ਸਿਹਤ ਵਿਭਾਗ ਨੇ ਸੱਪ ਦੇ ਡੰਗਣ ਦੇ ਕੇਸ ਵਿੱਚ ਬੱਚੇ ਦਾ ਇਲਾਜ ਕਰਕੇ ਜਾਨ ਬਚਾਈ
- ਬਰਸਾਤ ਦੇ ਦਿਨਾਂ ਦੌਰਾਨ ਸੱਪਾਂ ਦੇ ਡੰਗਣ ਦੀਆਂ ਘਟਨਾਵਾਂ ਤੋਂ ਬਚਾਅ ਲਈ ਦਿੱਤੀ ਸਲਾਹ
ਪ੍ਰਮੋਦ ਭਾਰਤੀ
ਨਵਾਂਸ਼ਹਿਰ 16 ਸਤੰਬਰ,2025
ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਸੱਪ ਦੇ ਡੰਗਣ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਚੌਕਸ ਹੈ।
ਇਸੇ ਕੜੀ ਤਹਿਤ ਸੱਪ ਦੇ ਡੰਗਣ ਸਬੰਧੀ ਅੰਤਰਾਸ਼ਟਰੀ ਜਾਗਰੂਕਤਾ ਦਿਵਸ ਦੇ ਮੱਦੇਨਜ਼ਰ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ਨੇ ਸਿਹਤ ਬਲਾਕ ਸੁੱਜੋਂ ਅਧੀਨ ਪਿੰਡ ਕਰੀਹਾ ਵਿਖੇ ਰਹਿੰਦੇ 10 ਸਾਲਾ ਮਾਸੂਮ ਬੱਚੇ ਸੁਲੇਮਾਨ ਨਾਲ ਮੁਲਾਕਾਤ ਕੀਤੀ, ਜਿਸ ਨੂੰ ਪਿਛਲੇ ਦਿਨੀਂ ਸੱਪ ਨੇ ਡੰਗ ਲਿਆ ਸੀ ਤੇ ਸਮੇਂ ਸਿਰ ਇਲਾਜ ਮੁਹੱਈਆ ਕਰਵਾ ਕੇ ਉਸਦੀ ਜਾਨ ਬਚਾ ਲਈ। ਇਸ ਮੌਕੇ ਬੱਚੇ ਸੁਲੇਮਾਨ ਦੇ ਪਿਤਾ ਮੁਰਾਦ ਅਲੀ ਨੇ ਸਿਹਤ ਵਿਭਾਗ ਵੱਲੋਂ ਸਮੇਂ ਸਿਰ ਮੁਹੱਈਆ ਕਰਵਾਈਆਂ ਸਿਹਤ ਸੇਵਾਵਾਂ ਦਾ ਤਜ਼ਰਬਾ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਬਿਹਤਰ ਸੇਵਾਵਾਂ ਸਦਕਾ ਅੱਜ ਸਾਡਾ ਬੱਚਾ ਬਿਲਕੁੱਲ ਤੰਦਰੁਸਤ ਹੈ ਤੇ ਉਸ ਨੂੰ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਵਿੱਚ ਬਹੁਤ ਵਧੀਆ ਤੇ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਗਿਆ, ਜਿਸ ਲਈ ਅਸੀਂ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਤੇ ਐੱਸ.ਐੱਮ.ਓ. ਡਾ. ਸਤਵਿੰਦਰਪਾਲ ਸਿੰਘ ਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਰਾਕੇਸ਼ ਪਾਲ ਸਮੇਤ ਸਮੁੱਚੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਸਿਹਤ ਸਟਾਫ ਨੇ ਉਨ੍ਹਾਂ ਦੇ ਬੱਚੇ ਦੀ ਬਿਹਤਰ ਦੇਖਭਾਲ ਕੀਤੀ। ਉਨ੍ਹਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਬੱਚੇ ਨੂੰ 24 ਘੰਟੇ ਨਿਗਰਾਨੀ ਹੇਠ ਰੱਖਿਆ ਗਿਆ ਤੇ ਪੂਰੀ ਤਸੱਲੀ ਹੋਣ ਉਪਰੰਤ ਹਸਪਤਾਲ ਵਿਚੋਂ ਡਿਸਚਾਰਜ ਕੀਤਾ ਗਿਆ।
ਇਸ ਸਬੰਧੀ ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਨੇਸੱਪ ਦੇ ਡੰਗਣ 'ਤੇ ਸਮੇਂ ਸਿਰ ਇਲਾਜ ਕਰਵਾਉਣ ਦੀ ਮਹੱਤਤਾ ਅਤੇ ਫਹਿਮਾ-ਭਰਨਾ ਤੋਂ ਦੂਰ ਰਹਿਣ ਦੀ ਲੋੜ 'ਤੇ ਜ਼ੋਰ ਦਿੱਤਾ।
ਉਨ੍ਹਾਂ ਨੇ ਬਰਸਾਤਾਂ ਦੇ ਮੌਸਮ ਦੇ ਮੱਦੇਨਜ਼ਰ ਸੱਪਾਂ ਦੇ ਡੰਗਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਸਬੰਧੀ ਸਲਾਹ ਵੀ ਦਿੱਤੀ ਹੈ।
ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਸਾਤਾਂ ਦੇ ਮੌਸਮ ਦੌਰਾਨ ਸੱਪ ਦੇ ਡੰਗਣ ਦੀ ਸੂਰਤ ਵਿੱਚ ਇਲਾਜ ਲਈ ਪਹਿਲਾ ਇਕ ਘੰਟਾ ਬਹੁਤ ਮਹੱਤਵਪੂਰਨ ਹੁੰਦਾ ਹੈ। ਇਸ ਸਮੇਂ ਅੰਦਰ ਇਲਾਜ ਨਾ ਮਿਲਣ 'ਤੇ ਪੀੜਤ ਵਿਅਕਤੀ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਸੱਪ ਦੇ ਡੰਗਣ ਦੀ ਸੂਰਤ ਵਿੱਚ ਪੀੜਤ ਦਾ ਤੁਰੰਤ ਇਲਾਜ ਉਸ ਦੀ ਜਾਨ ਬਚਾ ਸਕਦਾ ਹੈ। ਇਸ ਲਈ ਸਿਹਤ ਵਿਭਾਗ ਲੋਕਾਂ ਦੀ ਸਿਹਤ ਸੁਰੱਖਿਅਤ ਲਈ ਹਰ ਸਮੇਂ ਯਤਨਸ਼ੀਲ ਹੈ। ਸਿਹਤ ਵਿਭਾਗ ਸੱਪਾਂ ਦੇ ਡੰਗਣ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਐਮਰਜੈਂਸੀ ਮੈਡੀਕਲ ਸੇਵਾ ਉਪਲਬੱਧ ਕਰਵਾਉਣ ਲਈ ਪੂਰੀ ਤਰ੍ਹਾਂ ਚੌਕਸੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ, ਨਵਾਂਸ਼ਹਿਰ ਤੋਂ ਇਲਾਵਾ ਸਬ ਡਵੀਜ਼ਨਲ ਹਸਪਤਾਲ, ਬਲਾਚੌਰ ਅਤੇ ਸੀ.ਐੱਚ.ਸੀ. ਪੱਧਰ ਦੇ ਹਸਪਤਾਲਾਂ ਵਿੱਚ ਐਂਟੀ ਵੇਨੋਮ ਇੰਜੈਕਸ਼ਨ ਉਪਲਬੱਧ ਹਨ। ਸੱਪ ਦੇ ਡੰਗਣ ਦੀ ਸੂਰਤ ਵਿੱਚ ਘਬਰਾਓ ਨਹੀਂ, ਸਗੋੰ ਪੀੜਤ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਐਂਬੂਲੈਂਸ ਨੂੰ ਬੁਲਾ ਕੇ ਹਸਪਤਾਲ ਲੈ ਜਾਓ ਅਤੇ ਮਾਹਰ ਡਾਕਟਰ ਕੋਲੋਂ ਹੀ ਇਲਾਜ ਕਰਵਾਓ। ਕਿਸੇ ਵੀ ਡਾਕਟਰੀ ਜਾਣਕਾਰੀ ਲਈ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਡਾ. ਸਿੰਘ ਨੇ ਦੱਸਿਆ ਕਿ ਸੱਪ ਦੇ ਡੰਗਣ ਦੇ ਕੁਝ ਆਮ ਲੱਛਣਾਂ ਵਿੱਚ ਦਰਦ, ਸੋਜ, ਛਾਲੇ, ਪ੍ਰਭਾਵਿਤ ਸਥਾਨ ਤੋਂ ਖੂਨ ਵਹਿਣਾ, ਪਲਕਾਂ ਦਾ ਲਟਕਣਾ, ਸਾਹ ਲੈਣ ਵਿੱਚ ਮੁਸ਼ਕਿਲ, ਨਿਗਲਣ ਅਤੇ ਬੋਲਣ ਵਿੱਚ ਸਮੱਸਿਆ, ਗਰਦਨ ਦੀਆਂ ਮਾਸਪੇਸ਼ੀਆਂ ਵਿੱਚ ਕਮਜ਼ੋਰੀ, ਸਿਰ ਚੁੱਕਣ ਵਿੱਚ ਦਿੱਕਤ, ਕੰਨ, ਨੱਕ, ਗਲੇ ਜਾਂ ਮਸੂੜਿਆਂ ਵਿੱਚੋਂ ਖੂਨ ਵਗਣਾ ਆਦਿ ਸ਼ਾਮਲ ਹਨ।
ਇਸ ਸਬੰਧੀ ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਰਾਕੇਸ਼ ਪਾਲ ਨੇ ਦੱਸਿਆ ਕਿ ਸਿਰਫ 30 ਫੀਸਦੀ ਸੱਪ ਹੀ ਜ਼ਹਿਰੀਲੇ ਹੁੰਦੇ ਹਨ ਜੋ ਡੰਗ ਲੈਣ ਤਾਂ ਜਾਨਲੇਵਾ ਸਿੱਧ ਹੋ ਸਕਦੇ ਹਨ। ਸੱਪ ਆਪਣੇ-ਆਪ ਨੂੰ ਬਚਾਉਣ ਸਮੇਂ ਹੀ ਡੰਗ ਮਾਰਦਾ ਹੈ। ਸੱਪ ਦੇ ਡੰਗਣ ਤੋਂ ਬਾਅਦ ਪੀੜਤ ਨੂੰ ਗੈਰ-ਸਿੱਖਿਅਤ ਲੋਕਾਂ ਕੋਲ ਜਾਣ ਦੀ ਬਜਾਏ ਸਰਕਾਰੀ ਹਸਪਤਾਲ ਜਾਣਾ ਚਾਹੀਦਾ ਹੈ। ਬਰਸਾਤਾਂ ਦੇ ਮੌਸਮ ਦੌਰਾਨ ਇਕੱਠੇ ਹੋਏ ਪਾਣੀ ਵਿੱਚ ਨਾ ਵੜਿਆ ਜਾਵੇ, ਕਿਉਂਕਿ ਬਰਸਾਤ ਦੇ ਮੌਸਮ ਵਿਚ ਖੜ੍ਹੇ ਪਾਣੀ ਦੌਰਾਨ ਸੱਪ ਦਾ ਡੰਗਣਾ ਆਮ ਗੱਲ ਹੈ। ਜੇਕਰ ਤੁਹਾਨੂੰ ਪਾਣੀ ਵਿੱਚ ਦਾਖਲ ਹੋਣ ਦੀ ਲੋੜ ਹੈ, ਤਾਂ ਲੰਬੇ ਬੂਟ ਪਾਓ।
ਸੱਪਾਂ ਦੇ ਡੰਗਣ ਦੀ ਸਥਿਤੀ ਵਿੱਚ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ ਹੈ, ਪ੍ਰਤੀ ਹਰ ਨਾਗਰਿਕ ਨੂੰ ਜਾਗਰੂਕ ਹੋਣਾ ਚਾਹੀਦਾ ਹੈ।
ਸੱਪ ਦੇ ਡੰਗਣ ਦੀ ਸਥਿਤੀ 'ਚ ਕੀ ਕਰਨਾ ਹੈ?
• ਤੁਰੰਤ ਐਂਬੂਲੈਂਸ ਨੂੰ ਕਾਲ ਕਰੋ ਅਤੇ ਪੀੜਤ ਨੂੰ ਤੁਰੰਤ ਹਸਪਤਾਲ ਲੈ ਜਾਓ।
● ਪੀੜਤ ਨੂੰ ਹੌਂਸਲਾ ਦਿੰਦੇ ਰਹੋ।
● ਸਪਲਿੰਟ ਦੀ ਮਦਦ ਨਾਲ ਅੰਗ ਨੂੰ ਸਥਿਰ ਰੱਖੋ।
• ਹਮੇਸ਼ਾ ਕਿਸੇ ਮਾਹਰ ਡਾਕਟਰ ਤੋਂ ਹੀ ਇਲਾਜ ਕਰਵਾਓ।
ਸੱਪ ਦੇ ਡੰਗਣ ਦੀ ਸਥਿਤੀ 'ਚ ਕੀ ਨਹੀਂ ਕਰਨਾ ਹੈ?
ਡੰਗ ਮਾਰੀ ਹੋਈ ਥਾਂ ਨੂੰ ਨਾ ਕੱਟੋ ਅਤੇ ਨਾ ਹੀ ਮੂੰਹ ਨਾਲ ਜ਼ਹਿਰ ਕੱਢਣ ਦੀ ਕੋਸ਼ਿਸ਼ ਕਰੋ।
• ਡੰਗੀ ਹੋਈ ਥਾਂ 'ਤੇ ਬਰਫ਼ ਨਾ ਲਗਾਓ ਤੇ ਨਾ ਹੀ ਮਾਲਿਸ਼ ਕਰੋ
● ਆਪਣੇ ਆਪ ਕੋਈ ਦਵਾਈ ਨਾ ਲਓ ਅਤੇ ਨਾ ਹੀ ਡੰਗੀ ਹੋਈ ਥਾਂ ’ਤੇ ਕੋਈ ਜੜ੍ਹੀ ਬੂਟੀ ਲਗਾਓ।
ਸੱਪ ਦੇ ਡੰਗ ਤੋਂ ਕਿਵੇਂ ਬਚਿਆ ਜਾਵੇ?
ਬਰਸਾਤ ਦੇ ਪਾਣੀ ਵਿੱਚ ਜਾਣ ਤੋਂ ਪ੍ਰਹੇਜ਼। ਬਾਹਰ ਜਾਣ ਵੇਲੇ ਬੰਦ ਜੁੱਤੀਆਂ ਜਾਂ ਲੰਬੇ ਬੂਟ ਪਹਿਨੋ।
ਰਾਤ ਦੇ ਸਮੇਂ ਹਮੇਸ਼ਾ ਟਾਰਚ ਦੀ ਵਰਤੋਂ ਕਰੋ।
ਫਰਸ਼ 'ਤੇ ਸੌਣ ਤੋਂ ਬਚੋ ਅਤੇ ਚੰਗੀ ਤਰ੍ਹਾਂ ਟਿਕਾਈ ਹੋਈ ਮੱਛਰਦਾਨੀ ਦੀ ਵਰਤੋਂ ਕਰੋ।
ਘਰ ਅਤੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਅਤੇ ਸਮਾਨ ਨੂੰ ਟਿਕਾਣੇ ਸਿਰ ਰੱਖੋ।