ਦੇਸੀ ਰੇਡੀਓ ਸਾਊਥਾਲ ਦੀਆਂ ਸਾਲਾਨਾ ਤੀਆਂ 'ਚ ਪੰਜਾਬਣਾਂ ਨੇ ਨੱਚ ਨੱਚ ਪੂਰੇ ਕੀਤੇ ਚਾਅ
- ਲਹਿੰਦੇ ਪੰਜਾਬ ਦੀ ਪੰਜਾਬਣ ਲੇਖਿਕਾ ਸ਼ਗੁਫਤਾ ਗਿੰਮੀ ਲੋਧੀ ਨੂੰ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਬਦਲੇ ਕੀਤਾ ਸਨਮਾਨਿਤ
- ਹਾਜ਼ਰੀਨ ਬੀਬੀਆਂ ਨੇ ਦੇਸੀ ਰੇਡੀਓ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ
ਮਨਦੀਪ ਖੁਰਮੀ ਹਿੰਮਤਪੁਰਾ
ਸਾਊਥਾਲ/ ਲੰਡਨ, 10 ਅਗਸਤ 2025 - ਪੰਜਾਬੀ ਦੁਨੀਆ ਦੇ ਜਿਸ ਵੀ ਖਿੱਤੇ ਵਿੱਚ ਗਏ ਹਨ, ਆਪਣੇ ਮਨਪਰਚਾਵੇ ਦੇ ਸਾਧਨ, ਤਿੱਥ ਤਿਉਹਾਰ ਵੀ ਨਾਲ ਲੈ ਕੇ ਗਏ। ਭਾਰਤ 'ਚ ਮਨਾਇਆ ਜਾਂਦਾ ਹਰ ਤਿਉਹਾਰ, ਹਰ ਮੇਲਾ ਲਗਭਗ ਵਿਦੇਸ਼ਾਂ 'ਚ ਹੂਬਹੂ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਹੀ ਲੰਡਨ ਵਿੱਚ ਸਭ ਤੋਂ ਵੱਧ ਸੁਣੇ ਜਾਣ ਵਾਲੇ ਦੇਸੀ ਰੇਡੀਓ ਸਾਊਥਾਲ ਦੇ "ਦ ਪੰਜਾਬੀ ਸੈਂਟਰ" ਵੱਲੋਂ ਹਰ ਸਾਲ ਮਨਾਇਆ ਜਾਂਦਾ ਤੀਆਂ ਦਾ ਤਿਉਹਾਰ ਇਸ ਵਾਰ ਵੀ ਧੂਮ ਧਾਮ ਨਾਲ ਮਨਾਇਆ ਗਿਆ। ਤਕਰੀਬਨ 25 ਕੁ ਸਾਲ ਪਹਿਲਾਂ ਲੰਡਨ 'ਚ ਪਹਿਲੀ ਵਾਰੀ ਸ਼ੁਰੂ ਕੀਤੇ ਇਸ ਪ੍ਰੋਗਰਾਮ ਵਿੱਚ ਇਸ ਵਾਰ ਵੀ ਵੱਡੀ ਗਿਣਤੀ ਵਿੱਚ ਬੀਬੀਆਂ ਨੇ ਸ਼ਿਰਕਤ ਕੀਤੀ।

ਜ਼ਿਕਰਯੋਗ ਹੈ ਕਿ ਸਾਵਣ ਦੇ ਚਾਰ ਸ਼ਨੀਵਾਰਾਂ ਨੂੰ "ਦ ਪੰਜਾਬੀ ਸੈਂਟਰ" ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਪੰਜਾਬ ਦੇ ਰਵਾਇਤੀ ਪਹਿਰਾਵੇ ਵਿੱਚ ਸਜ ਧਜ ਕੇ ਪੁੱਜੀਆਂ ਪੰਜਾਬਣਾਂ ਨੇ ਗਿੱਧੇ ਦੇ ਪਿੜ ਵਿੱਚ ਆਪਣੀਆਂ ਵੰਨ ਸੁਵੰਨੀਆਂ ਬੋਲੀਆਂ ਨਾਲ ਖ਼ੂਬ ਰੰਗ ਬੰਨ੍ਹਿਆ। ਸ਼ਿਰਕਤ ਕਰ ਰਹੀਆਂ ਸਾਰੀਆਂ ਬੀਬੀਆਂ ਨੇ ਇਸ ਗੱਲ ਨੂੰ ਹਮੇਸ਼ਾ ਵਾਂਗ ਇਸ ਵਾਰ ਫਿਰ ਸ਼ਿੱਦਤ ਨਾਲ ਮਹਿਸੂਸ ਕੀਤਾ ਕਿ ਦੇਸੀ ਰੇਡੀਓ ਦਾ ਇਹ ਸ਼ਲਾਘਾਯੋਗ ਉੱਦਮ ਉਨ੍ਹਾਂ ਦੇ ਇਕੱਠੇ ਹੋਣ ਅਤੇ ਆਪਣੇ ਵਿਰਸੇ ਨਾਲ ਜੁੜਨ ਲਈ ਇੱਕ ਚੰਗਾ ਸਬੱਬ ਸਿਰਜਦਾ ਹੈ।
ਇਸ ਮੌਕੇ ਦੇਸੀ ਰੇਡੀਓ ਵੱਲੋਂ ਲਹਿੰਦੇ ਪੰਜਾਬ ਦੀ ਪੰਜਾਬਣ ਲੇਖਿਕਾ ਸ਼ਗੁਫਤਾ ਗਿੰਮੀ ਲੋਧੀ ਨੂੰ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਕਾਰਜ ਵਿੱਚ ਪਾਏ ਯੋਗਦਾਨ ਬਦਲੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਈਲਿੰਗ ਬਾਰੋਅ ਦੇ ਡਿਪਟੀ ਮੇਅਰ ਮੈਡਮ ਫ਼ਦੁਮਾ ਮੁਹੰਮਦ, ਕੌਂਸਲਰ ਅਮਰਜੀਤ ਜੰਮੂ ਅਤੇ ਕੌਂਸਲਰ ਮਹਿੰਦਰ ਮਿੱਡਾ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ।