ਤਰਨਤਾਰਨ ਪੁਲਿਸ ਵੱਲੋਂ ਸਾਲ 2019 'ਚ ਦਰਜ ਕੀਤਾ ਮੁਕੱਦਮਾ ਅਦਾਲਤ 'ਚ ਹੋਇਆ ਝੂਠਾ ਸਾਬਤ, ਪੀੜ੍ਹਤ ਨਵਦੀਪ ਨੇ ਕਿਹਾ- ਮੈਨੂੰ ਕਰੀਬ 6 ਸਾਲਾਂ ਬਾਅਦ ਮਿਲਿਆ ਇਨਸਾਫ਼
ਥਾਣਾ ਸਿਟੀ ਪੱਟੀ ਪੁਲਿਸ ਵੱਲੋ ਸਿਆਸੀ ਰੰਜਿਸ਼ ਤਹਿਤ ਦਰਜ ਕੀਤਾ ਗਿਆ ਸੀ ਕੇਸ
ਤਰਨਤਾਰਨ, 6 ਸਤੰਬਰ 2025- ਦੇਰ ਸ਼ਾਮ ਅਦਾਲਤ ਦੇ ਆਰਡਰ ਦਿਖਾਉਂਦਿਆ ਪੀੜ੍ਹਤ ਨਵਦੀਪ ਸਿੰਘ ਨੇ ਕਿਹਾ ਕਿ ਸਾਲ 2019 ਚ ਥਾਣਾ ਸਿਟੀ ਪੱਟੀ ਜ਼ਿਲਾ ਤਰਨ ਤਾਰਨ ਪੁਲਿਸ ਨੇ ਸਿਆਸੀ ਰੰਜਿਸ਼ ਤਹਿਤ ਮੇਰੇ ਅਤੇ ਹਰਪ੍ਰੀਤ ਸਿੰਘ ਖਿਲਾਫ਼ ਝੂਠਾ 182 ਦਾ ਕੇਸ ਦਰਜ ਕਰ ਕੇ ਸੱਚਾਈ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਹਰਾਸਮੈਂਟ ਕੀਤਾ। ਨਵਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੈਂ ਆਪਣੀ ਲੜਾਈ ਜਾਰੀ ਰੱਖੀ ਅਤੇ ਆਖਿਰ ਪੱਟੀ ਸਿਵਲ ਅਦਾਲਤ ਦੇ ਮਾਣਯੋਗ ਜੱਜ ਸਾਹਿਬ ਜਗਜੀਤ ਸਿੰਘ ਵੱਲੋ ਸਾਨੂੰ ਇਸ ਕੇਸ ਵਿੱਚੋ ਡਿਸਚਾਰਜ ਕਰਕੇ ਕੇਸ ਬੰਦ ਕਰ ਦਿੱਤਾ ਅਤੇ ਥਾਣਾ ਸਿਟੀ ਪੱਟੀ ਪੁਲਿਸ ਦਾ ਝੂਠ ਸਾਹਮਣੇ ਆ ਗਿਆ ਹੈ।
ਨਵਦੀਪ ਸਿੰਘ ਨੇ ਦੋਸ਼ ਲਾਊਂਦੇ ਹੋਏ ਕਿਹਾ ਕਿ ਸਾਲ 2019 ਚ ਏ.ਐਸ.ਆਈ ਰਸਾਲ ਸਿੰਘ , ਪੁਲਿਸ ਮੁਲਾਜ਼ਮ ਗੁਰਦਿਆਲ ਸਿੰਘ ਅਤੇ ਦਲਬੀਰ ਸਿੰਘ ਨੇ ਮੇਰੇ ਤੇ ਹਰਪ੍ਰੀਤ ਸਿੰਘ ਵਿਰੁੱਧ ਝੂਠੀ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਉਸ ਸਮੇ ਦੇ ਥਾਣਾ ਸਿਟੀ ਪੱਟੀ ਦੇ ਐਸ.ਐਚ.ਓ ਬਲਕਾਰ ਸਿੰਘ, ਡੀ.ਐਸ.ਪੀ ਪੱਟੀ ਆਜ਼ਾਦਦਵਿੰਦਰ ਸਿੰਘ ਸਮੇਤ ਉੱਚ ਪੁਲਿਸ ਅਧਿਕਾਰੀਆਂ ਅਤੇ ਸਿਆਸੀ ਬੰਦਿਆਂ ਦੇ ਦਬਾਅ ਕਾਰਨ ਇਹ ਕੇਸ ਦਰਜ ਹੋਇਆ ਸੀ। ਜਿਸ ਕਰਕੇ ਮੈਨੂੰ ਲੰਮਾ ਸਮਾਂ ਖੁਦ ਇਸ ਕੇਸ ਦੀ ਲੜਾਈ ਲੜਨੀ ਪਈ ਅਤੇ ਹੁਣ ਪੱਟੀ ਅਦਾਲਤ ਨੇ ਕਰੀਬ 80 ਮਹੀਨੇ ਬਾਅਦ ਮੈਨੂੰ ਡਿਸਚਾਰਜ ਕਰਕੇ ਇਨਸਾਫ਼ ਕੀਤਾ ਹੈ। ਨਵਦੀਪ ਸਿੰਘ ਨੇ ਕਿਹਾ ਕਿ ਝੂਠਾ ਕੇਸ ਦਰਜ ਕਰਵਾਉਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਲਈ ਉੱਚ ਅਧਿਕਾਰੀਆਂ ਪਾਸ ਸ਼ਿਕਾਇਤ ਦਰਜ ਕਰਵਾਈ ਜਾਵੇਗੀ।