ਫ਼ਸਲ ਦੇ ਪੂਰੀ ਤਰ੍ਹਾਂ ਪੱਕਣ ਤੇ ਕਟਾਈ ਕਰਵਾ ਕੇ ਸੁੱਕਾ ਝੋਨਾ ਮੰਡੀ ਲਿਆਓ : ਮੁੱਖ ਖੇਤੀਬਾੜੀ ਅਫ਼ਸਰ
ਸਰਕਾਰ ਵੱਲੋਂ ਝੋਨੇ ਦੀ ਫ਼ਸਲ ਲਈ 17 ਫ਼ੀਸਦੀ ਨਮੀਂ ਦੀ ਮਾਤਰਾ ਕੀਤੀ ਨਿਰਧਾਰਿਤ
ਰੋਹਿਤ ਗੁਪਤਾ
ਗੁਰਦਾਸਪੁਰ, 15 ਸਤੰਬਰ
ਜ਼ਿਲ੍ਹਾ ਗੁਰਦਾਸਪੁਰ ਵਿਚ ਚਾਲੂ ਸੀਜ਼ਨ ਦੌਰਾਨ ਤਕਰੀਬਨ ਇੱਕ ਲੱਖ ਬਹੱਤਰ ਹਜ਼ਾਰ ਹੈੱਕ ਰਕਬੇ ਵਿੱਚ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਕੀਤੀ ਗਈ ਹੈ, ਜਿਸ ਤੋਂ ਤਕਰੀਬਨ ਸਾਢੇ ਅੱਠ ਲੱਖ ਟਨ ਪੈਦਾਵਾਰ ਹੋਣ ਦੀ ਸੰਭਾਵਨਾ ਹੈ। ਇਸ ਪੈਦਾਵਾਰ ਦੇ ਸੁਚੱਜੇ ਮੰਡੀਕਰਨ ਲਈ ਕਿਸਾਨਾਂ ਨੂੰ ਮੰਡੀਆਂ ਵਿੱਚ ਤੁਲਾਈ ਅਤੇ ਬੋਲੀ ਸਮੇਂ ਵਧੇਰੇ ਸੁਚੇਤ ਹੋਣ ਦੀ ਜ਼ਰੂਰਤ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 15 ਸਤੰਬਰ ਤੋਂ ਝੋਨੇ ਦਾ ਮੰਡੀਕਰਨ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਲਗਾਤਾਰ ਬਰਸਾਤ ਅਤੇ ਹੜ੍ਹਾਂ ਕਾਰਨ ਝੋਨੇ ਦੀ ਫ਼ਸਲ ਤਕਰੀਬਨ 45 ਹਜ਼ਾਰ ਹੈਕਟੇਅਰ ਰਕਬੇ ਵਿੱਚ ਪ੍ਰਭਾਵਿਤ ਹੋਈ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਫ਼ਸਲ ਉੱਪਰ ਫ਼ਿਲਹਾਲ ਕਿਸੇ ਵੀ ਕੀੜੇ ਜਾਂ ਬਿਮਾਰੀ ਦਾ ਹਮਲਾ ਨਹੀਂ ਦੇਖਿਆ ਗਿਆ। ਉਨ੍ਹਾਂ ਦੱਸਿਆ ਕਿ ਕੁਝ ਅਗੇਤਰੀਆਂ ਕਿਸਮਾਂ ਦੀ ਪ੍ਰਪ੍ਰਾਗਨ ਪ੍ਰੀਕਿਰਿਆ ਪ੍ਰਭਾਵਿਤ ਹੋਣ ਨਾਲ ਮੁੰਝਰਾਂ ਦੇ ਕੁਝ ਦਾਣੇ ਬਦਰੰਗ ਹੋ ਗਏ ਹਨ ਜਿਸ ਨਾਲ ਜਿਨਸ ਦੇ ਮਿਆਰੀਪਨ ਤੇ ਅਸਰ ਪੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੁਝ ਜਗਾ ਤੇ ਝੋਨੇ ਦੇ ਬੌਣੇ ਬੂਟਿਆਂ ਦੇ ਵਿਸ਼ਾਨੂੰ ਰੋਗ ਦਾ ਹਮਲਾ ਦੇਖਿਆ ਗਿਆ ਸੀ ਪਰ ਸਮੇਂ ਸਿਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਤਕਨੀਕੀ ਅਗਵਾਈ ਦੇਣ ਕਾਰਨ ਹਾਲਤ ਕਾਬੂ ਹੇਠ ਹਨ । ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਵਿਚ ਫੋਕ ਦੀ ਮਾਤਰਾ ਘਟਾਉਣ ਲਈ ਗੱਬ ਭਰਨ ਦੀ ਅਵਸਥਾ ਤੇ 3 ਕਿੱਲੋ ਪੋਟਾਸ਼ੀਅਮ ਨਾਈਟ੍ਰੇਟ (13:0:45) ਨੂੰ 200 ਲੀਟਰ ਪਾਣੀ ਦੇ ਘੋਲ ਵਿਚ ਪ੍ਰਤੀ ਏਕੜ ਛਿੜਕਾਅ ਕਰ ਦੇਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਇਸ ਵਾਰ ਝੋਨੇ ਦੀ ਫ਼ਸਲ ਦਾ ਘੱਟੋ ਘੱਟ ਖ਼ਰੀਦ ਸਮਰਥਨ ਮੁੱਲ 2389/- ਰੁਪਏ ਪ੍ਰਤੀ ਕੁਇੰਟਲ ਮੁਕੱਰਰ ਕੀਤਾ ਹੈ ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਝੋਨੇ ਅਤੇ ਬਾਸਮਤੀ ਦੀ ਕਟਾਈ ਫ਼ਸਲ ਦੇ ਪੂਰੀ ਤਰਾਂ ਪੱਕਣ 'ਤੇ ਹੀ ਕਰਨੀ ਚਾਹੀਦੀ ਹੈ, ਕਿਉਂਕਿ ਜੇਕਰ ਫ਼ਸਲ ਦੀ ਕਟਾਈ ਪੱਕਣ ਤੋਂ ਪਹਿਲਾਂ ਹੀ ਕਰ ਲਈ ਜਾਵੇ ਤਾਂ ਅਣਪੱਕੇ ਅਤੇ ਹਰੇ ਦਾਣੇ ਉਪਜ ਦੇ ਮਿਆਰੀਪਣ 'ਤੇ ਅਸਰ ਪਾਉਂਦੇ ਹਨ । ਇਸ ਤਰਾਂ ਕਿਸਾਨ ਨੂੰ ਕਈ ਵਾਰ ਜਿਨਸ ਦਾ ਘੱਟ ਭਾਅ ਮਿਲਦਾ ਹੈ। ਉਨ੍ਹਾਂ ਕਿਹਾ ਕਿ ਚੰਗਾ ਅਤੇ ਪੂਰਾ ਭਾਅ ਲੈਣ ਲਈ ਉਪਜ ਵਿੱਚ ਨਮੀਂ ਦੀ ਮਾਤਰਾ ਨਿਰਧਾਰਿਤ ਮਾਪਦੰਡ 17 ਫ਼ੀਸਦੀ ਅਨੁਸਾਰ ਹੀ ਹੋਣੀ ਚਾਹੀਦੀ ਕਿਉਂਕਿ ਨਮੀ ਦੀ ਮਾਤਰਾ ਦੇ ਆਧਾਰ 'ਤੇ ਹੀ ਉਪਜ ਦਾ ਮੰਡੀਕਰਨ ਹੁੰਦਾ ਹੈ, ਬਿਹਤਰ ਹੋਵੇਗਾ ਜੇਕਰ ਕਿਸਾਨ ਖੜੀ ਫ਼ਸਲ ਨੂੰ ਚੰਗੀ ਤਰਾਂ ਪੱਕਣ ਤੇ ਹੀ ਕਟਾਈ ਕਰਕੇ ਘਰੋਂ ਸੁਕਾ ਕੇ ਲਿਆਵੇ ਤਾਂ ਜੋ ਕਿਸਾਨ ਫ਼ਸਲ ਵੇਚ ਕੇ ਸਮੇਂ ਸਿਰ ਘਰ ਵਾਪਸ ਜਾ ਸਕੇ। ਉਨ੍ਹਾਂ ਕਿਹਾ ਕਿ ਸਵੇਰੇ ਅਤੇ ਦੇਰ ਸ਼ਾਮ ਨੂੰ ਤਰੇਲ ਪੈਣ ਕਾਰਨ, ਝੋਨੇ ਦੀ ਕਟਾਈ ਸਵੇਰੇ 10 ਵਜੇ ਤੋਂ ਬਾਅਦ ਅਤੇ ਸ਼ਾਮ 6 ਵਜੇ ਤੋਂ ਪਹਿਲਾਂ ਹੀ ਕਰਨੀ ਚਾਹੀਦੀ ਹੈ ਤਾਂ ਜੋ ਨਮੀ ਨਿਰਧਾਰਿਤ ਮਾਪਦੰਡਾਂ ਅਨੁਸਾਰ ਹੀ ਰਹੇ।
