ਭਾਜਪਾ ਆਗੂ ਐਸਐਮਐਸ ਸੰਧੂ ਨੇ ਹਾਈਵੇ ਦੇ ਗਲਤ ਡਿਜ਼ਾਈਨ ਦਾ ਮੁੱਦਾ ਅਧਿਕਾਰੀਆਂ ਕੋਲ ਉਠਾਇਆ
ਪਿੰਡ ਰਜਾਪੁਰ 'ਚ ਕਿਸਾਨਾਂ ਦੇ ਖੇਤ ਅਤੇ ਘਰ ਪਾਣੀ ਵਿੱਚ ਡੁੱਬੇ
ਮਲਕੀਤ ਸਿੰਘ ਮਲਕਪੁਰ
ਲਾਲੜੂ 6 ਸਤੰਬਰ 2025: ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਭਾਜਪਾ ਆਗੂ ਐਸਐਮਐਸ ਸੰਧੂ ਨੇ ਹੰਡੇਸਰਾ ਇਲਾਕੇ ਵਿੱਚ ਬਨਣ ਵਾਲੀਆਂ ਦੋ ਉੱਚੀਆਂ ਸੜਕਾਂ (ਨੈਸ਼ਨਲ ਹਾਈਵੇਅ ) ਕਾਰਨ ਇਸ ਇਲਾਕੇ ਦੇ ਪਿੰਡ ਰਜਾਪੁਰ ਦੇ ਬੁਰੀ ਤਰ੍ਹਾਂ ਹੜ੍ਹਾਂ ਦੀ ਮਾਰ ਹੇਠ ਆਉਣ ਦਾ ਮਾਮਲਾ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਮੂਹਰੇ ਉਠਾਇਆ। ਸ੍ਰ.ਸੰਧੂ ਨੇ ਮੀਡੀਆ ਨਾਲ ਗੱਲਬਾਤ ਵਿੱਚ ਕਿਹਾ ਕਿ ਹਾਈਵੇ ਨਿਰਮਾਣ ਲਈ ਜੋ ਨਕਸ਼ਾ ਤਿਆਰ ਕੀਤਾ ਗਿਆ ਹੈ, ਉਸ ਵਿੱਚ ਰਜਾਪੁਰ ਪਿੰਡ ਦੇ ਬਰਸਾਤ ਦੇ ਪਾਣੀ ਦੇ ਨਿਕਾਸ ਲਈ ਕੋਈ ਢੁਕਵਾਂ ਪ੍ਰਬੰਧ ਨਹੀਂ ਕੀਤਾ ਗਿਆ। ਇਸ ਦਾ ਖ਼ਮਿਆਜ਼ਾ ਸਿੱਧਾ ਪਿੰਡ ਵਾਸੀਆਂ ਨੂੰ ਭੁਗਤਨਾ ਪੈ ਰਿਹਾ ਹੈ ਤੇ ਇਸ ਦੇ ਚੱਲਦਿਆਂ ਪਿੰਡ ਤੇ ਖੇਤਾਂ ਵਿਚ ਤਿੰਨ -ਤਿੰਨ ਫੁੱਟ ਪਾਣੀ ਆ ਗਿਆ ਹੈ । ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਨਾ ਹੋਣ। ਸ੍ਰ.ਸੰਧੂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਬਾਬਤ ਐਸਡੀਐਮ ਅਤੇ ਡੀਸੀ ਨਾਲ ਵੀ ਗੱਲਬਾਤ ਕੀਤੀ ਹੈ। ਨੈਸ਼ਨਲ ਹਾਈਵੇ ਅਥਾਰਟੀ ਦੇ ਸੀਨੀਅਰ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਹੈ ਕਿ ਜਲਦ ਹੀ ਇੱਕ ਹੋਰ ਪੁਲੀ ਦਾ ਨਿਰਮਾਣ ਕਰਵਾ ਦਿੱਤਾ ਜਾਵੇਗਾ ਤਾਂ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀ ਸਮੱਸਿਆ ਖੜ੍ਹੀ ਨਾ ਹੋਵੇ। ਸ੍ਰ.ਸੰਧੂ ਨੇ ਜ਼ੋਰ ਦੇ ਕੇ ਕਿਹਾ ਕਿ ਗਲਤ ਡਿਜ਼ਾਈਨ ਦੇ ਕਾਰਨ ਆਮ ਜਨਤਾ ਨੂੰ ਤਕਲੀਫ ਝੇਲਣੀ ਪੈ ਰਹੀ ਹੈ। ਇਸ ਮੌਕੇ ਪਿੰਡ ਖੇਲਨ ਤੋਂ ਰਾਜੇਸ਼ ਸਿੰਘ, ਜੋਧ ਸਿੰਘ, ਰਾਹੁਲ ਰਾਣਾ, ਮੋਹਿਤ ਰਾਣਾ ਅਤੇ ਰਜਾਪੁਰ ਪਿੰਡ ਤੋਂ ਮਹਿਪਾਲ, ਯਸ਼ਪਾਲ, ਧਰਮ ਸਿੰਘ ਨੰਬਰਦਾਰ ਅਤੇ ਨਕਲ ਸਿੰਘ (ਸਾਬਕਾ ਸਰਪੰਚ) ਸਮੇਤ ਪਿੰਡ ਵਾਸੀਆਂ ਨੇ ਐਸਐਮਐਸ ਸੰਧੂ ਦਾ ਧੰਨਵਾਦ ਕੀਤਾ ਅਤੇ ਮੌਕੇ ਤੇ ਪੁੱਜ ਕੇ ਕੰਮ ਕਰਵਾਉਣ ਦੀ ਸ਼ਲਾਘਾ ਵੀ ਕੀਤੀ। ਸ. ਸੰਧੂ ਨੇ ਪਿੰਡ ਵਾਸੀਆਂ ਨੂੰ ਵਿਸਵਾਸ਼ ਦਿਵਾਇਆ ਕਿ ਉਹ ਹਲਕੇ ਦੇ ਲੋਕਾਂ ਦੀ ਹਰ ਸਮੱਸਿਆ ਦਾ ਪਹਿਲ ਦੇ ਅਧਾਰ ਉੱਤੇ ਹੱਲ ਕਰਵਾਉਣ ਲਈ ਤਤਪਰ ਹਨ ਅਤੇ ਹਮੇਸਾਂ ਲੋਕਾਂ ਨਾਲ ਖੜੇ ਰਹਿਣਗੇ।