'ਆਪ' ਸਰਕਾਰ ਹੜ੍ਹ ਪੀੜਤਾਂ ਦੀ ਸਾਰ ਛੇਤੀ ਲਵੇ: ਬ੍ਰਹਮਪੁਰਾ
- ਸੂਬੇ ਵਿੱਚ ਸਰਕਾਰੀ ਪ੍ਰਬੰਧਾਂ ਦੀ ਨਾਕਾਮੀ ਦੌਰਾਨ ਬ੍ਰਹਮਪੁਰਾ ਨੇ ਹੱੜ੍ਹ ਪੀੜਤਾਂ ਲਈ ਨਿੱਜੀ ਤੌਰ 'ਤੇ 50 ਹਜ਼ਾਰ ਰੁਪਏ ਖਰਚ ਕੇ ਬੰਦ ਪਏ ਕੰਮਾਂ ਨੂੰ ਮੁੜ ਲੀਹ 'ਤੇ ਪਾਇਆ
- ਹੜ੍ਹਾਂ 'ਚ ਫ਼ਸੇ ਲੋਕਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ, ਪ੍ਰਸ਼ਾਸਨ ਦੀ ਬੇਰੁਖੀ ਤੋਂ ਕਿਸਾਨਾਂ 'ਚ ਭਾਰੀ ਰੋਸ, 'ਆਪ' ਸਰਕਾਰ ਖ਼ਿਲਾਫ਼ ਤਿੱਖੀ ਅਲੋਚਨਾ
ਤਰਨ ਤਾਰਨ 16 ਅਗਸਤ 2025: ਹਲਕਾ ਖਡੂਰ ਸਾਹਿਬ ਵਿੱਚ ਹੜ੍ਹਾਂ ਕਾਰਨ ਹੋਈ ਤਬਾਹੀ ਅਤੇ ਸਰਕਾਰੀ ਸਿਸਟਮ ਦੀ ਮੁਕੰਮਲ ਨਾਕਾਮੀ ਦੇਖਦਿਆਂ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਖੁਦ ਮੋਰਚਾ ਸਾਂਭਿਆ। ਉਨ੍ਹਾਂ ਨੇ ਨਾ ਸਿਰਫ਼ ਸੁੱਤੀ ਪਈ 'ਆਪ' ਸਰਕਾਰ ਨੂੰ ਲਲਕਾਰਿਆ, ਸਗੋਂ ਆਪਣੀ ਨਿੱਜੀ ਜੇਬ ਵਿੱਚੋਂ 50 ਹਜ਼ਾਰ ਰੁਪਏ ਦੀ ਨਕਦ ਮਦਦ ਮੌਕੇ 'ਤੇ ਦੇ ਕੇ ਬੰਦ ਪਏ ਰਾਹਤ ਕਾਰਜ ਨੂੰ ਮੁੜ ਸ਼ੁਰੂ ਕਰਵਾਇਆ। ਅੱਜ ਪਿੰਡ ਮੁੰਡਾ ਪਿੰਡ ਨੇੜੇ ਦਰਿਆ ਬਿਆਸ ਦੇ 100 ਫੁੱਟ ਚੌੜੇ ਪਾੜ ਦਾ ਜਾਇਜ਼ਾ ਲੈਣ ਪਹੁੰਚੇ ਸ੍ਰ. ਬ੍ਰਹਮਪੁਰਾ ਨੇ ਦੇਖਿਆ ਕਿ ਪ੍ਰਸ਼ਾਸਨ ਦੀ ਗੈਰ-ਮੌਜੂਦਗੀ ਕਾਰਨ ਕੰਮ ਰੁਕਿਆ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ 50 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਮਸ਼ੀਨਰੀ ਲਈ ਡੀਜ਼ਲ ਵਾਸਤੇ ਦਿੱਤੀ। ਇਸ ਦੌਰੇ ਦੌਰਾਨ ਉਨ੍ਹਾਂ ਨੇ ਬਿਆਸ ਦਰਿਆ 'ਤੇ ਪੈਂਦੇ ਪਿੰਡ ਧੂੰਦਾ ਅਤੇ ਭੈਲ ਦਾ ਦੌਰਾ ਕਰਕੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਹਾਲੇ ਤੱਕ ਪੀੜਤਾਂ ਦੀ ਸਾਰ ਨਹੀਂ ਲਈ ਅਤੇ ਨਾ ਹੀ ਜ਼ਮੀਨੀ ਪੱਧਰ 'ਤੇ ਕੋਈ ਠੋਸ ਕਾਰਵਾਈ ਵਿਖਾਈ ਹੈ।
