ਜੇਕਰ 'ਇਨ੍ਹਾਂ' ਦਾ ਵੱਸ ਚੱਲੇ ਤਾਂ, ਰਾਸ਼ਟਰੀ ਗਾਣ ਚੋਂ ਪੰਜਾਬ ਕੱਢ ਦੇਣ! ਭਗਵੰਤ ਮਾਨ ਨੇ ਕਿਹਾ- ਸਾਨੂੰ ਤਾਂ ਬਹੁਤ ਮਹਿੰਗੀ ਪੈ ਗਈ ਆਜ਼ਾਦੀ
Babushahi Bureau
ਚੰਡੀਗੜ੍ਹ, 15 ਸਤੰਬਰ 2025 - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਕੇਂਦਰ ਦੀ ਮੋਦੀ ਸਰਕਾਰ ਨੁੰ ਘੇਰਦਿਆਂ ਹੋਇਆ ਕਿਹਾ ਕਿ, ਜੇਕਰ ਇਨ੍ਹਾਂ (ਮੋਦੀ ਸਰਕਾਰ) ਦਾ ਵੱਸ ਚੱਲੇ ਤਾਂ, ਇਹ ਰਾਸ਼ਟਰੀ ਗਾਣ ਵਿੱਚੋਂ ਹੀ ਪੰਜਾਬ ਨੂੰ ਹਟਾ ਦੇਣ ਅਤੇ ਉਸ ਜਗ੍ਹਾ ਤੇ ਯੂਪੀ ਨੂੰ ਸ਼ਾਮਲ ਕਰ ਲੈਣ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਨਾਲ ਲਗਾਤਾਰ ਧੱਕਾ ਕਰ ਰਹੀ ਹੈ।
ਮਾਨ ਨੇ ਕਿਹਾ ਕਿ ਸਾਡੇ ਪੰਜਾਬ ਦੇ ਨਾਲ ਕੇਂਦਰ ਸਰਕਾਰ ਦੁਆਰਾ ਕੀਤਾ ਜਾ ਰਿਹਾ ਵਿਤਕਰਾ ਪੰਜਾਬੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ। ਪੰਜਾਬ ਨੇ ਦੇਸ਼ ਦੀ ਆਜ਼ਾਦੀ ਵਿੱਚ ਵੱਡਾ ਯੋਗਦਾਨ ਪਾਇਆ ਹੈ, ਪਰ ਇਸ ਵੇਲੇ ਹਾਲਾਤ ਇਹ ਹਨ ਕਿ ਪੰਜਾਬ ਦੇ ਨਾਲ ਗੁਲਾਮਾਂ ਦੇ ਨਾਲੋਂ ਵੀ ਭੈੜਾ ਵਿਵਹਾਰ ਕੀਤਾ ਜਾ ਰਿਹਾ ਹੈ।
ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਤੋਂ ਰੋਕਿਆ
ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਨੁੰ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਤੋਂ ਰੋਕਿਆ ਜਾ ਰਿਹਾ ਹੈ, ਪਰ ਦੂਜੇ ਪਾਸੇ ਕ੍ਰਿਕਟ ਮੈਚ ਕਰਵਾਏ ਜਾ ਰਹੇ ਨੇ। ਪਾਕਿਸਤਾਨ ਨਾਲ ਮੈਚ ਖੇਡਣ 'ਤੇ ਭਗਵੰਤ ਮਾਨ ਨੇ ਕਿਹਾ ਕਿ, ਕੇਂਦਰ ਦੀ ਇਹ ਪਾਲਿਸੀ ਪਾਕਿਸਤਾਨ ਦੇ ਖਿਲਾਫ਼ ਹੈ ਜਾਂ ਫਿਰ ਪੰਜਾਬ ਦੇ ਖਿਲਾਫ਼? ਉਹਨਾਂ ਕਿਹਾ ਕਿ ਕੇਂਦਰ ਵੱਲੋਂ ਮੈਚ ਖੇਡਣ ਨੂੰ ਤਾਂ ਆਗਿਆ ਦੇ ਦਿੱਤੀ ਗਈ, ਪਰ ਸਿੱਖ ਸੰਗਤਾਂ ਨੂੰ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਜਾਂ ਫਿਰ ਪਾਕਿਸਤਾਨ ਸਥਿਤ ਹੋਰਨਾਂ ਸਥਾਨਾਂ ਤੇ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਮੈਚ ਲਾਈਵ ਹੋਇਆ ਪਰ ਅਸੀਂ ਆਪਣੇ ਗੁਰੂ ਦਾ ਦੇ ਘਰ ਮੱਥਾ ਵੀ ਨਹੀਂ ਟੇਕ ਸਕਦੇ। ਇਹਨਾਂ ਦੀ ਦੁਸ਼ਮਣੀ ਪੰਜਾਬ ਨਾਲ ਹੈ ਜਾਂ ਫਿਰ ਪਾਕਿਸਤਾਨ ਨਾਲ, ਕੁਝ ਸਮਝ ਨਹੀਂ ਆ ਰਿਹਾ।
ਪੰਜਾਬੀ ਅਦਾਕਾਰਾਂ ਦੀਆਂ ਰੋਕੀਆਂ ਜਾ ਰਹੀਆਂ ਨੇ ਫਿਲਮਾਂ
ਭਗਵੰਤ ਮਾਨ ਨੇ ਕਿਹਾ ਫਿਲਮਾਂ ਪੰਜਾਬੀ ਅਦਾਕਾਰਾਂ ਦੀਆਂ ਰੋਕੀਆਂ ਜਾ ਰਹੀਆਂ ਨੇ, ਪਰ ਕ੍ਰਿਕਟ ਮੈਚ ਖੇਡਿਆ ਜਾ ਰਿਹਾ ਇਹ ਦੋਹਰਾ ਮਾਪਦੰਡ ਕੇਂਦਰ ਸਰਕਾਰ ਦੇ ਵੱਲੋਂ ਅਪਣਾਇਆ ਜਾ ਰਿਹਾ। ਕੱਲ ਵਾਲੇ ਮੈਚ ਦਾ ਪ੍ਰੋਡਿਊਸਰ ਵੱਡੇ ਸਾਬ੍ਹ ਦਾ ਬੇਟਾ ਸੀ, (ਯਾਨੀਕਿ ਅਮਿਤ ਸ਼ਾਹ ਦਾ ਪੁੱਤਰ ਜੈ ਸ਼ਾਹ) ਭਗਵੰਤ ਮਾਨ ਨੇ ਕਿਹਾ ਕਿ, ਮੇਰਾ ਸਵਾਲ ਤਾਂ ਇਹ ਹੈ ਕਿ ਉਹਨਾਂ (ਪਾਕਿਸਤਾਨ) ਨਾਲ ਖੇਡਣਾ ਹੀ ਕਿਉਂ ਜਿਹੜੇ ਤੁਹਾਡੇ ਦੁਸ਼ਮਣ ਨੇ। ਆਖਿ਼ਰ ਮੈਚ ਕਰਵਾਉਣ ਦੀ ਕੀ ਮਜਬੂਰੀ ਸੀ, ਇਸ ਮੈਚ ਦਾ ਫਾਇਦਾ ਤਾਂ ਪਾਕਿਸਤਾਨ ਨੂੰ ਹੋਵੇਗਾ। ਮਾਨ ਨੇ ਕਿਹਾ ਕਿ ਮੈਚ ਖੇਡਿਆ ਗਿਆ, ਪਰ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ ਗਿਆ।
ਕੇਂਦਰ ਸਰਕਾਰ ਵੱਲੋਂ ਇਕ ਰੁਪਇਆ ਵੀ ਨਹੀਂ ਆਇਆ
ਅੱਗੇ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਹੜ ਆਏ ਤਬਾਹੀ ਮਚਾਈ, ਪਰ ਅਜੇ ਤੱਕ ਕੇਂਦਰ ਸਰਕਾਰ ਵੱਲੋਂ ਇਕ ਰੁਪਇਆ ਵੀ ਨਹੀਂ ਆਇਆ। ਜਾਖੜ ਸਾਹਿਬ ਹੁਣ ਤਾਂ ਸਵਾਲ ਪੁੱਛ ਲਓ ਮੋਦੀ ਸਾਹਿਬ ਨੂੰ, ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਪਾਕਿਸਤਾਨ ਨਾਲ ਜਾਂ ਤਾਂ ਸਾਰਾ ਕੁਝ ਖੋਲ੍ਹੇ ਜਾਂ ਫਿਰ ਸਾਰਾ ਕੁਝ ਬੰਦ ਕਰੇ। ਭਗਵੰਤ ਮਾਨ ਨੇ ਕਿਹਾ ਕਣਕ, ਚੌਲ, ਸਰੋਂ ਅਤੇ ਮੱਕੀ ਤੋਂ ਇਲਾਵਾ ਸਭ ਕੁਝ ਸਾਡੇ ਕੋਲ ਲੈਂਦੇ ਨੇ, ਪਰ ਸੰਕਟ ਵੇਲੇ ਸਾਨੂੰ ਪੁੱਛਦੇ ਵੀ ਨਹੀਂ।
