CANADA: ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪੁਸਤਕ ਰਿਲੀਜ਼ ਤੇ ਸ਼ਰਧਾਂਜਲੀ ਸਮਾਗਮ
ਹਰਦਮ ਮਾਨ
ਸਰੀ, 16 ਅਕਤੂਬਰ 2025– ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਬੀਤੇ ਦਿਨੀਂ ਸੀਨੀਅਰ ਸੈਂਟਰ ਸਰੀ ਵਿਖੇ ਆਪਣੀ ਮਾਸਿਕ ਇਕੱਤਰਤਾ ਕੀਤੀ ਗਈ ਜਿਸ ਵਿੱਚ ਐਡਵੋਕੇਟ ਹਾਕਮ ਸਿੰਘ ਭੁੱਲਰ ਦੀ ਪੁਸਤਕ ‘ਜ਼ਿੰਮੇ ਲੱਗਿਆ ਕੰਮ’ ਰਿਲੀਜ਼ ਕੀਤੀ ਗਈ ਅਤੇ ਬੀਬੀ ਇੰਦਰਜੀਤ ਕੌਰ ਸਿੱਧੂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਪ੍ਰਿਤਪਾਲ ਗਿੱਲ, ਤਰਲੋਚਨ ਸਿੰਘ (ਪੱਤਰਕਾਰ, ਚੰਡੀਗੜ੍ਹ), ਐਡਵੋਕੇਟ ਹਾਕਮ ਸਿੰਘ ਭੁੱਲਰ ਅਤੇ ਵਿਸ਼ਵ ਪ੍ਰਸਿੱਧ ਨਾਟਕਕਾਰ ਡਾ. ਸਾਹਿਬ ਸਿੰਘ ਨੇ ਕੀਤੀ।
ਸਭਾ ਵੱਲੋਂ ਸ਼ੁਰੂਆਤੀ ਭਾਗ ਵਿੱਚ ਬੀਬੀ ਇੰਦਰਜੀਤ ਕੌਰ ਸਿੱਧੂ, ਗਾਇਕ ਰਾਜਵੀਰ ਜਵੰਦਾ, ਸੰਗੀਤ ਸਮਰਾਟ ਚਰਨਜੀਤ ਅਹੂਜਾ ਅਤੇ ਐਬਸਫੋਰਡ ਨਿਵਾਸੀ ਸਾਹਿਤਕਾਰ ਗੁਰਮੀਤ ਸਿੰਘ ਟਿਵਾਣਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਸਾਰੇ ਬੁਲਾਰਿਆਂ ਨੇ ਬੀਬੀ ਇੰਦਰਜੀਤ ਕੌਰ ਸਿੱਧੂ ਦੀ ਲੰਬੇ ਸਮੇਂ ਤੱਕ ਰਹੀ ਸੇਵਾ, ਉਨ੍ਹਾਂ ਦੇ ਸਾਹਿਤ ਪ੍ਰਤੀ ਸਮਰਪਣ ਅਤੇ ਸਭਾ ਦੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਦੀਆਂ ਰਚਨਾਵਾਂ ਨੂੰ ਪੰਜਾਬੀ ਸਾਹਿਤ ਦੀ ਵਿਰਾਸਤ ਦੱਸਿਆ।
