ਸਪੀਕਰ ਸੰਧਵਾਂ ਨੇ PM Modi ਨੂੰ ਭਿਆਨਕ ਹੜਾਂ ਦੇ ਮੱਦੇਨਜ਼ਰ ਵਿਸ਼ੇਸ਼ ਰਾਹਤ ਪੈਕੇਜ ਦੇਣ ਲਈ ਲਿਖਿਆ ਪੱਤਰ
ਚੰਡੀਗੜ, 3 ਸਤੰਬਰ:
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ. ਕੁਲਤਾਰ ਸਿੰਘ ਸੰਧਵਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਇੱਕ ਅਰਧ-ਸਰਕਾਰੀ ਪੱਤਰ ਲਿਖਿਆ ਹੈ ਤਾਂ ਜੋ ਹਾਲ ਹੀ ਦੇ ਦਿਨਾਂ ਵਿੱਚ ਪੰਜਾਬ ਰਾਜ ਵਿੱਚ ਆਏ ਭਿਆਨਕ ਹੜਾਂ ਵੱਲ ਉਨਾਂ ਦਾ ਤੁਰੰਤ ਧਿਆਨ ਦਿਵਾਇਆ ਜਾ ਸਕੇ।
ਪੰਜਾਬ ਵਿਧਾਨ ਸਭਾ ਦੇ ਮੁਖੀ ਹੋਣ ਦੇ ਨਾਤੇ, ਸਪੀਕਰ ਨੇ ਪੰਜਾਬ ਦੇ ਹੜ ਪ੍ਰਭਾਵਿਤ ਖੇਤਰਾਂ ਲਈ ਇੱਕ ਵਿਸ਼ੇਸ਼ ਰਾਹਤ ਪੈਕੇਜ ਜਾਰੀ ਕਰਨ ਦੀ ਬੇਨਤੀ ਕੀਤੀ ਹੈ, ਨਾਲ ਹੀ ਪੰਜਾਬ ਲਈ 60,000 ਕਰੋੜ ਰੁਪਏ ਦੇ ਬਕਾਇਆ ਫੰਡ ਜਾਰੀ ਕੀਤੇ ਜਾਣ ਲਈ ਅਪੀਲ ਕੀਤੀ ਹੈ। ਗੌਰਤਲਬ ਹੈ ਕਿ ਬਕਾਇਆ ਫੰਡਾਂ ਦੀ ਰਾਸ਼ੀ ਕਰਨ ਦੇ ਸਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੀ ਪਹਿਲਾਂ ਹੀ ਭਾਰਤ ਸਰਕਾਰ ਨੂੰ ਬੇਨਤੀ ਕਰ ਚੁੱਕੇ ਹਨ।
ਸਪੀਕਰ ਸੰਧਵਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਇਸ ਆਫਤ ਕਾਰਨ ਨਾ ਸਿਰਫ ਜਾਨ-ਮਾਲ, ਜਾਇਦਾਦ, ਪਸ਼ੂਧਨ ਦਾ ਭਾਰੀ ਨੁਕਸਾਨ ਹੋਇਆ ਹੈ ਬਲਕਿ ਇਸ ਨਾਲ ਸੂਬੇ ਭਰ ਦੇ ਖੇਤ ਮਜਦੂਰਾਂ/ਉਦਯੋਗਿਕ ਮਜਦੂਰਾਂ, ਦੁਕਾਨਦਾਰਾਂ/ਪ੍ਰਚੂਨ ਵਿਕਰੇਤਾਵਾਂ ਅਤੇ ਉਦਯੋਗਾਂ ਨੂੰ ਵੀ ਅਣਗਿਣਤ ਨੁਕਸਾਨ ਹੋਇਆ ਹੈ।
