ਇੰਜੀਨੀਅਰ ਦਿਵਸ ਤੇ ਵਿਸ਼ੇਸ਼ - ਸਮਾਜ ਦੇ ਸੁਨਹਿਰੀ ਭਵਿੱਖ ਦੇ ਨਿਰਮਾਤਾ ਇੰਜੀਨੀਅਰ -: ਮਨਮੋਹਨ ਸਿੰਘ
ਭਾਰਤ ਭਰ ਵਿੱਚ ਹਰ ਸਾਲ 15 ਸਤੰਬਰ, ਨੂੰ ਇੰਜੀਨੀਅਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਵਿਸ਼ੇਸ਼ ਦਿਨ ਭਾਰਤ ਭਰ ਵਿੱਚ ਇੰਜੀਨੀਅਰਿੰਗ ਖੇਤਰ ਵਿੱਚ ਇੰਜੀਨੀਅਰਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਅਤੇ ਹੋਰ ਵਧੀਆ ਕੰਮ ਕਰਨ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ।
ਇਥੇ ਇਹ ਦੱਸਿਆ ਜਾਂਦਾ ਹੈ ਕਿ ਇਹ ਦਿਨ ਸਾਡੇ ਭਾਰਤ ਦੇਸ਼ ਦੇ ਮਹਾਨ ਇੰਜੀਨੀਅਰ ਅਤੇ ਭਾਰਤ ਰਤਨ ਪੁਰਸਕਾਰ ਜੇਤੂ ਮੋਕਸ਼ਗੁੰਡਮ ਵਿਸ਼ਵੇਸ਼ਵਰਿਆ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਮੋਕਸ਼ਗੁੰਡਮ ਵਿਸ਼ਵੇਸ਼ਵਰਿਆ ਨੇ ਭਾਰਤ ਦੇ ਵਿਕਾਸ ਸਦਕਾ ਖੁਸ਼ਹਾਲੀ ਵਿੱਚ ਬਹੁਤ ਵਡਮੁੱਲਾ ਯੋਗਦਾਨ ਪਾਇਆ। ਡਾਕਟਰ ਐਮ ਵਿਸ਼ਵੇਸ਼ਵਰਿਆ ਨੇ ਭਾਰਤ ਵਿੱਚ ਕਈ ਡੈਮ ਬਣਾਏ ਸਨ। ਇਨ੍ਹਾਂ ਵਿੱਚ ਕ੍ਰਿਸ਼ਨਰਾਜ ਸਾਗਰ ਡੈਮ, ਪੁਣੇ ਦੇ ਖੜਕਵਾਸਲਾ ਰਿਜ਼ਰਵਾਇਰ ਵਿੱਚ ਡੈਮ ਅਤੇ ਗਵਾਲੀਅਰ ਵਿੱਚ ਟਿਗਰਾ ਡੈਮ ਸ਼ਾਮਲ ਹਨ। ਇਸਦੀ ਯੋਜਨਾ ਸਾਲ 1909 ਵਿੱਚ ਬਣੀ ਸੀ ਅਤੇ ਇਹ ਸਾਲ 1932 ਵਿੱਚ ਪੂਰੀ ਹੋਈ ਸੀ। ਉਨ੍ਹਾਂ ਨੇ ਮੈਸੂਰ ਸਰਕਾਰ ਦੇ ਸਹਿਯੋਗ ਨਾਲ ਕਈ ਕਾਰਖਾਨੇ ਅਤੇ ਵਿਦਿਅਕ ਅਦਾਰੇ ਸਥਾਪਿਤ ਕੀਤੇ ਸਨ। ਡਾਕਟਰ ਵਿਸ਼ਵੇਸ਼ਵਰਯਾ ਦੇ ਇਨ੍ਹਾਂ ਯੋਗਦਾਨਾਂ ਤੋਂ ਬਾਅਦ, ਉਨ੍ਹਾਂ ਨੂੰ ਦੇਸ਼ ਭਰ ਵਿੱਚ ਮਾਨਤਾ ਮਿਲੀ।