ਉਨ੍ਹਾਂ ਕਿਹਾ ਕਿ ਕਦੇ ਵੀ ਛਾਂ ਹੇਠੋਂ, ਝੂਠੀ ਕਾਂਗਿਆਰੀ ਨਾਮਕ ਬਿਮਾਰੀ ਨਾਲ ਪ੍ਰਭਾਵਿਤ ਜਾਂ ਬਦਰੰਗ ਦਾਣਿਆਂ ਵਾਲੀ ਫ਼ਸਲ, ਪੱਕੇ ਹੋਏ ਝੋਨੇ ਦੀ ਕਟਾਈ ਦੇ ਨਾਲ ਨਾ ਕਰੋ ਕਿਉਂਕਿ ਇਹ ਵੀ ਉਪਜ ਦੇ ਮਿਆਰੀਪਣ 'ਤੇ ਅਸਰ ਪਾਉਂਦੀ ਹੈ, ਜਿਸ ਨਾਲ ਮੰਡੀਕਰਨ ਵਿਚ ਮੁਸ਼ਕਲ ਆਉਂਦੀ ਹੈ। ਉਨ੍ਹਾਂ ਕਿਹਾ ਕਿ ਟਰਾਲੀਆਂ ਜਾਂ ਹੋਰ ਵਹੀਕਲਾਂ ਦੇ ਪਿੱਛੇ ਰਿਫ਼ਲੈਕਟਰ ਜ਼ਰੂਰ ਲਗਾਓ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਕਿਸਾਨ ਨੇ ਮੰਡੀ ਵਿੱਚ ਸਫ਼ਾਈ ਅਤੇ ਉਤਰਾਈ ਦਾ ਹੀ ਖਰਚਾ ਦੇਣਾ ਹੁੰਦਾ ਅਤੇ ਫ਼ਸਲਾਂ ਦੀ ਖ਼ਰੀਦ ਤੇ ਹੋਰ ਖ਼ਰਚੇ ਜਿਵੇਂ ਮਾਰਕੀਟ ਫ਼ੀਸ 3 ਫ਼ੀਸਦੀ, ਆੜ੍ਹਤ 2.5 ਫ਼ੀਸਦੀ, ਪੇਂਡੂ ਵਿਕਾਸ ਫ਼ੰਡ 3 ਫ਼ੀਸਦੀ, ਬੁਨਿਆਦੀ ਢਾਂਚਾ ਵਿਕਾਸ ਫ਼ੰਡ ਖ਼ਰੀਦਦਾਰ ਨੇ ਦੇਣੇ ਹੁੰਦੇ ਹਨ, ਨਾ ਕਿ ਜ਼ਿਮੀਂਦਾਰ ਨੇ। ਉਨ੍ਹਾਂ ਕਿਹਾ ਕਿ ਕਿਸਾਨ ਨੂੰ ਜਿਨਸ ਦੀ ਬੋਲੀ ਮੌਕੇ ਹਮੇਸ਼ਾਂ ਢੇਰੀ ਦੇ ਕੋਲ ਰਹਿਣਾ ਚਾਹੀਦਾ ਤਾਂ ਜੋ ਢੇਰੀ ਦੇ ਲੱਗੇ ਭਾਅ ਦਾ ਪਤਾ ਲੱਗ ਸਕੇ। ਕਿਸਾਨ ਨੂੰ ਆਪਣੀ ਜਿਨਸ ਦੀ ਤੁਲਾਈ ਆਪਣੀ ਨਿਗਰਾਨੀ ਹੇਠ ਕਰਵਾਉਣੀ ਚਾਹੀਦੀ ਹੈ, ਜੇਕਰ ਕਿਸਾਨ ਨੂੰ ਲੱਗੇ ਕਿ ਤੁਲਾਈ ਵੱਧ ਹੋ ਰਹੀ ਹੈ ਤਾਂ ਉਹ ਆਪਣੀ ਤੋਲੀ ਜਿਨਸ ਦੀ 10 ਫ਼ੀਸਦੀ ਦੀ ਤੁਲਾਈ ਬਿਨਾਂ ਕਿਸੇ ਫ਼ੀਸ ਤੋਂ ‘ਪਰਖ ਤੁਲਾਈ’ ਕਰਵਾ ਸਕਦਾ ਹੈ ਅਤੇ ਇਹ ਤੁਲਾਈ ਸਕੱਤਰ ਮਾਰਕੀਟ ਕਮੇਟੀ ਜਾਂ ਸਹਾਇਕ ਮੰਡੀਕਰਨ ਅਫ਼ਸਰ ਦੀ ਹਾਜ਼ਰੀ ਵਿੱਚ ਹੋਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਫ਼ਸਲ ਦੀ ਵਿੱਕਰੀ ਉਪਰੰਤ ਕੱਚੀ ਪਰਚੀ ਦੇ ਬਿਜਾਏ, ਪੱਕੀ ਪਰਚੀ ਭਾਵ “ਜੇ” ਫਾਰਮ ਜ਼ਰੂਰ ਲਓ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਉਪਰੋਕਤ ਗੱਲਾਂ ਦਾ ਖ਼ਿਆਲ ਰੱਖਣ ਤਾਂ ਕਈ ਮੁਸ਼ਕਲਾਂ ਤੋਂ ਬਚਿਆ ਜਾ ਸਕਦਾ ਹੈ।