ਮਾਨ ਨੇ ਕਿਹਾ ਕਿ ਬੀਜੇਪੀ ਦਾ ਕਾਂਗਰਸ ਯੂਨਿਟ, ਮੇਰੇ ਤੋਂ SDRF ਦਾ ਹਿਸਾਬ ਮੰਗ ਰਿਹਾ। ਜਦੋਂ ਕਿ ਅਸਲੀਅਤ ਇਹ ਹੈ ਕਿ ਪੰਜਾਬ ਵਿੱਚ ਹੜ ਆਏ, ਪਰ ਅਜੇ ਤੱਕ ਕੇਂਦਰ ਨੇ ਇਕ ਰੁਪਇਆ ਵੀ ਨਹੀਂ ਦਿੱਤਾ। ਮੈਂ ਕਈ ਵਾਰ ਕਿਹਾ- ਭਾਜਪਾ ਪੰਜਾਬ ਦੀਆਂ ਤੋਂ ਬਦਲਾ ਲੈ ਰਹੀ ਹੈ, ਹੁਣ ਜਾਖੜ ਤੇ ਬਿੱਟੂ ਪੀਐਮ ਮੋਦੀ ਤੋਂ ਸਵਾਲ ਪੁੱਛਣ ਕੇ ਪੰਜਾਬ ਲਈ ਉਹਨਾਂ ਨੇ ਕੀਤਾ ਕੀ ਹੈ? ਹੁਣ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਤੋਂ ਕਿਉਂ ਰੋਕਿਆ ਗਿਆ?
ਭਗਵੰਤ ਮਾਨ ਨੇ ਅੱਗੇ ਕਿਹਾ ਕਿ ਜੇਕਰ ਇਹਨਾਂ ਲੋਕਾਂ ਦਾ ਵੱਸ ਚੱਲੇ ਤਾਂ ਇਹ ਰਾਸ਼ਟਰੀ ਗਾਣ ਵਿੱਚੋਂ ਹੀ ਪੰਜਾਬ ਨੂੰ ਕੱਢ ਦੇਣ। ਉਹਨਾਂ ਕਿਹਾ ਕਿ ਸਾਨੂੰ ਬਹੁਤ ਮਹਿੰਗੀ ਪੈ ਗਈ ਹੈ ਇਹ ਆਜ਼ਾਦੀ। 1947 ਵਿੱਚ ਵੱਡ ਟੁਕ ਪੰਜਾਬ ਦੀ ਹੋਈ, ਪਰ ਵਿਤਕਰਾ ਵੀ ਹੁਣ ਪੰਜਾਬ ਦੇ ਨਾਲ ਹੀ ਕੀਤਾ ਜਾ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਨਾ ਖੇਡਣ, ਪੰਜਾਬ ਦੇ ਨਾਮ ਤੇ ਪੀਐਮ ਰਿਲੀਫ ਫੰਡ ਚ ਪੈਸਾ ਮੰਗਿਆ ਜਾ ਰਿਹਾ।
IAA ਦੀ ਐਡ ਚ ਪੀਐਮ ਦਾ ਨਾਮ ਕੌਣ ਵਰਤ ਰਿਹਾ? ਜਾਂਚ ਕੀਤੀ ਜਾਵੇ, ਇਹ ਨਾਮ ਕੌਣ ਵਰਤ ਰਿਹਾ? ਪੰਜਾਬ ਕੋਲ ਆਪਣੇ ਹੱਥ ਹੈਗੇ ਨੇ ਸਾਨੂੰ ਕਿਸੇ ਦੀ ਲੋੜ ਨਹੀਂ। ਉਹਨਾਂ ਕਿਹਾ ਕਿ ਜੇਕਰ ਉਸ ਰਿਲੀਫ ਫੰਡ ਵਿੱਚ ਪੀਐਮ ਦੀ ਜਗ੍ਹਾ ਤੇ ਸੀਐਮ ਰਿਲੀਫ ਫੰਡ ਲਿਖਿਆ ਜਾਂਦਾ ਤਾਂ ਪੰਜਾਬ ਨੂੰ ਹੀ ਫਾਇਦਾ ਹੋਣਾ ਸੀ, ਪਰ ਇਸ ਤੇ ਕੋਈ ਵੀ ਨਹੀਂ ਬੋਲ ਰਿਹਾ।
MA