.ਪੁੱਡਾ ਕਲੋਨੀਆਂ ਦੀ ਮੰਦੀ ਹਾਲਤ ਨੂੰ ਲੈ ਕੇ ਐਕਸ਼ਨ ਮੋਡ ਵਿੱਚ ਆਏ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ
ਪੁੱਡਾ ਦੇ ਚੀਫ ਐਡਮਿਨਿਸਟਰੇਟਰ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਨੂੰ ਮੌਕੇ ਤੇ ਬੁਲਾ ਕੇ ਦਿਖਾਏ ਹਾਲਾਤ
ਰੋਹਿਤ ਗੁਪਤਾ
ਗੁਰਦਾਸਪੁਰ : .ਗੁਰਦਾਸਪੁਰ ਅੰਦਰ ਪੁੱਡਾ ਵੱਲੋਂ ਬਣਾਈਆਂ ਵੱਖ-ਵੱਖ ਕਲੋਨੀਆਂ ਦੀ ਮੰਦੀ ਹਾਲਤ ਸਬੰਧੀ ਮਿਲੀ ਜਾਣਕਾਰੀ ਦੇ ਬਾਅਦ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੁਰੰਤ ਐਕਸ਼ਨ ਮੋਡ ਵਿੱਚ ਆਏ ਹਨ ਜਿਨ੍ਹਾਂ ਨੇ ਹਲਕਾ ਗੁਰਦਾਸਪੁਰ ਦੇ ਇੰਚਾਰਜ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੇ ਨਾਲ ਅੱਜ ਖੁਦ ਇਹਨਾਂ ਕਲੋਨੀਆਂ ਦਾ ਦੌਰਾ ਕਰਕੇ ਕਲੋਨੀਆਂ ਦੀ ਮੰਦੀ ਹਾਲਤ ਦਾ ਜ਼ਾਇਜ਼ਾ ਲਿਆ ਹੈ। ਇਸ ਦੌਰਾਨ ਉਨਾਂ ਨੇ ਪੁੱਡਾ ਅੰਮ੍ਰਿਤਸਰ ਦੇ ਚੀਫ ਐਡਮਿਨਿਸਟਰੇਟਰ ਨਿਤੀਸ਼ ਜੈਨ ਆਈਏਐਸ ਅਤੇ ਹੋਰ ਉੱਚ ਅਧਿਕਾਰੀਆਂ ਦੀ ਸਮੁੱਚੀ ਟੀਮ ਨੂੰ ਵੀ ਮੌਕੇ ਤੇ ਹੀ ਬੁਲਾ ਕੇ ਇਹਨਾਂ ਕਲੋਨੀਆਂ ਦੀ ਖਸਤਾ ਹਾਲਤ ਦੀ ਅਸਲ ਤਸਵੀਰ ਦਿਖਾਈ ਹੈ। ਕੈਬਨਟ ਮੰਤਰੀ ਨੇ ਸਖਤ ਨਿਰਦੇਸ਼ ਜਾਰੀ ਕੀਤੇ ਹਨ ਇਹਨਾਂ ਕਲੋਨੀਆਂ ਵਿੱਚ ਰਹਿੰਦੀਆਂ ਉਣਤਾਈਆਂ ਨੂੰ ਤੁਰੰਤ ਦੂਰ ਕੀਤਾ ਜਾਵੇ।
ਦੱਸਣਯੋਗ ਹੈ ਕਿ ਗੁਰਦਾਸਪੁਰ ਦੀ ਬਟਾਲਾ ਰੋਡ ਸਥਿਤ ਅਰਬਨ ਸਟੇਟ ਕਲੋਨੀ 155 ਏਕੜ ਵਿੱਚ ਫੈਲੀ ਹੋਈ ਹੈ ਜਿਸ ਵਿੱਚ ਸੜਕਾਂ ਦੀ ਮੰਦੀ ਹਾਲਤ ਅਤੇ ਬਿਜਲੀ ਦੀਆਂ ਤਾਰਾਂ ਅਤੇ ਟਰਾਂਸਫਾਰਮਰਾਂ ਦੀ ਖਸਤਾ ਹਾਲਤ ਸਮੇਤ ਹੋਰ ਕਈ ਤਰ੍ਹਾਂ ਦੀਆਂ ਵੱਡੀਆਂ ਸਮੱਸਿਆਵਾਂ ਨਾਲ ਕਲੋਨੀ ਵਾਸੀ ਜੂਝ ਰਹੇ ਹਨ। ਚੇਅਰਮੈਨ ਰਮਨ ਬਹਿਲ ਵੱਲੋਂ ਖੁਦ ਵੀ ਪਿਛਲੇ ਸਮੇਂ ਦੌਰਾਨ ਕਈ ਮਸਲਿਆਂ ਦਾ ਹੱਲ ਕਰਵਾਇਆ ਗਿਆ ਸੀ। ਅਤੇ ਹੁਣ ਬੀਤੇ ਕੱਲ ਚੇਅਰਮੈਨ ਰਮਨ ਬਹਿਲ ਨੇ ਅਰਬਨ ਸਟੇਟ ਵੈਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਬੀਤੇ ਕੱਲ ਆਪਣੇ ਨਿਵਾਸ ਸਥਾਨ ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਨਾਲ ਮਿਲਵਾਇਆ ਸੀ। ਜਿਸ ਦੌਰਾਨ ਕਲੋਨੀ ਵਾਸੀਆਂ ਨੇ ਪੁੱਡਾ ਦੀ ਇਸ ਕਲੋਨੀ ਵਿੱਚ ਅਵਲ ਦਰਜੇ ਦੀਆਂ ਊਣਤਾਈਆਂ ਸਬੰਧੀ ਕੈਬਨਟ ਮੰਤਰੀ ਹਰਦੀਪ ਸਿੰਘ ਮੰਡੀਆਂ ਨੂੰ ਜਾਣਕਾਰੀ ਦਿੱਤੀ ਸੀ। ਇਸ ਦੇ ਬਾਅਦ ਮੌਕੇ ਤੇ ਹੀ ਹਰਦੀਪ ਸਿੰਘ ਮੁੰਡੀਆਂ ਨੇ ਤੁਰੰਤ ਪੁੱਡਾ ਦੇ ਉੱਚ ਅਧਿਕਾਰੀਆਂ ਨੂੰ ਫੋਨ ਕਰਕੇ ਅੱਜ ਸਵੇਰੇ 11 ਵਜੇ ਗੁਰਦਾਸਪੁਰ ਪਹੁੰਚਣ ਲਈ ਨਿਰਦੇਸ਼ ਦਿੱਤੇ ਸਨ ਜਿਸ ਤਹਿਤ ਅੱਜ ਕੈਬਨਟ ਮੰਤਰੀ ਅਤੇ ਚੇਅਰਮੈਨ ਰਮਨ ਬਹਿਲ ਦੇ ਨਾਲ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਦੇ ਸੀਨੀਅਰ ਅਧਿਕਾਰੀਆਂ ਨੇ ਅਰਬਨ ਸਟੇਟ ਬਟਾਰ ਰੋਡ ਅਤੇ ਜੇ ਰੋਡ ਸਥਿਤ ਪੁੱਡਾ ਕਲੋਨੀ ਦਾ ਜਾਇਜਾ ਲਿਆ।
ਅਰਬਨ ਅਸਟੇਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਪੁੱਡਾ ਦੀਆਂ ਵੱਖ-ਵੱਖ ਕਲੋਨੀਆਂ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਦੇਖਣ ਨੂੰ ਮਿਲੀਆਂ ਹਨ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਹਨਾਂ ਕਲੋਨੀਆਂ ਨੂੰ ਸੰਵਾਰਨ ਅਤੇ ਇੱਥੇ ਰਹਿੰਦੇ ਲੋਕਾਂ ਨੂੰ ਸਹੂਲਤਾਂ ਦੇਣ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ। ਪਰ ਹੁਣ ਉਹ ਸਾਰੀਆਂ ਕਲੋਨੀਆਂ ਦਾ ਦੌਰਾ ਕਰਨਗੇ ਅਤੇ ਜਿੱਥੇ ਜਿੱਥੇ ਜੋ ਵੀ ਕਮੀ ਪਾਈ ਜਾਵੇਗੀ ਉਸ ਨੂੰ ਦੂਰ ਕੀਤਾ ਜਾਵੇਗਾ। ਅਤੇ ਨਾਲ ਹੀ ਇਸ ਗੱਲ ਦੀ ਜਾਂਚ ਵੀ ਕਰਵਾਈ ਜਾਵੇਗੀ ਕਿ ਪੁੱਡਾ ਦੀਆਂ ਕਲੋਨੀਆਂ ਵਿੱਚ ਰਹੀਆਂ ਕਮੀਆਂ ਲਈ ਕੌਣ ਜਿੰਮੇਵਾਰ ਹੈ। ਇਸ ਮੌਕੇ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਘੁੰਮਣ ਅਤੇ ਹੋਰ ਅਹੁਦੇਦਾਰਾਂ ਨੇ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਚੇਅਰਮੈਨ ਰਮਨ ਬਹਿਲ ਦਾ ਹਾਰ ਪਾ ਕੇ ਸਵਾਗਤ ਕੀਤਾ ਅਤੇ ਨਾਲ ਹੀ ਤਹਿ ਦਿਲੋਂ ਧੰਨਵਾਦ ਕੀਤਾ ਜਿਨਾਂ ਨੇ ਇਸ ਕਲੋਨੀ ਵਿੱਚ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਗੁਰਦਾਸਪੁਰ ਦੀ ਅਰਬਨ ਸਟੇਟ ਅਤੇ ਜੇਲ ਰੋਡ ਸਥਿਤ ਪੁੱਡਾ ਦੀ ਕਲੋਨੀ ਸਮੇਤ ਹੋਰ ਵੀ ਜਿਹੜੀਆਂ ਸਰਕਾਰੀ ਮਨਜ਼ੂਰ ਸ਼ੁਦਾ ਕਲੋਨੀਆਂ ਹਨ, ਉਹਨਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਕਲੋਨੀ ਵਿੱਚ ਗੁਰਦੁਆਰਾ ਸਾਹਿਬ ਅਤੇ ਮੰਦਰ ਬਣਾਉਣ ਦੇ ਇਲਾਵਾ ਕਮਿਊਨਿਟੀ ਹਾਲ ਵੀ ਬਹੁਤ ਜਲਦੀ ਬਣਵਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਚਾਰ ਦੁਆਰੀ ਅਤੇ ਸੜਕਾਂ ਦੀ ਮੁਰੰਮਤ ਅਤੇ ਪਾਰਕਾਂ ਸਮੇਤ ਹਰੇਕ ਕੰਮ ਨੂੰ ਬਹੁਤ ਜਲਦੀ ਨਿਪਟਾਇਆ ਜਾਵੇਗਾ। ਮੌਕੇ ਤੇ ਪਹੁੰਚੇ ਚੀਫ ਐਡਮਿਨਿਸਟਰੇਟਰ ਨਿਤੀਸ਼ ਜੈਨ ਆਈਏਐਸ ਨੇ ਵੀ ਦੀਆਂ ਕਲੋਨੀਆਂ ਦਾ ਬਰੀਕੀ ਨਾਲ ਦੌਰਾ ਕੀਤਾ ਅਤੇ ਸੜਕਾਂ ਦੀ ਖਸਤਾ ਹਾਲਤ ਸਮੇਤ ਬਿਜਲੀ ਦੀਆਂ ਨੰਗੀਆਂ ਤਾਰਾਂ ਅਤੇ ਹੋਰ ਕਮੀਆਂ ਦਾ ਜਾਇਜ਼ਾ ਲਿਆ। ਉਹਨਾਂ ਕਿਹਾ ਕਿ ਇਸ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਤੇ ਨਾ ਸਿਰਫ ਇਹਨਾਂ ਕਮੀਆਂ ਨੂੰ ਦੂਰ ਕੀਤਾ ਜਾਵੇਗਾ ਸਗੋਂ ਉਹ ਇਸ ਦੀ ਬਾਰੀਕੀ ਨਾਲ ਜਾਂਚ ਵੀ ਕਰਵਾਉਣਗੇ ਕਿ ਇੰਨੇ ਵੱਡੇ ਪੱਧਰ ਤੇ ਲਾਪਰਵਾਹੀ ਲਈ ਕੌਣ ਜਿੰਮੇਵਾਰ ਹੈ।