ਨਵਾਂਸ਼ਹਿਰ: ਸਤਲੁਜ ਦਰਿਆ ਦੇ ਬੰਨ੍ਹਾਂ ਦੀ ਸਥਿਤੀ ਠੀਕ- DC
ਤਲਵੰਡੀ ਸ਼ੀਬੂ ਵਿਖੇ ਬੰਨ੍ਹ ਨੂੰ ਕੀਤਾ ਗਿਆ ਹੋਰ ਮਜ਼ਬੂਤ, ਫੌਜ ਦੀ ਟੀਮ ਵੀ ਜੁਟੀ
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਕੀਤੀ ਅਪੀਲ
ਪ੍ਰਮੋਦ ਭਾਰਤੀ
ਨਵਾਂਸ਼ਹਿਰ 6 ਸਤੰਬਰ,2025- ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿਚ ਸਤਲੁਜ ਦਰਿਆ ਦੇ ਬੰਨ੍ਹ 'ਤੇ ਸਥਿਤੀ ਕੰਟਰੋਲ ਹੇਠ ਹੈ ਜਿਸ ਕਰਕੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਅਫਵਾਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਦੱਸਿਆ ਕਿ ਤਲਵੰਡੀ ਸ਼ੀਬੂ ਵਿਖੇ ਬੰਨ੍ਹ ਨੂੰ ਲੱਗੀ ਢਾਹ ਨੂੰ ਲੋਕਾਂ ਦੇ ਸਹਿਯੋਗ ਨਾਲ ਹੋਰ ਅੱਗੇ ਵੱਧਣ ਤੋਂ ਸਮੇਂ ਸਿਰ ਰੋਕਿਆ ਗਿਆ ਅਤੇ ਬੀਤੀ ਰਾਤ ਤੋਂ ਭਾਰਤੀ ਫੌਜ ਦੀ ਟੀਮ ਵੱਲੋਂ ਲਗਾਤਾਰ ਬੰਨ੍ਹ ਨੂੰ ਹੋਰ ਮਜ਼ਬੂਤ ਕਰਨ ਲਈ ਕਾਰਜਾਂ ਵਿਚ ਨਾਲ ਹੋ ਕੇ ਕੰਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਲਾ ਤਾਜੋਵਾਲ, ਤਾਜੋਵਾਲ ਮੰਢਾਲਾ, ਧੈਂਗੜਪੁਰ, ਪੰਦਰਾਵਲ ਅਤੇ ਬੁਰਜ਼ ਟਹਿਲਦਾਸ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਲਗਾਤਾਰ ਬੰਨ੍ਹ ਅਤੇ ਪਾਣੀ ਦੇ ਵਹਾਅ 'ਤੇ ਨਿਗ੍ਹਾ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰੀ ਗਿਣਤੀ ਵਿਚ ਪਿੰਡਾਂ ਦੇ ਵਸਨੀਕ ਬੰਨ੍ਹਾਂ ਦੀ ਮਜ਼ਬੂਤੀ ਦੇ ਕੰਮ ਵਿਚ ਜੁਟੇ ਹੋਏ ਹਨ ਜੋ ਕਿ ਕਾਬਿਲੇ ਤਾਰੀਫ ਹੈ।
ਸਤਲੁਜ ਦਰਿਆ ਵਿਚ ਪਾਣੀ ਦੇ ਘੱਟ-ਵੱਧ ਰਹੇ ਪਾਣੀ ਦੇ ਪੱਧਰ ਬਾਰੇ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਕਿਹਾ ਕਿ ਪਾਣੀ ਦੇ ਪੱਧਰ ਨੂੰ ਦੇਖਦਿਆਂ ਹਰ ਪੱਖੋਂ ਢੁੱਕਵੇਂ ਇੰਤਜਾਮ ਕੀਤੇ ਜਾ ਰਹੇ ਹਨ ਤਾਂ ਜੋ ਕਿਸੇ ਵੀ ਸਥਿਤੀ ਨਾਲ ਸਹਿਜੇ ਹੀ ਨਜਿਠਿਆ ਜਾ ਸਕੇ। ਉਨ੍ਹਾਂ ਨੇ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਸਿਰ ਦਿੱਤੀ ਜਾ ਰਹੀ ਜਾਣਕਾਰੀ ਤੋਂ ਜਾਣੂੰ ਰਹਿਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੀਆਂ ਥਾਵਾਂ ਤੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿਚ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜੋ ਲਗਾਤਾਰ ਸਥਿਤੀ ਦਾ ਜਾਇਜਾ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਫਿਰ ਪਾਣੀ ਦੇ ਪੱਧਰ, ਬੰਨ੍ਹ ਦੀ ਸਥਿਤੀ ਆਦਿ ਦੀ ਕੋਈ ਵੀ ਸੂਚਨਾ ਹੋਵੇ ਤਾਂ ਲੋਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਪਿਤ ਕੀਤੇ ਕੰਟਰੋਲ ਰੂਮ ਤੇ ਦੇ ਸਕਦੇ ਹਨ ਤਾਂ ਜੋ ਸਮੇਂ ਸਿਰ ਲੋੜੀਂਦੇ ਕਦਮ ਚੁੱਕੇ ਜਾ ਸਕਣ।
ਜਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਸਥਾਪਿਤ ਕੀਤਾ ਹੈ ਜੋ 24X7 ਕਾਰਜਸ਼ੀਲ ਹੈ। ਇਸ ਕੰਟਰੋਲ ਰੂਮ ਨੰਬਰ 01823-220645, ਨਵਾਂਸ਼ਹਿਰ ਤਹਿਸੀਲ ਲਈ ਸਥਾਪਿਤ ਕੰਟਰੋਲ ਰੂਮ ਦਾ ਨੰਬਰ 01823-299016, ਬਲਾਚੌਰ ਵਿਖੇ ਸਥਾਪਿਤ ਕੰਟਰੋਲ ਰੂਮ ਦਾ ਨੰਬਰ 01885-220075, ਤਹਿਸੀਲ ਬੰਗਾ ਵਿਖੇ ਸਥਾਪਿਤ ਕੰਟਰੋਲ ਰੂਮ ਦਾ ਨੰਬਰ 01823-264666 ਹੈ। ਇਸੇ ਤਰ੍ਹਾਂ ਹੜ੍ਹਾਂ ਦੀ ਸਥਿਤੀ ਵਿੱਚ ਸਿਹਤ ਵਿਭਾਗ ਨਾਲ ਸਬੰਧਤ ਸੇਵਾਵਾਂ ਲਈ 01823-227471 ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ।