ਬੀਕੇਯੂ ਲੱਖੋਵਾਲ ਵੱਲੋਂ ਘੱਗਰ ਬੰਨ੍ਹ ਬਣਾਉਣ ਦੀ ਸੇਵਾ ਦੀ ਕੀਤੀ ਸ਼ੁਰੂਆਤ
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਤੇ ਕਾਂਗਰਸ ਦੇ ਹਲਕਾ ਇੰਚਾਰਜ਼ ਦੀਪਇੰਦਰ ਸਿੰਘ ਢਿੱਲੋਂ ਨੇ ਵਿਸ਼ੇਸ ਤੌਰ 'ਤੇ ਸ਼ਮੂਲੀਅਤ ਕੀਤੀ
ਮਲਕੀਤ ਸਿੰਘ ਮਲਕਪੁਰ
ਲਾਲੜੂ 13 ਸਤੰਬਰ 2025: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਡੇਰਾਬੱਸੀ ਵੱਲੋਂ ਅੱਜ ਸੂਬਾ ਕਾਰਜਕਾਰਨੀ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ ਦੀ ਅਗਵਾਈ ਹੇਠ ਪਿੰਡ ਟਿਵਾਣਾ ਨੇੜੇ ਘੱਗਰ ਦੇ ਬੰਨ੍ਹ ਨੂੰ ਪਏ ਪਾੜ ਨੂੰ ਪੂਰਾ ਕਰਨ ਲਈ ਕਾਰ ਸੇਵਾ ਦਾ ਕੰਮ ਆਰੰਭ ਕੀਤਾ ਗਿਆ, ਜਿਸ ਵਿੱਚ ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਤੋਂ ਇਲਾਵਾ ਇਲਾਕਾ ਨਿਵਾਸੀਆਂ ਵੱਲੋਂ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਗਈ। ਬੰਨ੍ਹ ਬਣਾਉਣ ਦੇ ਕੰਮ ਦੀ ਸ਼ੁਰੂਆਤ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨਾਲ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹ ਕਲਾਂ ਅਤੇ ਉਨ੍ਹਾਂ ਦੀ ਟੀਮ ਹਾਜ਼ਰ ਸੀ। ਇਸ ਮੌਕੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਉਦੇਵੀਰ ਸਿੰਘ ਢਿੱਲੋਂ ਨੇ ਵੀ ਹਾਜ਼ਰੀ ਲਗਵਾਈ। ਹਰਿੰਦਰ ਸਿੰਘ ਲੱਖੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਟਿਵਾਣਾ ਸਮੇਤ ਨੇੜਲੇ ਪਿੰਡਾਂ ਦੇ ਕਿਸਾਨਾਂ ਅਤੇ ਮਜ਼ਦੂਰਾਂ 'ਤੇ 2023 ਵਾਂਗ ਇਸ ਸਾਲ ਮੁੜ ਪਾਣੀ ਦੀ ਮਾਰ ਪਈ ਹੈ। ਉਨ੍ਹਾਂ ਦੱਸਿਆ ਕਿ ਇਸ ਮੁੜ ਤੋਂ ਆਏ ਪਾਣੀ ਦੀ ਮਾਰ ਨੇ ਕਿਸਾਨਾਂ ਨੂੰ ਵੱਡੀ ਸੱਟ ਮਾਰੀ ਹੈ ਜੋ ਪੂਰਾ ਨਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਕਿਹਾ ਕਿ ਇਸ ਹੋਏ ਨੁਕਸਾਨ ਦੀ ਭਰਪਾਈ ਲਈ ਸਰਕਾਰ ਕਿਸਾਨਾਂ ਦੀ ਸਿੱਧੇ ਤੌਰ 'ਤੇ ਬਾਂਹ ਫੜੇ ਅਤੇ 70 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਪਾਇਆ ਜਾਵੇ ਅਤੇ ਖਰਾਬ ਹੋ ਚੁੱਕੇ ਟਿਊਬਵੈਲ ਲਗਵਾਕੇ ਦਿੱਤੇ ਜਾਣ ਅਤੇ ਟਿਊਬਵੈਲ ਵਾਲਾ ਕਮਰੇ ਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਘੱਗਰ ਦਰਿਆ ਨੇ ਖੇਤਾਂ ਵਿੱਚ ਵੱਡੇ-ਵੱਡੇ ਟੋਏ ਪਾ ਦਿੱਤੇ ਹਨ ਤੇ ਮਿੱਟੀ ਪੂਰੀ ਤਰ੍ਹਾਂ ਵਹਿ ਕੇ ਹੋਰਨਾਂ ਖੇਤਾਂ ਵਿੱਚ ਚਲੀ ਗਈ ਹੈ, ਜਿਸ ਦੀ ਭਰਪਾਈ ਲਈ ਸਰਕਾਰ ਅਲੱਗ ਤੋਂ ਮੁਆਵਜ਼ਾ ਦੇਵੇ। ਇਸ ਮੌਕੇ ਦੀਪਇੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਦੁਖ ਦੀ ਘੜੀ ਵਿੱਚ ਸਾਨੂੰ ਪਾਰਟੀਬਾਜ਼ੀ ਤੋਂ ਉੱਠ ਕੇ ਆਪਣੇ ਇਲਾਕੇ ਦੇ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਜਥੇਬੰਦੀ ਸਾਨੂੰ ਜਿਸ ਕਿਸੇ ਵੀ ਕਿਸਮ ਦਾ ਸੁਨੇਹਾ ਲਾਏਗੀ, ਅਸੀਂ ਉਸ ਉੱਤੇ ਜ਼ਰੂਰ ਖਰੇ ਉਤਰਾਂਗੇ ਉਨ੍ਹਾਂ ਨੇ ਕਿਸਾਨਾਂ ਦੇ ਇਸ ਸ਼ਲਾਘਾਯੋਗ ਕਦਮ ਦੀ ਤਾਰੀਫ ਕੀਤੀ । ਇਸ ਮੌਕੇ ਦਵਿੰਦਰ ਸਿੰਘ ਦੇਹ ਕਲਾਂ ਅਤੇ ਉਨਾਂ ਦੀ ਟੀਮ ਵੱਲੋਂ ਇਕ ਲੱਖ ਰੁਪਏ ਨਗਦ ਦਾ ਯੋਗਦਾਨ ਜਥੇਬੰਦੀ ਨੂੰ ਬੰਨ੍ਹ ਵਾਸਤੇ ਦਿੱਤਾ ਅਤੇ ਮਾਸਟਰ ਗੁਰਚਰਨ ਸਿੰਘ ਤੋਗਾਂਪੁਰ ਵੱਲੋਂ ਵੀ ਇਕ ਲੱਖ ਰੁਪਏ ਦਾ ਯੋਗਦਾਨ ਜਥੇਬੰਦੀ ਨੂੰ ਬੰਨ੍ਹ ਵਾਸਤੇ ਦਿੱਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਰਾਣਾ ਕਾਰਜਕਾਰੀ ਪ੍ਰਧਾਨ ਬੀਕੇਯੂ ਲੱਖੋਵਾਲ ਬਲਾਕ ਡੇਰਾਬੱਸੀ ਬਖਸ਼ੀਸ਼ ਸਿੰਘ ਭੱਟੀ, ਮਨਜੀਤ ਸਿੰਘ ਸਰਸੀਣੀ, ਜਥੇਦਾਰ ਜਗਤਾਰ ਸਿੰਘ, ਭਜਨ ਸਿੰਘ ਖਜੂਰ ਮੰਡੀ, ਕਾਕਾ ਸਿੰਘ ਸਰਸੀਣੀ, ਜਸਮੀਤ ਸਿੰਘ ਅਤੇ ਦਲਵੀਰ ਸਿੰਘ ਡੰਗਡਿਹਰਾ ਆਦਿ ਵੀ ਹਾਜ਼ਰ ਸਨ।