ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਅਜ਼ਾਦੀ ਦਿਵਸ ਦੀ 79ਵੀਂ ਵਰ੍ਹੇਗੰਢ ਧੂਮਧਾਮ ਨਾਲ ਮਨਾਈ ਗਈ
ਹਰਜਿੰਦਰ ਸਿੰਘ ਭੱਟੀ
ਮੋਹਾਲੀ, 16 ਅਗਸਤ:
ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਅਜ਼ਾਦੀ ਦਿਵਸ ਦੀ 79ਵੀਂ ਵਰ੍ਹੇਗੰਢ ਨੂੰ ਦੇਸ਼-ਪ੍ਰੇਮ ਤੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ।
ਸਮਾਗਮ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਸ. ਗੁਰਵਿੰਦਰ ਸਿੰਘ ਬਾਹਰਾ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਵਿਦਿਆਰਥੀਆਂ ਨੂੰ ਦੇਸ਼ ਦੀ ਖੁਸ਼ਹਾਲੀ ਤੇ ਤਰੱਕੀ ਲਈ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅਜ਼ਾਦੀ ਸਾਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਨਤੀਜੇ ਵਜੋਂ ਮਿਲੀ ਹੈ, ਇਸ ਲਈ ਇਸਨੂੰ ਸੰਭਾਲ ਕੇ ਰੱਖਣਾ ਸਾਡੇ ਹਰੇਕ ਦਾ ਫਰਜ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੀ ਜਵਾਨੀ ਨੂੰ ਸਹੀ ਰਸਤੇ 'ਤੇ ਲਗਾਉਣ ਲਈ ਵੀ ਪ੍ਰੇਰਿਤ ਕੀਤਾ।
ਇਸ ਮੌਕੇ ਰਿਆਤ ਬਾਹਰਾ ਗਰੁੱਪ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਨੇ ਵੀ ਅਜ਼ਾਦੀ ਸੰਗਰਾਮ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਸਲਾਮ ਕੀਤਾ।
ਸਮਾਰੋਹ ਦੌਰਾਨ ਸੀਨੀਅਰ ਅਧਿਕਾਰੀਆਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਨਿਛਾਵਰ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਦੌਰਾਨ ਯੂਨੀਵਰਸਿਟੀ ਦੇ ਕਈ ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਮਿਠਾਈਆਂ ਵੰਡੀਆਂ ਗਈਆਂ।
ਸਮਾਗਮ ਵਿੱਚ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਮਾਹੌਲ ਨੂੰ ਦੇਸ਼-ਭਗਤੀ ਦੇ ਰੰਗਾਂ ਨਾਲ ਰੰਗ ਦਿੱਤਾ। ਭੰਗੜਾ, ਗਿੱਧਾ ਤੇ ਦੇਸ਼-ਭਗਤੀ ਭਰੇ ਗੀਤਾਂ ਨੇ ਸਭ ਦਾ ਦਿਲ ਮੋਹ ਲਿਆ ਅਤੇ ਦਰਸ਼ਕਾਂ ਵੱਲੋਂ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਭਰਪੂਰ ਸਰਾਇਆ ਗਿਆ।
ਇਸ ਦੌਰਾਨ ਬ੍ਰਿਟਿਸ਼ ਲੌਰੀਏਟ ਸਕੂਲ ਮੋਹਾਲੀ ਵਿੱਚ ਅਜ਼ਾਦੀ ਦਿਵਸ ਸਮਾਰੋਹ ਵੱਡੇ ਉਤਸ਼ਾਹ ਨਾਲ ਮਨਾਇਆ ਗਿਆ। ਨੰਨ੍ਹੇ ਵਿਦਿਆਰਥੀਆਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਦੇ ਦਿਲ ਜਿੱਤ ਲਏ। ਪ੍ਰਿੰਸੀਪਲ ਭਾਵਨਾ ਸ਼ਰਮਾ ਨੇ ਦੱਸਿਆ ਕਿ ਇਹ ਸਕੂਲ ਦਾ ਪਹਿਲਾ ਅਜ਼ਾਦੀ ਦਿਵਸ ਸਮਾਰੋਹ ਸੀ, ਜਿਸਨੂੰ ਵਿਦਿਆਰਥੀਆਂ ਨੇ ਯਾਦਗਾਰ ਬਣਾ ਦਿੱਤਾ।