ਉਨਾਂ ਅੱਗੇ ਕਿਹਾ ਕਿ ਇਹ ਸਥਿਤੀ ਇਹ ਬੜੀ ਮਾਰੂ ਤੇ ਗੰਭੀਰ, ਜੋ 1988 ਦੇ ਭਿਆਨਕ ਹੜਾਂ ਦੀ ਯਾਦ ਦਿਵਾਉਂਦੀ ਹੈ, ਜਿਸ ਵਿੱਚ ਇਸ ਖੇਤਰ ਵਿੱਚ ਮੋਹਲੇਧਾਰ ਬਾਰਿਸ਼ਾਂ ਕਾਰਨ ਰਾਵੀ, ਬਿਆਸ ਅਤੇ ਸਤਲੁਜ ਵਰਗੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਪਿਛਲੇ ਸਾਰੇ ਰਿਕਾਰਡਾਂ ਤੋਂ ਵੀ ਵੱਧ ਗਿਆ ਸੀ।
ਹੋਰ ਜਾਣਕਾਰੀ ਦਿੰਦੇੇ ਹੋਏ, ਸਪੀਕਰ ਸੰਧਵਾਂ ਨੇ ਕਿਹਾ ਕਿ ਹਾਲੀਆ ਰਿਪੋਰਟਾਂ ਦੇ ਅਨੁਸਾਰ, ਹੜਾਂ ਕਾਰਨ 29 ਤੋਂ ਵੱਧ ਲੋਕਾਂ ਦੀ ਜਾਨ ਗਈ ਹੈ ਅਤੇ ਪੰਜਾਬ ਭਰ ਦੇ 1300 ਤੋਂ ਵੱਧ ਪਿੰਡਾਂ ਪ੍ਰਭਾਵਿਤ ਹੋਏ ਹਨ, ਜਿਸ ਕਾਰਨ ਹਜਾਰਾਂ ਪਰਿਵਾਰਾਂ ਦਾ ਉਜਾੜਾ ਹੋਇਆ ਹੈ ਅਤੇ ਪ੍ਰਸ਼ਾਸਨ ਅਤੇ ਬਚਾਅ ਬਲਾਂ ਦੁਆਰਾ 14000 ਲੋਕਾਂ ਨੂੰ ਬਾਹਰ ਕੱਢਿਆ/ਬਚਾਇਆ ਗਿਆ ਹੈ।
ਇਸ ਤੋਂ ਇਲਾਵਾ, ਹੜਾਂ ਨੇ ਲਗਭਗ 3 ਲੱਖ ਏਕੜ ਵਿੱਚ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ, ਖੜੀਆਂ ਫਸਲਾਂ ਤਬਾਹ ਕਰ ਦਿੱਤੀਆਂ ਹਨ ਅਤੇ ਖੇਤ ਹੁਣ ਆਉਣ ਵਾਲੇ ਸੀਜਨ ਲਈ ਵਰਤੋਂ ਯੋਗ ਨਹੀਂ ਰਹਿ ਗਏ ਹਨ। ਇਸ ਤੋਂ ਇਲਾਵਾ, ਅਣਗਿਣਤ ਪਸ਼ੂ ਜਾਨ ਗਵਾ ਬੈਠੇ ਹਨ, ਜਿਸ ਨਾਲ ਕਿਸਾਨ ਗੰਭੀਰ ਸੰਕਟ ਵਿੱਚ ਹਨ ਅਤੇ ਉਨਾਂ ਦੀ ਵਿੱਤੀ ਮੁਸ਼ਕਲ ਸ਼ਿਖਰਾਂ ’ਤੇ ਹੈ। ਹਾਲ ਹੀ ਵਿੱਚ ਆਏ ਹੜਾਂ ਨੇ ਪੰਜਾਬ ਵਿੱਚ ਉਦਯੋਗਾਂ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ, ਜਿਸ ਨਾਲ ਨਿਰਮਾਣ ਇਕਾਈਆਂ, ਸਪਲਾਈ ਚੇਨਾਂ ਵਿੱਚ ਵਿਘਨ ਪਿਆ ਹੈ ਅਤੇ ਕੱਪੜਾ, ਖੇਤੀਬਾੜੀ ਪ੍ਰੋਸੈਸਿੰਗ, ਇੰਜੀਨੀਅਰਿੰਗ, ਲੌਜਿਸਟਿਕਸ ਆਦਿ ਵਰਗੇ ਉਦਯੋਗਿਕ ਖੇਤਰਾਂ ਵਿੱਚ ਨੁਕਸਾਨ ਹੋਇਆ ਹੈ।
ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ, ਸੰਧਵਾਂ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਕੁਝ ਉਪਾਵਾਂ ‘ਤੇ ਤੁਰੰਤ ਕਾਰਵਾਈ ਕਰਨ ਜਿਸ ਵਿੱਚ ਪੰਜਾਬ ਦੇ ਪ੍ਰਭਾਵਿਤ ਲੋਕਾਂ ਲਈ ਖੇਤੀਬਾੜੀ, ਪਸੂਧਨ, ਦੁਕਾਨਦਾਰੀ, ਉਦਯੋਗ ਵਿੱਚ ਹੋਏ ਨੁਕਸਾਨ ਲਈ ਮੁਆਵਜਾ ਅਤੇ ਨੁਕਸਾਨੇ ਗਏ ਬੁਨਿਆਦੀ ਢਾਂਚੇ ਨੂੰ ਮੁੜ ਨਿਰਮਾਣ ਸ਼ਾਮਲ ਹੈ।
ਉਨਾਂ ਨੇ ਪੇਂਡੂ ਵਿਕਾਸ ਫੰਡ ਦੀ ਬਕਾਇਆ ਰਕਮ ਅਤੇ ਪੇਂਡੂ ਮੁੜ-ਵਸੇਬਾ ਅਤੇ ਵਿਕਾਸ ਨੂੰ ਸਮਰੱਥ ਬਣਾਉਣ ਵਾਲੇ ਸਾਰੇ ਹੋਰ ਕੇਂਦਰੀ ਫੰਡ ਪੰਜਾਬ ਨੂੰ ਜਾਰੀ ਕਰਨ ‘ਤੇ ਜੋਰ ਦਿੱਤਾ। ਇਸ ਤੋਂ ਇਲਾਵਾ, ਬੈਂਕਾਂ/ਵਿੱਤੀ ਸੰਸਥਾਵਾਂ ਨੂੰ ਕਿਸਾਨਾਂ ਅਤੇ ਛੋਟੇ ਕਾਰੋਬਾਰਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨੀ ਚਾਹੀਦੀ ਹੈ ਜਿਵੇਂ ਕਿ ਕਰਜਿਆਂ ਦੀ ਅਦਾਇਗੀ ‘ਤੇ ਰੋਕ, ਕਰਜਿਆਂ ਨੂੰ ਮੁੜ ਤਹਿ ਕਰਨਾ ਅਤੇ ਉਨਾਂ ਦੀ ਵਿੱਤੀ ਸਥਿਰਤਾ ਅਤੇ ਨਵੀਂ ਸੁਰੂਆਤ ਨੂੰ ਸੁਰੱਖਿਅਤ ਰੱਖਣ ਲਈ ਵਿਆਜ ਤੋਂ ਛੋਟ ਦੇਣਾ ਸ਼ਾਮਲ ਹੈ।
ਸਪੀਕਰ ਸੰਧਵਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਭਾਖੜਾ ਬਿਆਸ ਪ੍ਰਬੰਧਨ ਬੋਰਡ ਵਿੱਚ ਪੰਜਾਬ ਦੇ ਪ੍ਰਬੰਧਨ ਕੋਟੇ ਨੂੰ ਵਧਾਉਣ ਅਤੇ ਮਹੱਤਵਪੂਰਨ ਜਲ ਸਰੋਤਾਂ ਅਤੇ ਹੜ ਪ੍ਰਤੀਕਿਰਿਆ ਦੇ ਪ੍ਰਬੰਧਨ ਅਤੇ ਤਾਲਮੇਲ ਲਈ ਪੰਜਾਬ ਕੇਡਰ ਦੇ ਅਧਿਕਾਰੀਆਂ ਨੂੰ ਭਰਤੀ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਵੀ ਬੇਨਤੀ ਕੀਤੀ।