ਭਰਪੂਰ ਹਾਜ਼ਰੀ ਵਿੱਚ ਲੇਖਕ ਐਡਵੋਕੇਟ ਹਾਕਮ ਸਿੰਘ ਭੁੱਲਰ ਦੀ ਕਾਵਿ ਪੁਸਤਕ “ਜਿੰਮੇ ਲੱਗਿਆ ਕੰਮ” ਲੋਕ ਅਰਪਣ ਕੀਤਾ ਗਿਆ। ਪੁਸਤਕ ਬਾਰੇ ਵਿਚਾਰ ਪ੍ਰਗਟ ਕਰਦਿਆਂ ਪ੍ਰਧਾਨ ਪ੍ਰਿਤਪਾਲ ਗਿੱਲ, ਡਾ. ਦਵਿੰਦਰ ਕੌਰ ਅਤੇ ਸੁਖਬੀਰ ਬੀਹਲਾ (ਬੈਲਿੰਗਮ) ਨੇ ਕਿਹਾ ਕਿ ਇਹ ਸੰਗ੍ਰਹਿ ਆਧੁਨਿਕ ਸਮਾਜ ਦੇ ਤਜਰਬਿਆਂ ਅਤੇ ਮਨੁੱਖੀ ਸੰਵੇਦਨਾਵਾਂ ਨੂੰ ਸਜੀਵ ਰੂਪ ਵਿੱਚ ਪੇਸ਼ ਕਰਦਾ ਹੈ। ਲੇਖਕ ਹਾਕਮ ਸਿੰਘ ਭੁੱਲਰ ਨੇ ਪੁਸਤਕ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ “ਇਹ ਕਵਿਤਾਵਾਂ ਮੇਰੇ ਜੀਵਨ ਦੇ ਉਹ ਅਨੁਭਵ ਹਨ ਜੋ ਸਮਾਜ ਨਾਲ ਮੇਰੇ ਸਬੰਧ ਦੀ ਪਹਿਚਾਣ ਬਣੇ।” ਇਸ ਮੌਕੇ ਪ੍ਰੋ. ਕਸ਼ਮੀਰਾ ਸਿੰਘ ਨੇ “ਪ੍ਰਾਚੀਨ ਪੰਜਾਬ” ਵਿਸ਼ੇ ‘ਤੇ ਆਪਣੀ ਇਤਿਹਾਸਕ ਅਤੇ ਰੌਚਕ ਜਾਣਕਾਰੀ ਨਾਲ ਹਾਜ਼ਰ ਸਰੋਤਿਆਂ ਨੂੰ ਮੋਹ ਲਿਆ।
ਸਭਾ ਅਤੇ ਲੇਖਕ ਵੱਲੋਂ ਸੀਨੀਅਰ ਸਿਟੀਜਨ ਸੈਂਟਰ ਦੇ ਅਹੁਦੇਦਾਰਾਂ ਨੂੰ ਪੁਸਤਕਾਂ ਭੇਂਟ ਕੀਤੀਆਂ ਗਈਆਂ। ਲੇਖਕ ਐਡਵੋਕੇਟ ਹਾਕਮ ਸਿੰਘ ਭੁੱਲਰ, ਡਾ. ਸਾਹਿਬ ਸਿੰਘ (ਨਾਟਕਕਾਰ), ਤਰਲੋਚਨ ਸਿੰਘ (ਪੱਤਰਕਾਰ, ਚੰਡੀਗੜ੍ਹ), ਡਾ. ਗੁਰਦੇਵ ਸਿੰਘ ਸਿੱਧੂ (ਮੋਹਾਲੀ), ਖੁਸ਼ਪਾਲ ਕੌਰ, ਅਤੇ ਸੁਖਬੀਰ ਸਿੰਘ ਬੀਹਲਾ ਨੂੰ ਫੁੱਲਾਂ ਦੇ ਗੁਲਦਸਤਿਆਂ ਨਾਲ ਸਨਮਾਨਿਤ ਕੀਤਾ ਗਿਆ।
ਕਵੀ ਦਰਬਾਰ ਵਿੱਚ ਬਹੁਤ ਸਾਰੇ ਪ੍ਰਤਿਭਾਸ਼ਾਲੀ ਕਵੀਆਂ ਨੇ ਆਪਣੀ ਕਵਿਤਾ ਨਾਲ ਮਾਹੌਲ ਕਾਵਿਮਈ ਬਣਾ ਦਿੱਤਾ। ਇਸ ਵਿੱਚ ਪਲਵਿੰਦਰ ਸਿੰਘ ਰੰਧਾਵਾ, ਵੀਕ ਬਾਦਸ਼ਾਹਪੁਰੀ, ਚਮਕੌਰ ਸਿੰਘ ਸੇਖੋਂ, ਹਰਚੰਦ ਸਿੰਘ ਗਿੱਲ, ਅਜਮੇਰ ਸਿੰਘ ਭਾਗਪੁਰ, ਹਰਚਰਨ ਸਿੰਘ ਸਿੱਧੂ, ਪਰਮਿੰਦਰ ਸਵੈਚ, ਪਵਨ ਭੰਮੀਆ, ਪੰਡਿਤ ਦ੍ਰਵੇਦੀ, ਦਰਸ਼ਨ ਸੰਘਾ, ਡਾ. ਗੁਰਦੇਵ ਸਿੰਘ, ਇੰਦਰਜੀਤ ਸਿੰਘ ਧਾਮੀ, ਦਵਿੰਦਰ ਕੌਰ ਜੌਹਲ, ਪ੍ਰਿਤਪਾਲ ਗਿੱਲ, ਕੁਵਿੰਦਰ ਚਾਂਦ, ਦਰਸ਼ਨ ਸਿੰਘ ਦੁਸਾਂਝ, ਡਾ. ਸਾਹਿਬ ਸਿੰਘ (ਨਾਟਕਕਾਰ), ਸੁਖਬੀਰ ਸਿੰਘ ਬੀਹਲਾ, ਇੰਦਰਪਾਲ ਸਿੰਘ ਸੰਧੂ, ਸਿੰਘ ਮਾਧੋਪੁਰੀ, ਬਲਬੀਰ ਸਿੰਘ ਸੰਘਾ ਅਤੇ ਐਡਵੋਕੇਟ ਹਾਕਮ ਸਿੰਘ ਭੁੱਲਰ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਹਾਜ਼ਰ ਸਰੋਤਿਆਂ ਵਿੱਚ ਕੁਲਦੀਪ ਸਿੰਘ ਜਗਪਾਲ, ਨਿਰਮਲ ਗਿੱਲ, ਹਰਚਰਨ ਸਿੰਘ ਸੰਧੂ, ਡਾ. ਰਣਜੀਤ ਸਿੰਘ ਪੰਨੂ, ਗੁਰਦਿਆਲ ਸਿੰਘ ਭੁੱਲਰ, ਸੁਰਜੀਤ ਸਿੰਘ ਬਾਠ, ਬੇਅੰਤ ਸਿੰਘ ਢਿੱਲੋਂ, ਗੁਰਮੇਲ ਸਿੰਘ ਧਾਲੀਵਾਲ, ਦਵਿੰਦਰ ਸਿੰਘ ਮਾਂਗਟ, ਕੇਸਰ ਸਿੰਘ ਕੂਨਰ, ਕੁਲਦੀਪ ਸਿੰਘ ਗਿੱਲ, ਅਮਰਜੀਤ ਭੰਗੂ, ਰਣਜੀਤ ਪਾਲ ਸਿੰਘ, ਮਨਜੀਤ ਸਿੰਘ ਅਤੇ ਦਰਸ਼ਨ ਸਿੰਘ ਸ਼ਾਮਿਲ ਸਨ।
ਅੰਤ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਾਰੇ ਕਵੀਆਂ, ਬੁਲਾਰਿਆਂ ਤੇ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਗਤੀ ਲਈ ਆਪਣਾ ਸਫਰ ਦ੍ਰਿੜ ਨਿਸ਼ਚੇ ਨਾਲ ਜਾਰੀ ਰੱਖੇਗੀ। ਸਟੇਜ ਦੀ ਕਾਰਵਾਈ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਸੁਚੱਜੇ ਢੰਗ ਨਾਲ ਨਿਭਾਈ।