ਭਾਰਤ ਵਿੱਚ ਸਿਵਲ ਇੰਜੀਨੀਅਰ ਦੇ ਮਹਾਂ ਨਾਇਕ ਮੋਕਸ਼ਗੁੰਡਮ ਵਿਸ਼ਵੇਸ਼ਵਰਿਆ ਨੂੰ ਸ਼ਰਧਾਂਜਲੀ ਦੇਣ ਲਈ ਹਰ ਸਾਲ 15 ਸਤੰਬਰ ਨੂੰ ਕੌਮੀ ਇੰਜੀਨੀਅਰ ਦਿਵਸ ਮਨਾਇਆ ਜਾਂਦਾ ਹੈ। ਮੋਕਸ਼ਗੁੰਡਮ ਵਿਸ਼ਵੇਸ਼ਵਰਿਆ ਭਾਰਤ ਦੇ ਪਹਿਲੇ ਸਿਵਲ ਇੰਜਨੀਅਰਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੂੰ 1955 ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ।
ਕੌਮੀ ਇੰਜੀਨੀਅਰ ਦਿਵਸ,ਮੋਕਸ਼ਗੁੰਡਮ ਵਿਸ਼ਵੇਸ਼ਵਰਿਆ ਦੇ ਕੰਮ ਦੇ ਸਨਮਾਨ ਕਰਨ ਦੇ ਨਾਲ ਨਾਲ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਹੋਰ ਇੰਜੀਨੀਅਰਾਂ ਨੂੰ ਵੀ ਯਾਦ ਕਰਨ ਦਾ ਦਿਨ ਹੈ,ਜਿੰਨਾਂ ਦੀ ਸਖ਼ਤ ਮਿਹਨਤ ਨੇ ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਵਿਕਾਸ ਲਈ ਵਡਮੁੱਲਾ ਯੋਗਦਾਨ ਪਾਇਆ ਹੈ।
ਸੰਸਾਰ ਭਰ ਵਿੱਚ ਵੱਖ-ਵੱਖ ਇੰਜੀਨੀਅਰਿੰਗ ਖੇਤਰਾਂ ਜਿਨ੍ਹਾਂ ਵਿੱਚ ਵਿਸ਼ੇਸ਼ ਕਰਕੇ ਮਕੈਨੀਕਲ,ਟੈਲੀਕਮਿਊਨੀਕੇਸ਼ਨਜ ,ਸਿਵਲ, ਇਲੈਕਟ੍ਰਿਕਲ,ਮੈਡੀਕਲ ਅਤੇ ਕੈਮੀਕਲ ਇੰਜੀਨੀਅਰਿੰਗ ਆਦਿ ਦੇ ਪ੍ਰਸਾਰ ਤੇ ਵਿਕਾਸ ਨਾਲ ਮਨੁੱਖੀ ਜੀਵਨ ਨੂੰ ਸੁਖਮਈ ਬਣਾਉਣ ਦੇ ਨਾਲ-ਨਾਲ ਇੰਜੀਨੀਅਰਾਂ ਨੇ ਉਦਯੋਗਿਕ ਤੇ ਖੇਤੀਬਾੜੀ ਖੇਤਰਾਂ ਵਿੱਚ ਇਨਕਲਾਬੀ ਸੁਧਾਰ ਲਿਆ ਕੇ ਵੱਧਦੀ ਅਬਾਦੀ ਦੇ ਚੈਲੰਜ ਨੂੰ ਕਬੂਲ ਕਰਦਿਆਂ ਸਮਾਜ ਦੇ ਹਰ ਖੇਤਰ ਦੇ ਪ੍ਰਸਾਰ ਅਗਾਂਹਵਧੂ /ਵਿਕਾਸ ਵਿੱਚ ਵਡਮੁੱਲਾ ਅਤੇ ਅਹਿਮ ਯੋਗਦਾਨ ਪਾਇਆ ਹੈ।
ਜਿਥੇ ਸਾਇੰਸ ਨੇ ਵੱਖ-ਵੱਖ ਖੇਤਰਾਂ ਵਿੱਚ ਜੋ ਵੀ ਨਵੀਆਂ ਤਕਨੀਕਾਂ ਵਿਕਸਤ ਕੀਤੀਆਂ ਹਨ,ਇਹਨਾਂ ਸਾਰੀਆਂ ਤਕਨੀਕਾਂ ਨੂੰ ਲੱਭਣ ਤੇ ਵਿਕਸਤ ਕਰਨ ਵਿੱਚ ਇੰਜੀਨੀਅਰਾਂ ਦੀ ਸੋਚ ਅਤੇ ਅਣਥੱਕ ਮਿਹਨਤ ਹੀ ਇਸ ਦਾ ਮੁੱਖ ਅਧਾਰ ਹੈ ਜਿਸ ਤੋਂ ਬਿਨਾਂ ਅਜੋਕੇ ਯੁੱਗ ਵਿੱਚ ਸੁਖਮਈ ਮਨੁੱਖੀ ਜਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਕਿਸੇ ਨੇ ਇਕ ਇੰਜੀਨੀਅਰ ਨੂੰ ਪੁਛਿਆ ਕਿ ਤੁਸੀਂ ਇੰਜੀਨੀਅਰ ਹੋਣ ਤੇ ਆਪਣੇ ਆਪ ਤੇ ਮਾਣ ਕਿਉਂ ਮਹਿਸੂਸ ਕਰਦੇ ਹੋ ? ਉਸ ਇੰਜੀਨੀਅਰ ਨੇ ਬਹੁਤ ਭਾਵੁਕ ਲਹਿਜ਼ੇ ਵਿੱਚ ਕਿਹਾ ਕਿ ਜਿਵੇਂ ਡਾਕਟਰ ਸਿਹਤ ਸੇਵਾਵਾਂ ਵਰਗੇ ਵਿਸ਼ਾਲ ਖੇਤਰ ਨਾਲ ਜੁੜੇ ਲੋਕਾਂ ਦਾ ਭਵਿੱਖ ਬਿਮਾਰੀਆਂ ਨੂੰ ਰੋਕਣ ਲਈ ਅਤੇ ਕਾਨੂੰਨੀ ਖੇਤਰ ਨਾਲ ਜੁੜੇ ਵੱਖ ਵੱਖ ਵਿੰਗਾਂ ਦੇ ਲੋਕਾਂ ਨੂੰ ਕਾਨੂੰਨੀ ਪ੍ਰਣਾਲੀ ਰਾਹੀਂ ਇੰਨਸਾਫ ਦਿਵਾਉਣ ਤੇ ਨਿਰਭਰ ਕਰਦੀ ਹੈ , ਪਰ ਇੱਕ ਇੰਜੀਨੀਅਰ ਹੀ ਹੈ ਜਿਸ ਦੀ ਖੁਸ਼ਹਾਲੀ, ਦੇਸ਼ ਅਤੇ ਸਮਾਜ ਦੀ ਖੁਸ਼ਹਾਲੀ ਦੇ ਵਾਧੇ ਤੇ ਹੀ ਨਿਰਭਰ ਕਰਦੀ ਹੈ।ਇਸੇ ਕਰਕੇ ਮੈਨੂੰ ਮਾਣ ਹੈ ਕਿ ਮੈਂ ਵੀ ਉਨਾਂ ਵਿੱਚੋਂ ਇੱਕੋ ਇੰਜੀਨੀਅਰ ਹਾਂ।
ਇੰਜੀਨੀਅਰ ਵਰਗ ਨੂੰ ਸਮਾਜ ਦੇ ਸੁਨਹਿਰੀ ਭਵਿੱਖ ਦਾ ਨਿਰਮਾਤਾ ਇਸ ਲਈ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਕਿ ਇੰਜੀਨੀਅਰ ਸਿਰਫ਼ ਤਕਨੀਕੀ ਮਾਹਿਰ ਨਹੀਂ, ਸਗੋਂ ਉਹ ਰਚਨਾਤਮਕ ਦ੍ਰਿਸ਼ਟੀ ਵਾਲੇ ਉਹ ਮਹਾਨ ਸ਼ਿਲਪਕਾਰ ਹਨ ਜਿਨ੍ਹਾਂ ਦੀ ਸੋਚ, ਵਿਗਿਆਨਕ ਦ੍ਰਿਸ਼ਟੀਕੋਣ ਅਤੇ ਨਵੀਨਤਾ ਦੇਸ਼ ਨੂੰ ਤਰੱਕੀ ਦੇ ਰਾਹ ‘ਤੇ ਲੈ ਜਾਂਦੀ ਹੈ। ਇੰਜੀਨੀਅਰ ਖਾਮੋਸ਼ੀ ਨਾਲ ਉਹਨਾਂ ਬੁਨਿਆਦਾਂ ਨੂੰ ਮਜ਼ਬੂਤ ਕਰਦੇ ਹਨ ਜਿਨ੍ਹਾਂ ‘ਤੇ ਕੌਮ ਦਾ ਵਰਤਮਾਨ ਟਿਕਿਆ ਹੈ ਅਤੇ ਭਵਿੱਖ ਦੀਆਂ ਉੱਚੀਆਂ ਇਮਾਰਤਾਂ ਖੜ੍ਹਦੀਆਂ ਹਨ। ਇੰਜੀਨੀਅਰਾਂ ਦੀ ਸੋਚ ਨਾਲ ਬਣੇ ਬੁਨਿਆਦੀ ਢਾਂਚੇ ਨਾ ਸਿਰਫ਼ ਦੇਸ਼ ਦੇ ਨਾਗਰਿਕਾਂ ਦੀ ਜ਼ਿੰਦਗੀ ਆਸਾਨ ਬਣਾਉਂਦੇ ਹਨ, ਸਗੋਂ ਆਰਥਿਕਤਾ ਨੂੰ ਮਜ਼ਬੂਤ ਕਰਦੇ ਹਨ ਅਤੇ ਨਵੇਂ ਰੋਜ਼ਗਾਰ ਦੇ ਸਾਧਨ ਵੀ ਪੈਦਾ ਕਰਦੇ ਹਨ। ਖੁਸ਼ਹਾਲੀ, ਜੋ ਕਿਸੇ ਵੀ ਸਮਾਜ ਦਾ ਸੁਪਨਾ ਹੁੰਦਾ ਹੈ, ਉਹ ਇੰਜੀਨੀਅਰਾਂ ਦੀ ਸਿਰਜਣਾਤਮਕ ਯਤਨਾਂ ਤੋਂ ਹੀ ਸੰਭਵ ਹੁੰਦਾ ਹੈ।
ਲੇਖਕ ਨਾਲ ਗਲਬਾਤ ਕਰਦਿਆਂ ਪਾਵਰਕਾਮ ਦੇ ਮੁੱਖ ਇੰਜੀਨੀਅਰ ਸੰਚਾਲਣ ਦੱਖਣ ਜੌਨ ਇੰਜ: ਰਤਨ ਮਿੱਤਲ ਨੇ ਇਕ ਸੰਦੇਸ਼ ਵਿੱਚ ਪੰਜਾਬ ਦੀ ਆਰਥਿਕ ਤਰੱਕੀ ਦੇ ਮੁੱਖ ਭਾਈਵਾਲ ਪਾਵਰਕਾਮ ਦੇ ਖਪਤਕਾਰਾਂ ਨੂੰ ਬਿਜਲੀ ਸੇਵਾਵਾਂ ਦੇ ਰਹੇ ਇੰਜੀਨੀਅਰਾਂ ਨੂੰ ਹੋਰ ਮਿਹਨਤ ਅਤੇ ਲਗਨ ਨਾਲ ਪ੍ਰੇਰਿਆ।
ਜੇਕਰ ਪੰਜਾਬ ਦੇ ਸਰਬਪੱਖੀ ਵਿਕਾਸ ਅਤੇ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਸਭ ਤੋਂ ਵੱਧ ਕਿਸੇ ਵਿਭਾਗ ਨੇ ਕਿਸੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਤਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਹੈ ਦਾ ਨਾਮ ਸਭ ਤੋਂ ਪਹਿਲੀ ਕਤਾਰ ਵਿੱਚ ਆਉਂਦਾ ਹੈ ਜਿਸ ਨੇ ਪੰਜਾਬ ਸੂਬੇ ਵਿੱਚ ਇਕ ਕਰੋੜ ਤੋਂ ਵੀ ਵੱਧ ਵੱਖ-ਵੱਖ ਵਰਗਾਂ ਦੇ ਖਪਤਕਾਰਾਂ ਦੇ ਅਹਾਤਿਆਂ ਨੂੰ ਰੋਸ਼ਨਾ ਰਿਹਾ ਹੈ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਪਹਿਲਾਂ ਪੰਜਾਬ ਰਾਜ ਬਿਜਲੀ ਬੋਰਡ ਦੀ ਵੱਖ-ਵੱਖ ਸਮਿਆਂ ਵਿੱਚ ਬਹੁਤ ਅਗਾਂਹ ਵਧੂ ਤੇ ਕਾਬਲ ਇੰਜੀਨੀਅਰਾਂ ਵੱਲੋਂ ਯੋਗ ਅਗਵਾਈ ਕੀਤੀ ਗਈ ਜਿਨ੍ਹਾਂ ਵਿੱਚ ਇੰਜ:ਐਚ.ਆਰ. ਭਾਟੀਆ, ਨਵਾਬ ਸਿੰਘ (ਆਈ.ਸੀ.ਐਸ) ਇੰਜ:ਆਰ.ਐਸ.ਗਿੱਲ , ਇੰਜ: ਹਰਬੰਸ ਸਿੰਘ, ਇੰਜ:ਵੀ.ਡੀ.ਸੂਦ, ਇੰਜ:ਐਨ.ਐਸ. ਵਸੰਤ, ਇੰਜ; ਕੇ.ਡੀ.ਚੋਧਰੀ ਅਤੇ ਇੰਜ: ਬਲਦੇਵ ਸਿੰਘ ਸਰਾਂ ਨੇ ਵੀ ਬਤੌਰ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਅਗਵਾਈ ਕਰਦਿਆਂ ਦਿਨ ਰਾਤ ਇਕ ਕਰਦੇ ਹੋਏ ਪੰਜਾਬ ਦੀ ਸਰਵਪੱਖੀ ਵਿਕਾਸ ਅਤੇ ਖੁਸ਼ਹਾਲੀ ਲਈ ਲਗਾਤਾਰ ਯਤਨਸ਼ੀਲ ਰਿਹਾ ਜਿਸ ਸਦਕਾ ਬਿਜਲੀ ਖੇਤਰ ਵਿੱਚ ਕਈ ਨਵੇਂ ਮੀਲ ਪੱਥਰ ਸਥਾਪਤ ਕੀਤੇ ਹਨ।
ਇਹਨਾਂ ਤੋਂ ਇਲਾਵਾ ਇੰਜੀ; ਪਦਮਜੀਤ ਸਿੰਘ, ਇੰਜ; ਪੀ.ਐਸ. ਸਤਨਾਮ, ਇੰਜ ਰਵਿੰਦਰ ਸਿੰਘ ਸੈਣੀ ਆਦਿ ਦੇ ਨਾਮ ਵੀ ਵਿਸ਼ੇਸ਼ ਹਨ ਜਿਨ੍ਹਾਂ ਨੇ ਪੰਜਾਬ ਦੇ ਬਿਜਲੀ ਖੇਤਰ ਦੇ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ।
ਲੋਕ ਸੰਪਰਕ ਸਲਾਹਕਾਰ
ਉਪ ਸਕੱਤਰ ਲੋਕ ਸੰਪਰਕ ,(ਸੇਵਾ ਮੁਕਤ) ਪਾਵਰਕਾਮ
E.mail iopspcl@gmail.com
Phone 8437725172

-
ਮਨਮੋਹਨ ਸਿੰਘ, ਲੋਕ ਸੰਪਰਕ ਸਲਾਹਕਾਰ
opspcl@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.