ਆਪਣੇ ਪੱਤਰ ਵਿੱਚ, ਸੰਧਵਾਂ ਨੇ ਕਿਹਾ ਕਿ ਕਿਸਾਨਾਂ ਦੀ ਬਜਾਏ ਬੀਮਾ ਕੰਪਨੀਆਂ ਨੂੰ ਲਾਭ ਪਹੁੰਚਾਉਣ ਵਾਲੀਆਂ ਮੌਜੂਦਾ ਬੀਮਾ/ਨੀਤੀਆਂ ਨੂੰ ਬਦਲ ਕੇ ਪਿੰਡ ਪੱਧਰੀ ਫਸਲ ਬੀਮਾ ਯੋਜਨਾ ਸੁਰੂ ਕਰਨ ਦੀ ਤੁਰੰਤ ਲੋੜ ਹੈੇ। ਜਿਹੜੇ ਕਿਸਾਨ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਅਧੀਨ ਰਜਿਸਟਰਡ ਵੀ ਨਹੀਂ ਹਨ, ਉਨਾਂ ਕਿਸਾਨਾਂ ਲਈ ਵੀ ਵਿਆਪਕ ਅਤੇ ਤੁਰੰਤ ਬੀਮਾ ਭੁਗਤਾਨ ਯਕੀਨੀ ਬਣਾਇਆ ਜਾਵੇ।
ਉਨਾਂ ਨੇ ਪੰਜਾਬ ਦੇ ਹੜਾਂ ਨੂੰ ਰਾਸ਼ਟਰੀ ਆਫਤ ਵਜੋਂ ਅਧਿਕਾਰਤ ਤੌਰ ‘ਤੇ ਐਲਾਨਣ ‘ਤੇ ਜੋਰ ਦਿੱਤਾ ਤਾਂ ਜੋ ਜੰਗੀ ਪੱਧਰ ‘ਤੇ ਰਾਹਤ ਅਤੇ ਰਿਕਵਰੀ ਲਈ ਵਿਆਪਕ ਕੇਂਦਰੀ ਸਰੋਤ ਅਤੇ ਕਾਨੂੰਨੀ ਸਹਾਇਤਾ ਵਿਧੀਆਂ ਨੂੰ ਚਾਲੂ ਕੀਤਾ ਜਾ ਸਕੇ।
ਉਨਾਂ ਅੱਗੇ ਕਿਹਾ ਕਿ ਪੰਜਾਬ ਇਸ ਵਕਤ ਬੜੀ ਬਿਪਤਾ ਵਿਚ ਖੜਾ ਹੈ, ਦੇਸ਼ ਦੇ ਸਰਵਉੱਚ ਦਫਤਰ ਦੀ ਹਮਦਰਦੀ ਅਤੇ ਦਖਲਅੰਦਾਜੀ ‘ਤੇ ਭਰੋਸਾ ਕਰਦੇ ਹੋਏ, ਸਾਨੂੰ ਵਿਸ਼ਵਾਸ ਹੈ ਕਿ ਤੁਹਾਡੀ ਮਾਣਯੋਗ ਅਗਵਾਈ ਹੇਠ, ਸਾਡੇ ਰਾਜ ਨੂੰ ਤੁਰੰਤ ਸਹਾਇਤਾ ਅਤੇ ਸਥਾਈ ਹੱਲ ਮਿਲੇਗਾ। ਸ.ਸੰਧਵਾਂ ਨੇ ਆਸ ਪ੍ਰਗਟਾਈ ਕਿ ਇਸ ਮਾਮਲੇ ‘ਤੇ ਤੁਰੰਤ ਧਿਆਨ ਦਿੱਤਾ ਜਾਵੇਗਾ ਅਤੇ ਉੱਚ ਪੱਧਰ ‘ਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ।