ਬੁੱਢਾ ਦਲ ਦੀਆਂ ਫੌਜਾਂ ਨੇ ਹੜ੍ਹਾਂ ਨਾਲ ਪ੍ਰਭਾਵਤ ਲੋਕਾਂ ਨੂੰ ਰਾਸ਼ਨ ਵੰਡਣ ਦੇ ਵੱਡੇ ਉਪਰਾਲੇ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ
ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਰਾਹਤ ਸਮਗੱਰੀ ਦਾ ਵਿਸ਼ੇਸ਼ ਜਥਾ ਰਵਾਨਾ
ਅੰਮ੍ਰਿਤਸਰ, 03 ਸਤੰਬਰ 2025- ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਅਕਾਲੀ 96 ਕਰੋੜੀ ਵੱਲੋਂ ਹੜ੍ਹ ਪ੍ਰੀੜ੍ਹਤ ਪਰਿਵਾਰਾਂ ਲਈ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਰਾਹਤ ਸਮਗੱਰੀ ਦਾ ਵਿਸ਼ੇਸ਼ ਜਥਾ ਰਵਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਨੂੰ ਰਾਹਤ ਪਹੁੰਚਾਉਣ ਵਿੱਚ ਬੁੱਢਾ ਦਲ ਨੇ ਪਹਿਲ ਕਦਮੀ ਕੀਤੀ ਹੈ। ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਆਪਣੇ ਲਾਡਲੀਆਂ ਨਿਹੰਗ ਸਿੰਘ ਫੌਜਾਂ ਦੇ ਨਾਲ ਆਪਣੀ ਅਗਵਾਈ ਵਿਚ ਟੀਮਾਂ ਬਣਾ ਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਤਹਿਸੀਲ ਅਜਨਾਲਾ ਦੇ ਪਿੰਡਾਂ ਵਿਚ ਲੰਗਰ ਪਾਣੀ, ਦਵਾਈਆਂ, ਸੁੱਕਾ ਰਾਸ਼ਨ, ਦੁੱਧ, ਘਰੋ ਘਰੀ ਪਹੁੰਚਾਇਆ।
ਉਨ੍ਹਾਂ ਕਿਹਾ ਕਿ ਨਿਹੰਗ ਸਿੰਘ ਫੌਜਾਂ ਪੂਰੇ ਉਤਸ਼ਾਹ ਪਿਆਰ ਸਤਿਕਾਰ ਨਾਲ ਪਾਣੀ ਵਿੱਚੋਂ ਲੰਘ ਕੇ ਲੋੜਵੰਦਾਂ ਤੀਕ ਲੋੜੀਂਦਾ ਸਮਾਨ ਬੁੱਢਾ ਦਲ ਵੱਲੋਂ ਪਹੁੰਚਾ ਰਹੀਆਂ ਹਨ, ਉਨ੍ਹਾਂ ਦਸਿਆ ਕਿ ਜਿਸ ਦਿਨ ਤੋਂ ਹੜ੍ਹ ਆਏ ਹਨ ਉਸ ਦਿਨ ਤੋਂ ਹੀ ਸੇਵਾ ਅਰੰਭ ਹੈ ਅਤੇ ਜਿਨ੍ਹਾਂ ਚਿਰ ਲੋਕ ਆਪਣੇ ਘਰਾਂ ਵਿੱਚ ਸੈਟ ਨਹੀਂ ਹੋ ਜਾਂਦੇ ਬੁੱਢਾ ਦਲ ਵੱਲੋਂ ਸੇਵਾ ਪ੍ਰਵਾਹ ਚਲਦਾ ਰਹੇਗਾ। ਯਾਦ ਰਹੇ ਕਿ ਹਰ ਕੁਦਰਤੀ ਆਫਤ ਸਮੇਂ ਬੁੱਢਾ ਦਲ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਮੂਹਰੇ ਹੋ ਕੇ ਸੇਵਾ ਨਿਭਾਈ ਜਾਂਦੀ ਹੈ ਤੇ ਹੁਣ ਵੀ ਨਿਭਾਈ ਜਾ ਰਹੀ ਹੈ। ਬੁੱਢਾ ਦਲ ਦੀ ਅਗਵਾਈ ਵਿੱਚ ਸਿੰਘਾਂ ਵੱਲੋਂ ਪ੍ਰਸਾਦੇ, ਸਬਜ਼ੀਆਂ ਦਾ ਲੰਗਰ ਤਿਆਰ ਕੀਤਾ ਗਿਆ ਅਤੇ ਨਿਹੰਗ ਸਿੰਘਾਂ ਨੇ ਪਾਣੀ ਵਿਚੋਂ ਦੀ ਲੰਘ ਕੇ ਫਸੇ ਲੋਕਾਂ ਦੇ ਘਰਾਂ ਤੀਕ ਲੰਗਰ, ਦੁੱਧ, ਸੁਕਾ ਰਾਸ਼ਨ ਅਤੇ ਲੋੜੀਦੀਂ ਦਵਾਈਆਂ ਵੀ ਤਕਸੀਮ ਕੀਤੀਆਂ।
ਉਨ੍ਹਾਂ ਦਸਿਆ ਕਿ ਬੁੱਢਾ ਦਲ ਵੱਲੋਂ ਨਕਦ ਰਾਸ਼ੀ ਵੀ ਵੰਡੀ ਗਈ ਅਤੇ ਰੋਜ਼ਾਨਾ 10 ਤੋਂ 15 ਹਜ਼ਾਰ ਪ੍ਰਵਾਰਾਂ ਤੀਕ ਵੱਖ-ਵੱਖ ਛਾਉਣੀਆਂ ਵੱਲੋਂ ਰਾਸ਼ਨ ਵੰਡਿਆ ਜਾ ਰਿਹਾ ਹੈ। ਲੋਕਾਂ ਵਿੱਚ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਦੇ ਇਨ੍ਹਾਂ ਰਾਹਤ ਕਾਰਜਾਂ ਦੀ ਪ੍ਰਸੰਸਾਂ ਕੀਤੀ ਜਾ ਰਹੀ ਹੈ। ਇਸ ਮੋਕੇ ਸਿੰਘ ਸਾਹਿਬ ਗਿ. ਰਘਬੀਰ ਸਿੰਘ ਹੈਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ, ਬਾਬਾ ਗੁਰਦੇਵ ਸਿੰਘ ਕੁਲੀਵਾਲੇ, ਬਾਬਾ ਇੰਦਰਬੀਰ ਸਿੰਘ ਸਤਲਾਣੀ ਵਾਲੇ, ਬਾਬਾ ਰਣਜੋਧ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਪਰਮਜੀਤ ਸਿੰਘ ਮਹਾਂਕਾਲ, ਬਾਬਾ ਗੁਰਸ਼ੇਰ ਸਿੰਘ, ਬਾਬਾ ਲਖਵੀਰ ਸਿੰਘ, ਬਾਬਾ ਸਰਬਜੀਤ ਸਿੰਘ, ਬਾਬਾ ਗਗਨਦੀਪ ਸਿੰਘ, ਆਦਿ ਹਾਜ਼ਰ ਸਨ।