ਇਸ ਮੌਕੇ ਭਾਵੁਕ ਹੁੰਦਿਆਂ ਸ੍ਰ. ਬ੍ਰਹਮਪੁਰਾ ਨੇ ਕਿਹਾ, "ਇਹ ਮੇਰੇ ਆਪਣੇ ਲੋਕ ਹਨ, ਮੇਰਾ ਪਰਿਵਾਰ ਹਨ। ਮੈਂ ਇਨ੍ਹਾਂ ਨੂੰ ਇਸ ਤਰ੍ਹਾਂ ਬੇਵੱਸ ਕਿਵੇਂ ਛੱਡ ਸਕਦਾ ਹਾਂ? ਜਦੋਂ ਲੋਕਾਂ ਦੀ ਜ਼ਿੰਦਗੀ ਦਾਅ 'ਤੇ ਲੱਗੀ ਹੋਵੇ, ਉਦੋਂ ਸਰਕਾਰਾਂ ਦੇ ਖੋਖਲੇ ਦਾਅਵਿਆਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਮੈਂ ਇਹ 50 ਹਜ਼ਾਰ ਰੁਪਏ ਦੀ ਮਦਦ ਕੋਈ ਅਹਿਸਾਨ ਨਹੀਂ, ਸਗੋਂ ਆਪਣਾ ਫਰਜ਼ ਸਮਝਦਾ ਹਾਂ ਅਤੇ ਭਰੋਸਾ ਦਿਵਾਉਂਦਾ ਹਾਂ ਕਿ ਇਹ ਸਿਰਫ਼ ਸ਼ੁਰੂਆਤ ਹੈ, ਮੈਂ ਹਰ ਸੰਭਵ ਮਦਦ ਜਾਰੀ ਰੱਖਾਂਗਾ।
ਇਸ ਮੌਕੇ 'ਆਪ' ਸਰਕਾਰ ਦੀ ਨਿਖੇਧੀ ਕਰਦਿਆਂ ਸ੍ਰ. ਬ੍ਰਹਮਪੁਰਾ ਨੇ ਪਿਛਲੀਆਂ ਸ਼੍ਰੋਮਣੀ ਅਕਾਲੀ ਦਲ ਸਰਕਾਰਾਂ ਦੀ ਕਾਰਗੁਜ਼ਾਰੀ ਦੀ ਯਾਦ ਦਿਵਾਈ, ਖਾਸ ਕਰਕੇ ਮਰਹੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਆਪਣੇ ਪਿਤਾ ਜਥੇ: ਰਣਜੀਤ ਸਿੰਘ ਬ੍ਰਹਮਪੁਰਾ, ਜੋ ਇਸ ਇਲਾਕੇ ਦੀ ਲੰਮੇ ਸਮੇਂ ਤੋਂ ਮੈਂਬਰ ਪਾਰਲੀਮੈਂਟ ਅਤੇ ਕੈਬਨਿਟ ਮੰਤਰੀ ਵਜੋਂ ਨੁਮਾਇੰਦਗੀ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਸਮੇਂ ਵਿੱਚ ਕਿਸੇ ਵੀ ਕੁਦਰਤੀ ਆਫ਼ਤ ਵੇਲੇ ਗੁਰਦਾਵਰੀਆਂ ਕਰਵਾ ਕੇ ਕਿਸਾਨਾਂ ਨੂੰ ਬਣਦੇ ਵੱਧ ਤੋਂ ਵੱਧ ਮੁਆਵਜ਼ੇ ਦਿੱਤੇ ਜਾਂਦੇ ਸਨ। ਪਰ ਅੱਜ ਇਹ ਫੇਲ੍ਹ ਸਰਕਾਰ ਅਤੇ ਇਸਦਾ ਨਿੱਕਮਾ ਪ੍ਰਸ਼ਾਸਨ ਲੋਕਾਂ ਨੂੰ ਮਰਨ ਲਈ ਛੱਡ ਚੁੱਕਾ ਹੈ, ਜੋ ਬੇਹੱਦ ਨਿੰਦਣਯੋਗ ਹੈ।
ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਿੱਖੇ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਉਹ ਏ.ਸੀ. ਕਮਰਿਆਂ ਤੋਂ ਬਾਹਰ ਨਿਕਲ ਕੇ ਲੋਕਾਂ ਦੀ ਸਾਰ ਲੈਣ। ਉਨ੍ਹਾਂ ਮੰਗ ਕੀਤੀ ਕਿ ਬੰਨ੍ਹ ਨੂੰ ਬੰਨ੍ਹਣ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਕਰਵਾਇਆ ਜਾਵੇ, ਐੱਨ.ਡੀ.ਆਰ.ਐੱਫ. ਟੀਮਾਂ ਤਾਇਨਾਤ ਹੋਣ ਅਤੇ ਬਿਨਾਂ ਕਿਸੇ ਦੇਰੀ ਦੇ 50 ਰੁਪਏ ਰੁਪਏ ਪ੍ਰਤੀ ਏਕੜ ਮੁਆਵਜ਼ੇ ਦਾ ਐਲਾਨ ਕੀਤਾ ਜਾਵੇ। ਸ੍ਰ. ਬ੍ਰਹਮਪੁਰਾ ਦੇ ਇਸ ਕਦਮ ਦੀ ਸਥਾਨਕ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਆਗੂ ਹੀ ਦੁੱਖ ਦੀ ਘੜੀ ਵਿੱਚ ਲੋਕਾਂ ਦੇ ਅਸਲ ਹਮਦਰਦ ਹੁੰਦੇ ਹਨ, ਜਦੋਂ ਕਿ 'ਆਪ' ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਔਲਖ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਕੁਲਦੀਪ ਸਿੰਘ ਲਹੌਰੀਆ ਜਨਰਲ ਸਕੱਤਰ ਯੂਥ ਅਕਾਲੀ ਦਲ, ਜਗਤਾਰ ਸਿੰਘ ਸਾਬਕਾ ਸਰਪੰਚ ਧੂੰਦਾ, ਬਲਕਾਰ ਸਿੰਘ ਮੈਂਬਰ ਪੰਚਾਇਤ, ਬਾਬਾ ਲੱਖਾ ਸਿੰਘ ਮੈਂਬਰ ਪੰਚਾਇਤ, ਪਹਿਲਵਾਨ ਸਵਰਨ ਸਿੰਘ, ਅਮਨ ਧੂੰਦਾ, ਸਾਹਿਬ ਸਿੰਘ, ਭਗਵੰਤ ਸਿੰਘ, ਸਰਦੂਲ ਸਿੰਘ (ਸਾਰੇ ਪਿੰਡ ਧੂੰਦਾ) ਅਤੇ ਪਿੰਡ ਭੈਲ ਦੇ ਚਰਨਜੀਤ ਸਿੰਘ, ਚੰਦ ਸਿੰਘ ਸਾਬਕਾ ਸਰਪੰਚ, ਲੱਖਾ ਸਿੰਘ ਚੌਧਰੀ, ਗੁਰਦੇਵ ਸਿੰਘ ਬਾਠ, ਮੁਖਤਾਰ ਸਿੰਘ, ਸੁੱਖਾ ਸਿੰਘ ਬਾਠ ਸੁਲੱਖਣ ਸਿੰਘ ਸਾਬਕਾ ਸਰਪੰਚ ਭੈਲ, ਕਾਬਲ ਸਿੰਘ, ਸ਼ੰਕਰ ਸਿੰਘ (ਸਾਰੇ ਪਿੰਡ ਭੈਲ ਢਾਏ ਵਾਲਾ), ਸੰਦੀਪ ਸਿੰਘ ਝੰਡੇਰ ਮਹਾਂਪੁਰਖਾਂ, ਹਰਦੀਪ ਸਿੰਘ ਖੱਖ ਅਤੇ ਹੋਰ ਬਹੁਤ ਸਾਰੇ ਅਕਾਲੀ ਵਰਕਰ ਤੇ ਕਿਸਾਨ ਮੌਜੂਦ ਸਨ। - (ਪ੍ਰੈੱਸ ਬਿਆਨ ਸਮਾਪਤ)