ਸ਼ਤਾਬਦੀਆਂ ਨੂੰ ਸਮਰਪਿਤ ਬੁੱਢਾ ਦਲ ਵੱਲੋਂ ਮਹਾਰਾਸ਼ਟਰ ਦੇ ਸ਼ਹਿਰ ਪੂਣੇ ਵਿੱਚ ਵਿਸ਼ੇਸ਼ ਨਗਰ ਕੀਰਤਨ
ਸ੍ਰੀ ਅਨੰਦਪੁਰ ਸਾਹਿਬ:- 17 ਅਗਸਤ 2025 : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਖਾਲਸਾ ਪੰਥ ਵੱਲੋਂ ਸਿੱਖ ਧਰਮ ਦੇ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਅਤੇ ਦਸਮ ਪਾਤਸ਼ਾਹ ਦਾ ਗੁਰਤਾਗੱਦੀ 350 ਸਾਲਾ ਦਿਵਸ ਸ਼ਤਾਬਦੀਆਂ ਨੂੰ ਸਮਰਪਿਤ ਬੁੱਢਾ ਦਲ ਵੱਲੋਂ ਮਹਾਰਾਸਟਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ੇਸ਼ ਨਗਰ ਕੀਰਤਨ ਅੱਜ ਗੁਰਦੁਆਰਾ ਗੁਰੂ ਨਾਨਕ ਦਰਬਾਰ ਕੈਂਪ ਤੋਂ ਪੂਰੇ ਖਾਲਸਾਈ ਸ਼ਾਨੋ ਸ਼ੋਕਤ, ਖਾਲਸਾਈ ਜੈਕਾਰਿਆਂ ਦੀ ਗੂੰਜ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਲੋਕਿਕ ਨਗਰ ਕੀਰਤਨ ਸਜਾਇਆ ਗਿਆ।
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿੱਚ ਬੁੱਢਾ ਦਲ ਅਤੇ ਸਥਾਨਕ ਰਾਗੀ ਜਥਿਆਂ ਨੇ ਗੁਰਬਾਣੀ ਦਾ ਰਸ ਭਿੰਨਾ ਮਨੋਹਰ ਕੀਰਤਨ ਕੀਤਾ। ਪ੍ਰਸਿੱਧ ਕਥਾਵਾਚਕ ਭਾਈ ਸੁਖਜੀਤ ਸਿੰਘ ਕਨੱਈਆ ਨੇ ਗੁਰੂ ਸ਼ਬਦ ਦੀ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ, ਉਪਰੰਤ ਬੁੱਢਾ ਦਲ ਦੇ 14ਵੇਂ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀ ਸਾਰੇ ਵਡਭਾਗੇ ਹਾਂ ਕਿ ਸਾਡੇ ਜੀਵਨ ਕਾਲ ਵਿਚ ਸ਼ਤਾਬਦੀਆਂ ਮਨਾਈਆਂ ਜਾ ਰਹੀਆਂ ਹਨ ਅਤੇ ਅਸੀਂ ਕਿਸੇ ਨਾ ਕਿਸੇ ਦਿਸ਼ਾ ਵਿੱਚ ਇਨ੍ਹਾਂ ਦੇ ਭਾਗੀਦਾਰ ਹਾਂ। ਉਨ੍ਹਾਂ ਕਿਹਾ ਕਿ ਮੌਜੂਦਾ ਸਮਾਜ ਅੰਦਰ ਬਹੁਤ ਵੱਡੀਆ ਚਣੌਤੀਆਂ ਸਾਡੇ ਸਨਮੁੱਖ ਹਨ ਜਿਨ੍ਹਾਂ ਦਾ ਸਰਲੀਕਰਨ ਕੇਵਲ ਤੇ ਕੇਵਲ ਗੁਰੂ ਦੇ ਲੜ ਲੱਗ ਕੇ ਹੀ ਹੋ ਸਕਦਾ ਹੈ। ਉਨ੍ਹਾਂ ਸਮੁੱਚੀ ਨੌਜਵਾਨ ਪੀੜੀ ਅਤੇ ਹਰ ਉਸ ਵਿਅਕਤੀ ਨੂੰ ਅਪੀਲ ਕੀਤੀ ਜੋ ਦਸਮ ਪਿਤਾ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਸਕਿਆ, ਉਹ ਗੁਰੂ ਜੀ ਦੀ ਬਖਸ਼ਿਸ਼ ਅੰਮ੍ਰਿਤ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਨਣ, ਬਾਣੀ ਅਤੇ ਬਾਣੇ ਵਿੱਚ ਪ੍ਰਪੱਕ ਹੋਣ।
ਸ. ਬੇਦੀ ਨੇ ਦਸਿਆ ਕਿ ਇਹ ਨਗਰ ਕੀਰਤਨ ਗੁ: ਨਾਨਕ ਦਰਬਾਰ ਕੈਂਪ ਸਸ਼ਬਾਜੀ ਨਗਰ, ਔਰੰਗਾਬਾਦ, ਅਹਿਮਦਨਗਰ ਤੋਂ ਹੁੰਦਾ ਹੋਇਆ ਮੁੜ ਗੁ: ਨਾਨਕ ਦਰਬਾਰ ਵਿਖੇ ਪੁਜੇਗਾ। ਇਸ ਅਲੋਕਿਕ ਨਗਰ ਕੀਰਤਨ ਵਿਚ ਲੋਕਲ ਕਮੇਟੀਆਂ ਦੇ ਮੁਖੀ ਸਾਹਿਬਾਨ ਅਤੇ ਆਹੁਦੇਦਾਰ, ਸ਼ਹਿਰ ਦੀਆਂ ਸਮੂਹ ਅਤੇ ਸਥਾਨਕ ਪ੍ਰਮੁੱਖ ਸਿੱਖ ਸਖਸ਼ੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਈਆਂ ਹਨ। ਇਸ ਸਮੇਂ ਸ. ਇੰਦਰਪਾਲ ਸਿੰਘ ਫੌਜੀ, ਬਾਬਾ ਗੁਰਮੀਤ ਸਿੰਘ, ਬਾਬਾ ਗੁਰਮੁਖ ਸਿੰਘ, ਬਾਬਾ ਦਲੇਰ ਸਿੰਘ, ਬਾਬਾ ਪਰਮਜੀਤ ਸਿੰਘ, ਬਾਬਾ ਸ਼ਿੰਦਾ ਸਿੰਘ, ਬਾਬਾ ਲਛਮਣ ਸਿੰਘ, ਬਾਬਾ ਕਰਮ ਸਿੰਘ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਲਖਵੀਰ ਸਿੰਘ, ਬਾਬਾ ਗੁਰਸ਼ੇਰ ਸਿੰਘ, ਬਾਬਾ ਗੁਰਪਾਲ ਸਿੰਘ, ਬਾਬਾ ਸੁਖਵਿੰਦਰ ਸਿੰਘ ਮੌਰ, ਬਾਬਾ ਸਤਨਾਮ ਸਿੰਘ, ਬਾਬਾ ਜਸਬੀਰ ਸਿੰਘ, ਦਲਜੀਤ ਸਿੰਘ, ਬਾਬਾ ਗਗਨਦੀਪ ਸਿੰਘ ਨੇ ਸਮੂਲੀਅਤ ਕੀਤੀ।