਮੁੜ ਖੁਲਿਆ ਸੀ, ਜਦਕਿ ਇਸ ਤੋਂ ਪਹਿਲਾਂ 10 ਜੁਲਾਈ ਅਤੇ 7 ਅਗਸਤ ਨੂੰ ਵੀ ਇਹ ਗੋਲੀਬਾਰੀ ਦਾ ਨਿਸ਼ਾਨਾ ਬਣ ਚੁੱਕਾ ਸੀ। ਤਾਜ਼ਾ ਘਟਨਾ ਤੋਂ ਕੁਝ ਹੀ ਸਮੇਂ ਬਾਅਦ ਸੋਸ਼ਲ ਮੀਡੀਆ ’ਤੇ ਇੱਕ ਸੁਨੇਹਾ ਸਾਹਮਣੇ ਆਇਆ, ਜਿਸ ਵਿੱਚ ਆਪਣੇ ਆਪ ਨੂੰ ਗੋਲਡੀ ਢਿੱਲੋਂ ਕਹਿਣ ਵਾਲੇ ਵਿਅਕਤੀ ਨੇ ਤਿੰਨਾਂ ਹਮਲਿਆਂ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ।
ਉਸ ਸੁਨੇਹੇ ਵਿੱਚ ਲਿਖਿਆ ਸੀ: “ਮੈਂ, ਗੋਲਡੀ ਢਿੱਲੋਂ, ਕੈਪਸ ਕੈਫੇ ’ਤੇ ਹੋਈ ਤਿੰਨਾਂ ਗੋਲੀਬਾਰੀਆਂ ਦੀ ਜ਼ਿੰਮੇਵਾਰੀ ਲੈਂਦਾ ਹਾਂ। ਸਾਡਾ ਆਮ ਲੋਕਾਂ ਨਾਲ ਕੋਈ ਵਿਵਾਦ ਨਹੀਂ।” ਸਰੀ ਪੁਲਿਸ ਦੇ ਜਾਂਚ ਅਧਿਕਾਰੀ ਹੁਣ ਇਸ ਆਨਲਾਈਨ ਦਾਅਵੇ ਦੀ ਸੱਚਾਈ ਦੀ ਪੜਤਾਲ ਕਰ ਰਹੇ ਹਨ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਤਿੰਨੇ ਹਮਲੇ ਆਪਸ ਵਿੱਚ ਸਬੰਧਿਤ ਹਨ। ਇਸ ਘਟਨਾ ’ਤੇ ਪ੍ਰਤੀਕਿਰਿਆ ਦਿੰਦਿਆਂ ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਗੋਲੀਬਾਰੀ ਦੀ ਤਿੱਖੀ ਨਿੰਦਾ ਕੀਤੀ। ਉਨ੍ਹਾਂ ਕਿਹਾ, “ਸਾਡਾ ਸ਼ਹਿਰ ਐਸੀਆਂ ਬੇਅਕਲੀ ਭਰੀਆਂ ਹਿੰਸਕ ਕਾਰਵਾਈਆਂ ਤੋਂ ਡਰਣ ਵਾਲਾ ਨਹੀਂ। ਅਸੀਂ ਸਥਾਨਕ ਕਾਰੋਬਾਰੀਆਂ ਦੇ ਨਾਲ ਖੜ੍ਹੇ ਹਾਂ ਅਤੇ ਤੁਰੰਤ ਨਿਆਂ ਦੀ ਮੰਗ ਕਰਦੇ ਹਾਂ।” ਪੁਲਿਸ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਤੁਰੰਤ SPS ਜਾਂ ਕ੍ਰਾਈਮ ਸਟਾਪਰਜ਼ ਨਾਲ ਸੰਪਰਕ ਕਰਨ।