ਹੜ੍ਹਾਂ ਕਾਰਨ 5 ਸਤੰਬਰ ਦੀ ਭੁੱਖ ਹੜਤਾਲ ਮੁਲਤਵੀ-ਮਾਨ
"01 ਅਕਤੂਬਰ ਨੂੰ ਜਿਲ੍ਹਾ ਹੈੱਡਕੁਆਰਟਰਾਂ ਉੱਪਰ ਕੀਤੀ ਜਾਵੇਗੀ ਇਕ ਰੋਜ਼ਾ ਭੁੱਖ ਹੜਤਾਲ"
ਪ੍ਰਮੋਦ ਭਾਰਤੀ
ਨਵਾਂਸ਼ਹਿਰ 03 ਸਤੰਬਰ,2025 -ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਅਤੇ ਸੀ ਪੀ ਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਸਾਂਝੇ ਤੌਰ ਤੇ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਜਿਲ੍ਹਾ ਹੈੱਡ ਕੁਆਰਟਰਾਂ ਉੱਪਰ ਇੱਕ ਰੋਜ਼ਾ ਭੁੱਖ ਹੜਤਾਲ ਦਾ ਪ੍ਰੋਗਰਾਮ ਦਿੱਤਾ ਗਿਆ ਸੀ। ਕਿਉਕਿ ਪੰਜਾਬ ਇਸ ਸਮੇਂ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ , ਜਿਸ ਕਾਰਨ ਹਾਲਾਤ ਸੁਖਾਵੇਂ ਨਹੀਂ ਹਨ । ਇਸ ਤੋਂ ਇਲਾਵਾ ਪ੍ਰਸ਼ਾਸ਼ਨ ਵੱਲੋਂ ਬਹੁਤ ਸਾਰੇ ਮੁਲਾਜ਼ਮਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ , ਇਸ ਕਰਕੇ ਇਹਨਾਂ ਸਾਰੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਜਿਲ੍ਹਾ ਹੈੱਡ ਕੁਆਰਟਰਾਂ ਉੱਪਰ ਇੱਕ ਰੋਜ਼ਾ ਭੁੱਖ ਹੜਤਾਲ ਦਾ ਪ੍ਰੋਗਰਾਮ ਮੁਲਤਵੀ ਕਰਕੇ 01 ਅਕਤੂਬਰ ਨੂੰ ਕੀਤਾ ਜਾਂਦਾ ਹੈ । ਇਸ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਕਨਵੀਨਰ ਸ਼੍ਰੀ ਗੁਰਦਿਆਲ ਮਾਨ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਦੀ ਲੜਾਈ ਤਾਂ ਅਸੀ ਪਿਛਲੇ ਲੰਮੇ ਸਮੇਂ ਤੋਂ ਲੜ੍ਹ ਰਹੇ ਹਾਂ, ਪਰ ਹੁਣ ਸਾਡਾ ਇਖਲਾਕੀ ਫ਼ਰਜ਼ ਬਣਦਾ ਹੈ ਕਿ ਅਸੀਂ ਕੁਦਰਤੀ ਆਫ਼ਤ ਨਾਲ਼ ਪੈਦਾ ਹੋਏ ਮਾੜ੍ਹੇ ਹਾਲਾਤਾਂ ਨਾਲ਼ ਲੜੀਏ ਤੇ ਇਸ ਕੁਦਰਤੀ ਮਾਰ ਹੇਠ ਆਏ ਆਪਣੇ ਲੋਕਾਂ ਨਾਲ ਤਨ ਮਨ ਧੰਨ ਨਾਲ ਖੜੀਏ ਤੇ ਮੌਜੂਦਾ ਹਾਲਾਤਾਂ ਦਾ ਇੱਕਜੁਟ ਹੋ ਕੇ ਮੁਕਾਬਲਾ ਕਰੀਏ । ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਕਰਕੇ ਲਾਗੂ ਕਰਨ ਵਿੱਚ ਅਤੇ ਹੁਣ ਡੈਮਾਂ ਦਾ ਸੁਚੱਜਾ ਪ੍ਰਬੰਧ ਨਾ ਕਰਨ ਵਿੱਚ ਫੇਲ ਸਾਬਤ ਹੋਈ ਹੈ । ਸ਼੍ਰੀ ਮਾਨ ਨੇ ਸਮੁੱਚੇ ਮੁਲਾਜ਼ਮਾਂ ਨੂੰ ਹੜ੍ਹ ਪੀੜਿਤਾਂ ਦਾ ਹਰ ਪੱਖੋਂ ਮੱਦਦ ਕਰਨ ਦੀ ਅਪੀਲ ਕੀਤੀ ।