← ਪਿਛੇ ਪਰਤੋ
ਬੰਨ੍ਹਾਂ ਦੀ ਮਜ਼ਬੂਤੀ ਲਈ ਯਤਨ: ਕੈਬਨਿਟ ਮੰਤਰੀ ਭੁੱਲਰ ਅਤੇ ਹਰਭਜਨ ਸਿੰਘ ਈਟੀਓ ਬਿਆਸ ਦਰਿਆ ਦੇ ਕਮਜ਼ੋਰ ਹਿੱਸਿਆ ਨੂੰ ਮਜ਼ਬੂਤ ਕਰਨ ਦੇ ਕਾਰਜ ‘ਚ ਸਹਿਯੋਗ ਦਿੱਤਾ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਸੂਬਾ ਸਰਕਾਰ ਦੀ ਸਮੁੱਚਾ ਅਮਲਾ ਹਰਕਤ ‘ਚ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਚੰਡੀਗੜ੍ਹ/ਤਰਨ ਤਾਰਨ, 3 ਸਤੰਬਰ: ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਹਰਭਜਨ ਸਿੰਘ ਈਟੀਓ ਨੇ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਨਾਲ ਅੱਜ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਮਰੜ ਅਤੇ ਕਿੜੀਆਂ ਦਾ ਦੌਰਾ ਕਰਕੇ ਬਿਆਸ ਦਰਿਆ ਦੇ ਸੰਵੇਦਨਸ਼ੀਲ ਹਿੱਸਿਆਂ ਦਾ ਜਾਇਜ਼ਾ ਲਿਆ। ਇਸ ਦੌਰੇ ਦੌਰਾਨ ਆਗੂਆਂ ਨੇ ਬੰਨ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕਰਕੇ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਦਰਪੇਸ਼ ਆਉਣ ਵਾਲੀਆਂ ਚੁਣੌਤੀਆਂ ਬਾਰੇ ਜਾਣਿਆ। ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਕੈਬਨਿਟ ਮੰਤਰੀਆਂ ਅਤੇ ਸ੍ਰੀ ਸਿਸੋਦੀਆ ਨੇ ਸਥਾਨਕ ਭਾਈਚਾਰੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਰਗਰਮ ਸਮਰਥਨ ਨਾਲ ਬੋਰੀਆਂ ਅਤੇ ਕਰੇਟਾਂ ਦੀ ਵਰਤੋਂ ਰਾਹੀਂ ਦਰਿਆ ਦੇ ਕਮਜ਼ੋਰ ਹਿੱਸਿਆਂ ਨੂੰ ਮਜ਼ਬੂਤ ਕਰਨ ਦੇ ਕਾਰਜ ਵਿੱਚ ਸਹਿਯੋਗ ਦਿੱਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਜ਼ਮੀਨ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਤੁਰੰਤ ਉਪਾਅ ਯਕੀਨੀ ਬਣਾਉਣ ਦੇ ਨਾਲ-ਨਾਲ ਲੰਬੇ ਸਮੇਂ ਦੇ ਹੱਲ ਤਿਆਰ ਕਰਨ ਲਈ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਕੈਬਨਿਟ ਮੰਤਰੀਆਂ ਨੇ ਪਿੰਡ ਵਾਸੀਆਂ ਅਤੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਬੰਨ੍ਹਾਂ ਨੂੰ ਸਮੇਂ ਸਿਰ ਮਜ਼ਬੂਤ ਕਰਨ ਵਿੱਚ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਸਥਿਤੀ ਦੀ ਨੇੜਿਓਂ ਨਜ਼ਰ ਰੱਖ ਰਹੀ ਹੈ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਸੂਬਾ ਸਰਕਾਰ ਦਾ ਪੂਰਾ ਅਮਲਾ ਪਹਿਲੇ ਦਿਨ ਤੋਂ ਸਰਗਰਮ ਹੈ। ਉਨ੍ਹਾਂ ਕਿਹਾ ਕਿ ਸੀਨੀਅਰ ਆਗੂ ਮਨੀਸ਼ ਸਿਸੋਦੀਆ ਅਤੇ ਆਪ ਦੀ ਸਮੁੱਚੀ ਲੀਡਰਸ਼ਿਪ ਇਸ ਮੁਸ਼ਕਲ ਸਮੇਂ ਵਿੱਚ ਪੰਜਾਬੀਆਂ ਨਾਲ ਡਟ ਕੇ ਖੜ੍ਹੇ ਹਨ।
Total Responses : 1077