ਗਿਆਨੀ ਹਰਪ੍ਰੀਤ ਸਿੰਘ ਦਾ ਪ੍ਰਧਾਨਗੀ ਭਾਲਣਾ ਪੰਥਕ ਸਿਧਾਂਤਾਂ ਦਾ ਘਾਣ, ਵੱਖ ਹੋਏ ਧੜਿਆਂ ਦੇ ਨਿੱਜੀ ਹਿੱਤ ਬੇਨਕਾਬ - ਬ੍ਰਹਮਪੁਰਾ
- ਸੁਖਬੀਰ ਬਾਦਲ ਦੀ ਨਿਮਰਤਾ ਭਰੀ ਅਪੀਲ ਠੁਕਰਾ ਕੇ ਬਾਗੀਆਂ ਨੇ ਸਾਬਤ ਕੀਤਾ ਕਿ ਉਨ੍ਹਾਂ ਲਈ ਪੰਥ ਤੋਂ ਪਹਿਲਾਂ ਕੁਰਸੀ ਹੈ - ਬ੍ਰਹਮਪੁਰਾ
- ਕਿਹਾ," ਬਾਗੀਆਂ ਨੇ ਸਾਬਤ ਕੀਤਾ ਕਿ ਉਨ੍ਹਾਂ ਦੀ ਲੜਾਈ ਪੰਥ ਲਈ ਨਹੀਂ, ਸਗੋਂ ਸੁਖਬੀਰ ਬਾਦਲ ਖ਼ਿਲਾਫ਼ ਨਿੱਜੀ ਹੈ।
ਤਰਨ ਤਾਰਨ 10 ਅਗਸਤ 2025: ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਇੱਥੇ ਵੱਖ-ਵੱਖ ਹੋਏ ਅਕਾਲੀ ਧੜਿਆਂ ਦੀ ਨਵੀਂ ਬਣ ਰਹੀ ਸਿਆਸੀ ਜਥੇਬੰਦੀ 'ਤੇ ਸਖ਼ਤ ਅਲੋਚਨਾ ਕਰਦਿਆਂ ਕਿਹਾ ਕਿ ਅਹੁਦਿਆਂ ਦੀ ਲਾਲਸਾ ਵਿੱਚ ਇਕੱਠੇ ਹੋਏ ਇਨ੍ਹਾਂ ਆਗੂਆਂ ਨੇ ਆਪਣੇ ਨਿੱਜੀ ਸਵਾਰਥਾਂ ਲਈ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ, ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹੁਣ ਇੱਕ ਸਿਆਸੀ ਧੜੇ ਦੀ ਪ੍ਰਧਾਨਗੀ ਕਬੂਲਣਾ ਸਿੱਖ ਰਵਾਇਤਾਂ ਦਾ ਘਾਣ ਹੈ ਅਤੇ ਇਸ ਨਾਲ ਉਨ੍ਹਾਂ ਦਾ ਦੋਹਰਾ ਚਿਹਰਾ ਕੌਮ ਦੇ ਸਾਹਮਣੇ ਨੰਗਾ ਹੋ ਗਿਆ ਹੈ।
ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਜਦੋਂ ਅਸੀਂ ਪੰਥਕ ਭਲਾਈ ਲਈ ਕੁਝ ਮੁੱਦਿਆਂ 'ਤੇ ਵਖਰੇਵਾਂ ਰੱਖਦੇ ਹੋਏ ਪਾਰਟੀ ਤੋਂ ਵੱਖ ਹੋਏ ਸੀ, ਤਾਂ ਉਸ ਵੇਲੇ ਇੰਨ੍ਹਾਂ ਵਿੱਚੋਂ ਕੋਈ ਵੀ ਆਗੂ ਸਾਡੇ ਨਾਲ ਤੁਰਨ ਲਈ ਤਿਆਰ ਨਹੀਂ ਸੀ, ਜਿਸ ਤੋਂ ਸਪੱਸ਼ਟ ਹੈ ਕਿ ਇੰਨ੍ਹਾਂ ਦਾ ਮਕਸਦ ਕਦੇ ਵੀ ਪੰਥ ਦੀ ਸੇਵਾ ਨਹੀਂ, ਸਗੋਂ ਸਿਰਫ਼ ਕੁਰਸੀ ਪ੍ਰਾਪਤੀ ਰਿਹਾ ਹੈ। ਅੱਜ ਜਦੋਂ ਇਹ ਸਾਰੇ ਆਪਣੇ ਨਿੱਜੀ ਹਿੱਤਾਂ ਲਈ ਇਕੱਠੇ ਹੋਏ ਹਨ ਤਾਂ ਇਹ ਪੰਥ ਨੂੰ ਵੰਡਣ ਦੇ ਵੱਡੇ ਗੁਨਾਹਗਾਰ ਬਣ ਗਏ ਹਨ।
ਗਿਆਨੀ ਹਰਪ੍ਰੀਤ ਸਿੰਘ 'ਤੇ ਸਿੱਧਾ ਨਿਸ਼ਾਨਾ ਸਾਧਦਿਆਂ ਸ੍ਰ. ਬ੍ਰਹਮਪੁਰਾ ਨੇ ਕਿਹਾ, "ਇਹ ਬੇਹੱਦ ਹੈਰਾਨੀਜਨਕ ਹੈ ਕਿ ਜਿਹੜੇ ਗਿਆਨੀ ਜੀ ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਤੋਂ ਪੰਥਕ ਏਕਤਾ ਦੇ ਸੱਦੇ ਦਿੰਦੇ ਸਨ ਅਤੇ ਜਿੰਨ੍ਹਾਂ ਦੇ ਕਹਿਣ 'ਤੇ ਅਸੀਂ ਮਾਂ ਪਾਰਟੀ ਵਿੱਚ ਵਾਪਸੀ ਕੀਤੀ ਸੀ, ਅੱਜ ਉਹੀ ਮਹਾਨ ਸਿਧਾਂਤਾਂ ਨੂੰ ਛਿੱਕੇ ਟੰਗ ਕੇ ਇੱਕ ਸਿਆਸੀ ਪਾਰਟੀ ਦੇ ਪ੍ਰਧਾਨ ਬਣ ਕੇ ਪੰਥ ਵਿੱਚ ਵੰਡੀਆਂ ਪਾਉਣ ਦੇ ਰਾਹ ਤੁਰ ਪਏ ਹਨ। ਪੰਥ ਨੇ ਹਮੇਸ਼ਾ ਦੋ ਸੰਸਥਾਵਾਂ ਨੂੰ ਮਾਨਤਾ ਦਿੱਤੀ ਹੈ - ਧਰਮ ਦੇ ਪ੍ਰਚਾਰ ਲਈ ਸ਼੍ਰੋਮਣੀ ਕਮੇਟੀ ਅਤੇ ਪੰਥ ਦੇ ਸਿਆਸੀ ਹੱਕਾਂ ਲਈ ਸ਼੍ਰੋਮਣੀ ਅਕਾਲੀ ਦਲ।
ਪਾਰਟੀ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ 'ਤੇ ਪੂਰਨ ਭਰੋਸਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ, "ਸ੍ਰ. ਸੁਖਬੀਰ ਸਿੰਘ ਬਾਦਲ ਨੇ ਵੱਡੇ ਦਿਲ ਅਤੇ ਨਿਮਰਤਾ ਨਾਲ ਸਾਰਿਆਂ ਨੂੰ ਵਾਪਸ ਪਰਤਣ ਦੀ ਅਪੀਲ ਕੀਤੀ ਅਤੇ ਇੱਥੋਂ ਤੱਕ ਕਿਹਾ ਕਿ ਜੇਕਰ ਮੇਰੇ ਤੋਂ ਕੋਈ ਭੁੱਲ ਹੋਈ ਹੈ ਤਾਂ ਸਜ਼ਾ ਮੈਨੂੰ ਦਿਓ, ਪਰ ਪੰਥ ਦੀ ਇਸ ਮਹਾਨ ਸੰਸਥਾ ਨੂੰ ਕਮਜ਼ੋਰ ਨਾ ਕਰੋ। ਉਨ੍ਹਾਂ ਦੀ ਇਸ ਪੰਥ-ਦਰਦੀ ਅਪੀਲ ਨੂੰ ਠੁਕਰਾ ਕੇ ਇਹ ਆਗੂ ਸਾਬਤ ਕਰ ਚੁੱਕੇ ਹਨ ਕਿ ਉਨ੍ਹਾਂ ਲਈ ਪੰਥ ਨਾਲੋਂ ਨਿੱਜੀ ਅਹੁਦੇ ਵੱਡੇ ਹਨ।
ਸ੍ਰ. ਬ੍ਰਹਮਪੁਰਾ ਨੇ ਸਮੂਹ ਪੰਥ ਦਰਦੀਆਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ, "ਸ਼੍ਰੋਮਣੀ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ ਅਤੇ ਇਸਨੂੰ ਮਜ਼ਬੂਤ ਕਰਨਾ ਸਾਡਾ ਸਭ ਦਾ ਫ਼ਰਜ਼ ਹੈ। ਅਸੀਂ ਸਭ ਪੰਥ, ਪੰਜਾਬ ਅਤੇ ਪੰਜਾਬੀਅਤ ਲਈ ਇਕੱਠੇ ਹੋਏ ਹਾਂ। ਆਓ, ਸੁਖਬੀਰ ਸਿੰਘ ਬਾਦਲ ਦੀ ਦੂਰਅੰਦੇਸ਼ੀ ਅਤੇ ਯੋਗ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਬੁਲੰਦੀਆਂ 'ਤੇ ਪਹੁੰਚਾਈਏ ਅਤੇ 2027 ਵਿੱਚ ਪੰਜਾਬ ਅੰਦਰ ਪੰਥ, ਪੰਜਾਬ ਅਤੇ ਪੰਜਾਬੀਅਤ ਦੀ ਆਪਣੀ ਸਰਕਾਰ ਕਾਇਮ ਕਰੀਏ।