ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਜਨਤਕ ਜਥੇਬੰਦੀਆਂ ਵੱਲੋਂ ਵੱਡੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ ,13 ਸਤੰਬਰ 2025: ਸੂਬੇ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਸ਼ੁਰੂ ਕੀਤੀ ਵੱਡੀ ਫੰਡ ਮੁਹਿੰਮ ਦੇ ਤਹਿਤ ਅੱਜ ਲੰਬੀ ਇਲਾਕੇ ਦੀਆਂ ਜਥੇਬੰਦੀਆਂ ਵੱਲੋਂ ਆਪਣੀ ਮੀਟਿੰਗ ਕਰਕੇ 14 ਸਤੰਬਰ ਨੂੰ ਪਿੰਡ ਲੰਬੀ ਤੋਂ ਹੀ ਸਾਂਝੀ ਫੰਡ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ। ਲੰਬੀ ਵਿਖੇ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਬੀਕੇਯੂ ਏਕਤਾ ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਟੈਕਨੀਕਲ ਸਰਵਿਸਿਜ਼ ਯੂਨੀਅਨ, ਪੈਨਸ਼ਨਰਜ਼ ਐਸੋਸੀਏਸ਼ਨ ਅਤੇ ਤਰਕਸ਼ੀਲ ਸੁਸਾਇਟੀ ਦੇ ਆਗੂਆਂ ਨੇ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਆਖਿਆ ਕਿ ਬੀਤੇ ਦਿਨੀਂ ਜਨਤਕ ਜਥੇਬੰਦੀਆਂ ਹੋਈ ਸਾਂਝੀ ਸੂਬਾਈ ਮੀਟਿੰਗ ਦੌਰਾਨ ਹੜ੍ਹ ਪੀੜਤਾਂ ਦੀ ਵਿਆਪਕ ਤੇ ਲੰਬੇ ਦਾਅ ਤੋਂ ਮੱਦਦ ਕਰਨ ਦਾ ਵਿਸ਼ਾਲ ਟੀਚਾ ਮਿਥਿਆ ਗਿਆ ਹੈ।
ਉਹਨਾਂ ਆਖਿਆ ਕਿ ਸੂਬਾ ਅਤੇ ਕੇਂਦਰ ਸਰਕਾਰ ਨੇ ਮੌਸਮ ਵਿਗਿਆਨੀਆਂ ਦੀਆਂ ਗੰਭੀਰ ਚਿਤਾਵਨੀਆਂ ਦੇ ਬਾਵਜੂਦ ਵੀ ਹੜ੍ਹਾਂ ਦੀ ਰੋਕਥਾਮ ਲਈ ਨਾ ਅਗਾਉਂ ਪ੍ਰਬੰਧ ਕੀਤੇ ਅਤੇ ਨਾਂ ਹੀ ਬਾਅਦ ਵਿੱਚ ਲੋਕਾਂ ਦੀ ਬਾਂਹ ਫੜੀ ਹੈ। ਉਹਨਾਂ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਲਈ ਰਾਹਤ ਦੇ ਕੀਤੇ ਐਲਾਨਾਂ ਨੂੰ ਬੇਹੱਦ ਨਿਗੂਣੇ ਕਰਾਰ ਦਿੱਤਾ। ਉਹਨਾਂ ਦੋਸ਼ ਲਾਇਆ ਕਿ ਹੜ੍ਹਾਂ ਦੀ ਆਫਤ ਸਰਕਾਰਾਂ ਅਤੇ ਉੱਚ ਅਫ਼ਸਰਸ਼ਾਹੀ ਦੀ ਲੋਕਾਂ ਪ੍ਰਤੀ ਬੇਗਾਨਗੀ ਤੇ ਲਾਪ੍ਰਵਾਹੀ ਵਾਲੀ ਨੀਤੀ ਦਾ ਸਿੱਟਾ ਹੈ ਜਿਸ ਦੀ ਆਮ ਲੋਕਾਂ ਨੂੰ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ। ਜਨਤਕ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਉਹਨਾਂ ਵੱਲੋਂ ਹੜ੍ਹ ਪੀੜ੍ਹਤ ਪਰਿਵਾਰਾਂ ਦੀ ਮੱਦਦ ਲਈ ਲੰਬੀ ਇਲਾਕੇ ਦੇ ਪਿੰਡਾਂ ਤੇ ਕਸਬਿਆਂ ਚ ਸਾਂਝੀ ਫੰਡ ਮੁਹਿੰਮ ਚਲਾਈ ਜਾਵੇਗੀ ਅਤੇ ਇਕੱਠੀ ਹੋਈ ਰਾਸ਼ੀ ਅਤੇ ਸਮਾਨ ਪੀੜਤ ਮਜ਼ਦੂਰਾਂ ਅਤੇ ਬੇਜ਼ਮੀਨੇ ਤੇ ਥੁੜ ਜ਼ਮੀਨੇ ਕਿਸਾਨਾਂ ਦੇ ਪਰਿਵਾਰਾਂ ਨੂੰ ਪਹਿਲ ਦੇ ਆਧਾਰ 'ਤੇ ਵੰਡੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਕਿਸਾਨਾਂ ਦੀਆਂ ਜਮੀਨਾਂ ਵਾਹੀਯੋਗ ਬਨਾਉਣ, ਫ਼ਸਲ ਦੀ ਬਿਜਾਈ, ਮਜ਼ਦੂਰਾਂ ਦੇ ਘਰਾਂ ਦੀ ਉਸਾਰੀ ਤੇ ਮੁਰੰਮਤ, ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਤੇ ਥੁੜ ਜ਼ਮੀਨੇ ਕਿਸਾਨਾਂ ਲਈ ਰਾਸ਼ਨ, ਦਵਾਈਆਂ, ਕੱਪੜੇ, ਵਿਦਿਆਰਥੀਆਂ ਲਈ ਕਿਤਾਬਾਂ ਅਤੇ ਸਟੇਸ਼ਨਰੀ ਮੁਹੱਈਆ ਕਰਾਉਣ ਤੋਂ ਇਲਾਵਾ ਪਸ਼ੂਆਂ ਲਈ ਅਚਾਰ,ਹਰੇ ਚਾਰੇ ਅਤੇ ਤੂੜੀ ਆਦਿ ਦਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਪਿੰਡਾਂ ਵਿੱਚ ਜੋਰਦਾਰ ਮੁਹਿੰਮ ਚਲਾਈ ਜਾਵੇਗੀ। ਇਸ ਤੋਂ ਇਲਾਵਾ ਘਰਾਂ ਤੇ ਖੇਤਾਂ ਚੋ ਰੇਤਾ ਕੱਢਣ ਲਈ ਵੱਡੀ ਪੱਧਰ ਤੇ ਟਰੈਕਟਰ ਵੀ ਭੇਜੇ ਜਾਣਗੇ। ਮੀਟਿੰਗ ਵਿੱਚ ਹਾਜ਼ਰ ਮੁਲਾਜ਼ਮ ਆਗੂ ਦਿਲਾਵਰ ਸਿੰਘ, ਪ੍ਰਕਾਸ਼ ਚੰਦ ਚੰਨੂ, ਸੱਤਪਾਲ ਬਾਦਲ, ਕਿਸਾਨ ਆਗੂ ਮਲਕੀਤ ਸਿੰਘ ਗੱਗੜ, ਮਨੋਹਰ ਸਿੰਘ ਸਿੱਖਾਂਵਾਲਾ, ਖੇਤ ਮਜ਼ਦੂਰ ਆਗੂ ਰਾਮਪਾਲ ਗੱਗੜ ਤੇ ਤਰਕਸ਼ੀਲ ਆਗੂ ਜਗਤਾਰ ਸਿੰਘ ਨੇ ਆਖਿਆ ਸਮੂਹ ਜਨਤਕ ਜਥੇਬੰਦੀਆਂ ਵਲੋਂ ਲੰਬੀ ਇਲਾਕੇ ਦੇ ਨਾਲ ਹਰਿਆਣਾ ਦੇ ਡੱਬਵਾਲੀ ਖੇਤਰ ਚ ਵੀ ਫੰਡ ਮੁਹਿੰਮ ਚਲਾ ਕੇ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਦੀਆਂ ਲੋੜਾਂ ਦੀ ਪੂਰਤੀ ਲਈ ਜ਼ੋਰਦਾਰ ਯਤਨ ਜੁਟਾਏ ਜਾਣਗੇ। ਉਹਨਾਂ ਸਮੂਹ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਜਥੇਬੰਦੀਆਂ ਦਾ ਸਾਥ ਦੇਣ।