ਕਾਹਨੂੰਵਾਨ ਬੇਟ ਇਲਾਕੇ ਦਾ ਬਲਵੰਡਾ ਪੁਲ ਆਵਾਜਾਈ ਲਈ ਸ਼ੁਰੂ
ਹਲਕੇ ਦੀਆਂ ਸੜਕਾਂ ਦੀ ਮੁਰੰਮਤ ਲਈ 75 ਕਰੋੜ ਰੁਪਏ ਮਨਜ਼ੂਰ ਹੋਏ - ਜਗਰੂਪ ਸਿੰਘ ਸੇਖਵਾਂ
ਰੋਹਿਤ ਗੁਪਤਾ
ਗੁਰਦਾਸਪੁਰ, 15 ਸਤੰਬਰ - ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਕਾਦੀਆਂ ਦੇ ਬੇਟ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਲਾਂ ਨੂੰ ਅਸਾਨ ਕਰਦਿਆਂ ਬਲਵੰਡਾ ਪੁਲ ਨੂੰ ਆਵਾਜਾਈ ਲਈ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਨਵੇਂ ਬਣੇ ਪੁਲ ਦਾ ਉਦਘਾਟਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ।
ਇਸ ਪੁਲ ਨੂੰ ਬਣਾਉਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਦਾ ਧੰਨਵਾਦ ਕਰਦਿਆਂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਇਸ ਪੁਲ ਦੇ ਟੁੱਟ ਜਾਣ ਕਾਰਨ ਇਲਾਕੇ ਦੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜੋ ਹੁਣ ਦੂਰ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬਲਵੰਡਾ ਦਾ ਇਹ ਪੁਲ ਪਹਿਲੋਂ ਨਾਲੋਂ ਛੇ ਮੀਟਰ ਚੌੜਾ ਅਤੇ ਪੰਜ ਫੁੱਟ ਉੱਚਾ ਬਣਾਇਆ ਗਿਆ ਹੈ। ਇਸ ਪੁਲ ਦੀਆਂ ਕੋਠੀਆਂ ਨੂੰ 50 ਫੁੱਟ ਡੂੰਘਾ ਗਾਲ਼ਿਆ ਗਿਆ ਹੈ ਤਾਂ ਜੋ ਇਸ ਦੀ ਮਜ਼ਬੂਤੀ ਬਣੀ ਰਹੇ। ਉਨ੍ਹਾਂ ਕਿਹਾ ਕਿ ਪੁਲ ਦੇ ਨਾਲ ਜਿਹੜੀਆਂ ਅਪਰੋਚ ਰੋਡ ਹਨ ਉਨ੍ਹਾਂ ਨੂੰ ਵੀ ਮਜ਼ਬੂਤ ਬਣਾ ਕੇ ਸਾਈਡਾਂ ਤੇ ਰਿਟੇਨਿੰਗ ਵਾਲ ਬਣਾਈ ਜਾਵੇਗੀ।
ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਿਆਸ ਦਰਿਆ ਨਾਲ ਲੱਗਦੇ ਕਾਦੀਆਂ ਹਲਕੇ ਵਿੱਚ 27 ਕਿੱਲੋਮੀਟਰ ਜਿਹੜੀ ਧੁੱਸੀ ਬੰਨ੍ਹ ਦੀ ਸੜਕ ਦੀ ਮੁਰੰਮਤ ਕੀਤੀ ਗਈ ਸੀ ਉਹ ਇੱਕ ਥਾਂ ਤੋਂ ਵੀ ਨਹੀਂ ਟੁੱਟੀ। ਸਗੋਂ ਇਸ ਵਾਰ ਧੁੱਸੀ ਬੰਨ੍ਹ ਵੀ ਬਹੁਤ ਮਜ਼ਬੂਤੀ ਨਾਲ ਟਿਕਿਆ ਰਿਹਾ ਜਿਸ ਕਾਰਨ ਬੇਟ ਦਾ ਇਲਾਕਾ ਦਰਿਆ ਬਿਆਸ ਦੇ ਪਾਣੀ ਤੋਂ ਬਚਿਆ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਾਹਨੂੰਵਾਨ ਮਾਰਕਿਟ ਕਮੇਟੀ ਦੇ ਅਧੀਨ ਪੇਂਡੂ ਸੰਪਰਕ ਸੜਕਾਂ ਦੀ ਮੁਰੰਮਤ ਲਈ 24 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਸ ਤੋਂ ਇਲਾਵਾ 51 ਕਰੋੜ ਰੁਪਏ ਬੇਟ ਇਲਾਕੇ ਦੀਆਂ ਸੜਕਾਂ ਦੀ ਮੁਰੰਮਤ ਅਤੇ ਉਨ੍ਹਾਂ ਨੂੰ 11 ਫੁੱਟ ਤੋਂ 18 ਫੁੱਟ ਚੌੜਿਆਂ ਕਰਨ ਲਈ ਮਨਜ਼ੂਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਹਲਕੇ ਵਿੱਚ ਸੜਕਾਂ ਦੀ ਮੁਰੰਮਤ ਦਾ ਪ੍ਰੋਜੈਕਟ ਮੁਕੰਮਲ ਕੀਤਾ ਜਾਵੇਗਾ।