ਸਬ ਡਵੀਜ਼ਨਲ ਹਸਪਤਾਲ ਤਪਾ ਨੇ ਮੁੜ ਮਾਰੀ ਮੱਲ
- ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਬਿਹਤਰੀਨ ਸੇਵਾਵਾਂ ਬਦਲੇ ਮਿਲਿਆ ਸਨਮਾਨ
- ਪ੍ਰਾਪਤੀ ਲਈ ਸੁਤੰਤਰਤਾ ਦਿਵਸ ਮੌਕੇ ਐਸ.ਐਮ.ਓ. ਡਾ. ਇੰਦੂ ਬਾਂਸਲ ਤੇ ਡਾ. ਗੁਰਪ੍ਰੀਤ ਸਿੰਘ ਮਾਹਲ ਨੂੰ ਕੀਤਾ ਗਿਆ ਸਨਮਾਨਿਤ
ਤਪਾ, 16 ਅਗਸਤ 2025 - ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾ. ਬਲਜੀਤ ਸਿੰਘ ਦੀ ਅਗਵਾਈ ਹੇਠ ਸਬ ਡਵੀਜ਼ਨਲ ਹਸਪਤਾਲ ਤਪਾ ਨੇ ਆਯੂਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਮਰੀਜ਼ਾਂ ਦਾ ਇਲਾਜ ਕਰਨ ਵਿੱਚ ਬਿਹਰੀਨ ਸੇਵਾਵਾਂ ਦਿੱਤੀਆਂ ਹਨ। ਸੁਤੰਰਤਾ ਦਿਵਸ ਮੌਕੇ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਕਰਵਾਏ ਸਮਾਗਮ ਦੌਰਾਨ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਵੱਲੋਂ ਸੀਨੀਅਰ ਮੈਡੀਕਲ ਅਫਸਰ ਡਾ. ਇੰਦੂ ਬਾਂਸਲ ਤੇ ਡਾ. ਗੁਰਪ੍ਰੀਤ ਸਿੰਘ ਮਾਹਲ (ਐਮ.ਐਸ.ਸਰਜਨ) ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਪ੍ਰਸ਼ੰਸਾ ਪੱਤਰ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ।

ਜਾਣਕਾਰੀ ਦਿੰਦਿਆਂ ਡਾ. ਇੰਦੂ ਬਾਂਸਲ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ 1 ਜਨਵਰੀ 2025 ਤੋਂ 31 ਜੁਲਾਈ 2025 ਤੱਕ ਦੇ ਅੰਕੜਿਆਂ ਅਨੁਸਾਰ ਸਬ ਡਵੀਜ਼ਨਲ ਹਸਪਤਾਲ ਤਪਾ ਨੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ-ਸਿਹਤ ਬੀਮਾ ਯੋਜਨਾ ਅਧੀਨ 1212 ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਹੈ। ਇਸ ਤੋਂ ਪਹਿਲਾਂ ਵੀ 1 ਅਗਸਤ 2023 ਤੋਂ 31 ਦਸੰਬਰ 2023 ਤੱਕ ਦੇ ਜਾਰੀ ਅੰਕੜਿਆਂ ਅਨੁਸਾਰ ਸਬ ਡਵੀਜ਼ਨਲ ਹਸਪਤਾਲ ਤਪਾ ਨੇ ਸਿਹਤ ਬੀਮਾ ਯੋਜਨਾ ਅਧੀਨ 1120 ਮਰੀਜ਼ਾਂ ਦਾ ਤੇ ਜਨਵਰੀ 2023 ਤੋਂ ਜੂਨ 2023 ਤੱਕ ਦੇ ਜਾਰੀ ਅੰਕੜਿਆਂ ਅਨੁਸਾਰ 1192 ਮਰੀਜ਼ਾਂ ਦਾ ਮੁਫ਼ਤ ਇਲਾਜ ਕਰਕੇ ਪੰਜਾਬ ਭਰ ਵਿੱਚ ਸਬ ਡਵੀਜ਼ਨ ਪੱਧਰ ਦੇ ਹਸਪਤਾਲਾਂ ‘ਚ ਪਹਿਲੇ ਨੰਬਰ ‘ਤੇ ਰਿਹਾ ਹੈ ਤੇ ਇਸ ਸਾਲ ਵੀ ਸਨਮਾਨ-ਜਨਕ ਸਥਾਨ ਹਾਸਲ ਕੀਤਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਮੇਸ਼ਾ ਇਹ ਹੀ ਕੋਸ਼ਿਸ਼ ਹੁੰਦੀ ਹੈ ਕਿ ਹਸਪਤਾਲ ਵਿੱਚ ਆਏ ਹਰ ਇੱਕ ਮਰੀਜ਼ ਨੂੰ ਸਰਲ ਤੇ ਮੁਫ਼ਤ ਇਲਾਜ ਮਿਲੇ। ਉਨ੍ਹਾਂ ਇਸ ਪ੍ਰਾਪਤੀ ਲਈ ਡਾ. ਗੁਰਪ੍ਰੀਤ ਸਿੰਘ ਮਾਹਲ(ਅਪ੍ਰੈਸ਼ਨਾਂ ਦੇ ਮਾਹਰ), ਡਾ. ਕੰਵਲਜੀਤ ਸਿੰਘ ਬਾਜਵਾ(ਐਮ.ਡੀ. ਮੈਡੀਸਨ), ਡਾ. ਗੁਰਸਾਗਰਦੀਪ ਸਿੰਘ(ਹੱਡੀਆਂ ਦੇ ਮਾਹਰ) ਡਾ. ਸ਼ੀਤਲ ਬਾਂਸਲ (ਔਰਤ ਰੋਗਾਂ ਦੇ ਮਾਹਰ), ਡਾ. ਸ਼ਿਖਾ ਅਗਰਵਾਲ(ਪੈਥੇਲੋਜਿਸਟ), ਅਰੋਗਿਆ ਮਿੱਤਰ ਤਜਿੰਦਰ ਸਿੰਘ ਸਮੇਤ ਹਸਪਤਾਲ ਦੇ ਸਮੂਹ ਡਾਕਟਰਾਂ ਤੇ ਸਟਾਫ ਨੂੰ ਵਧਾਈ ਦਿੱਤੀ ਜੋ ਹਮੇਸ਼ਾ ਮਰੀਜ਼ਾਂ ਦਾ ਖਿਆਲ ਰੱਖਦੇ ਹਨ। ਇਸ ਮੌਕੇ ਬਲਾਕ ਐਜੂਕੇਟਰ ਜਸਪਾਲ ਸਿੰਘ ਜਟਾਣਾ ਨੇ ਕਿਹਾ ਕਿ ਸਬ ਡਵੀਜ਼ਨਲ ਹਸਪਤਾਲ, ਤਪਾ ਵਿੱਚ ਮੌਜੂਦ ਹਰ ਡਾਕਟਰ ਤੇ ਸਟਾਫ ਹਮੇਸ਼ਾਂ ਮਰੀਜ਼ਾਂ ਦਾ ਵਧੀਆ ਇਲਾਜ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਮਰੀਜ਼ਾਂ ਨੂੰ ਬਿਲਕੁਲ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।