“ਧਰਤਿ ਵੰਗਾਰੇ ਤਖ਼ਤ ਨੂੰ” ਕਾਵਿ ਪੁਸਤਕ ਨਹੀਂ, ਸੰਘਰਸ਼ ਸ਼ੀਲ ਵਕਤ ਦਾ ਦਸਤਾਵੇਜ਼ ਹੈ - ਪ੍ਰੋ. ਸੁਖਵੰਤ ਸਿੰਘ ਗਿੱਲ
ਲੁਧਿਆਣਾ: 10 ਅਗਸਤ 2025 - “ਧਰਤਿ ਵੰਗਾਰੇ ਤਖ਼ਤ ਨੂੰ” ਨਿਰਾ ਸੰਪਾਦਿਤ ਕਾਵਿ ਸੰਗ੍ਰਹਿ ਹੀ ਨਹੀਂ ਸਗੋਂ ਕਿਸਾਨ ਮੋਰਚਾ 2020-21 ਦੌਰਾਨ ਸੰਘਰਸ਼ਸ਼ੀਲ ਵਕਤ ਦਾ ਮਹੱਤਵ ਪੂਰਨ ਦਸਤਾਵੇਜ਼ ਹੈ। ਇਹ ਸ਼ਬਦ ਉੱਘੇ ਸਿੱਖਿਆ ਸ਼ਾਸਤਰੀ, ਲੇਖਕ ਤੇ ਬਟਾਲਾ ਵੱਸਦੇ ਸਮਾਜ ਸੇਵੀ ਪ੍ਰੋ. ਸੁਖਵੰਤ ਸਿੰਘ ਗਿੱਲ ਨੇ ਲੁਧਿਆਣਾ ਵਿੱਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਤੇ ਗੁਰਭਜਨ ਗਿੱਲ ਵੱਲੋਂ ਡਾ. ਸ ਪ ਸਿੰਘ, ਸੁਖਵਿੰਦਰ ਕੰਬੋਜ ਤੇ ਕੁਲਵਿੰਦਰ ਦੀ ਸੰਪਾਦਕੀ ਸਲਾਹ ਨਾਲ ਸੰਪਾਦਿਤ ਪੁਸਤਕ ਨੂੰ ਲੋਕ ਅਰਪਨ ਕਰਦਿਆਂ ਰਹੇ। 344 ਪੰਨਿਆਂ ਦੀ ਇਸ ਵੱਡ ਆਕਾਰੀ ਕਿਤਾਬ ਵਿੱਚ 200 ਤੋਂ ਵੱਧ ਪੰਜਾਬੀ ਕਵੀ ਦੇਸ਼ ਬਦੇਸ਼ ਤੋਂ ਸ਼ਾਮਲ ਹਨ।
ਪੁਸਤਕ ਦੇ ਸੰਪਾਦਕ ਗੁਰਭਜਨ ਗਿੱਲ ਨੇ ਦੱਸਿਆ ਕਿ ਦਿੱਲੀ ਬਾਰਡਰ 'ਤੇ ਲੱਗੇ 2020-21 ਕਿਸਾਨ ਮੋਰਚੇ ਦੌਰਾਨ ਵੱਖ-ਵੱਖ ਪੰਜਾਬੀ ਕਵੀਆਂ ਦਾ ਤੱਤ-ਫੱਟ ਪ੍ਰਤੀਕਰਮ ਹੀ ਹੈ ਇਹ ਕਾਵਿ-ਸੰਗ੍ਰਹਿ। ਇਸ ਵਿੱਚ ਸੁਰਜੀਤ ਪਾਤਰ, ਵਰਿਆਮ ਸਿੰਘ ਸੰਧੂ ਸੁਖਵਿੰਦਰ ਅੰਮ੍ਰਿਤ ਤੇ ਜਸਵਿੰਦਰ ਵਰਗੇ ਪ੍ਰੌਢ ਲੇਖਕਾਂ ਦੇ ਲਿਖੇ ਮਹਿੰਗੇ ਮਾਣਕ ਮੋਤੀ ਵੀ ਹਨ ਤੇ ਮੇਰੇ ਵਰਗਿਆਂ ਦੇ ਤੱਤ-ਭੜੱਤੇ ਉੱਘੜ-ਦੁੱਘੜੇ ਮੁੰਜ ਦੀ ਰੱਸੀ ਵਿੱਚ ਪਰੁੱਚੇ ਮਣਕਿਆਂ ਵਰਗੇ ਬੋਲ ਵੀ। ਅਸਲੋਂ ਨਵੇਂ ਕਵੀਆਂ ਦੀ ਵੀ ਬਹੁ ਗਿਣਤੀ ਇਸ ਸੰਗ੍ਰਹਿ ਵਿੱਚ ਸ਼ਾਮਲ ਹੈ। ਭਾਰਤੀ ਬਾਸਕਟਬਾਲ ਟੀਮ ਦੇ ਸਾਬਕਾ ਕਪਤਾਨ ਸੱਜਣ ਸਿੰਘ ਚੀਮਾ ਵੱਲੋਂ ਭਾਰਤ ਸਰਕਾਰ ਨੂੰ ਅਰਜੁਨਾ ਐਵਾਰਡ ਮੋੜਨ ਵੇਲੇ ਕਹੇ ਕਾਵਿ ਬੋਲ ਵੀ ਇਸ ਵਿੱਚ ਸ਼ਾਮਲ ਹਨ।
ਅਸਲ ਵਿੱਚ ਇਹ ਸਾਰੇ ਬੋਲ ਸੰਗ੍ਰਹਿਤ ਕਰਨ ਦਾ ਵਿਚਾਰ ਮੇਰੇ ਮਨ ਵਿੱਚ ਨਾ ਆਉਂਦਾ ਜੇਕਰ ਮੇਰੇ ਗੋਡੇ ਮੈਨੂੰ ਤੰਗੀ ਨਾ ਦੇਂਦੇ। ਮੈਂ ਵੀ ਇਸ ਮੋਰਚੇ ਦੌਰਾਨ ਕੁਝ ਹਿੱਸਾ ਪਾ ਆਉਂਦਾ, ਗੁੱਸਾ ਕੱਢ ਆਉਂਦਾ, ਨਾਅਰੇ ਮਾਰ ਕੇ, ਭਾਸ਼ਨ ਕਰਕੇ ਜਾਂ ਜਥੇਬੰਦੀਆਂ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕਰਕੇ। ਪਰ ਇਹ ਨਾ ਹੌ ਸਕਿਆ। ਮੈਂ ਵੱਖ ਵੱਖ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਵਿੱਚ ਖਿੱਲਰੇ ਬੋਲ ਸਾਂਭ ਲਏ। ਉਨ੍ਹਾਂ ਵਿੱਚੋਂ ਚੋਣਵੇਂ ਲੇਖਕ ਹੀ ਇਸ ਵਿੱਚ ਸ਼ਾਮਲ ਹੋ ਸਕੇ ਹਨ।
ਇਸ ਮੌਕੇ ਹਾਜ਼ਰ ਪ੍ਰਿੰਸੀਪਲ ਕੁਲਵੰਤ ਕੌਰ ਗਿੱਲ ਤੇ ਪੰਜਾਬ ਜੈਨਕੋ ਦੇ ਚੇਅਰਮੈਨ ਤੇ ਉੱਘੇ ਲੋਕ ਢਾਡੀ ਨਵਜੋਤ ਸਿੰਘ ਮੰਡੇਰ (ਜਰਗ) ਨੇ ਵੀ ਸੰਪਾਦਕ ਨੂੰ ਮੁਬਾਰਕ ਦੇਂਦਿਆਂ ਕਿਹਾ ਕਿ ਲਹਿਰਾਂ ਦੇ ਸਾਹਿੱਤ ਦੀ ਸੰਭਾਲ ਵੀ ਬਹੁਤ ਵੱਡਾ ਧਰਮ ਹੁੰਦਾ ਹੈ ਕਿਉਂਕਿ ਘਟਨਾਵਾਂ ਬਾਰੇ ਸਮਾਂ ਪੈਣ ਤੇ ਖੋਟ ਰਲ ਸਕਦਾ ਹੈ ਪਰ ਕਾਵਿ ਪ੍ਰਮਾਣ ਸੱਚੇ ਸੁੱਚੇ ਭਾਵਾਂ ਦੀ ਗਵਾਹੀ ਦੇਂਦੇ ਰਹਿਣਗੇ। ਪੁਸਤਕ ਲੋਕ ਅਰਪਣ ਕਰਨ ਵਿੱਚ ਸਵਰਗੀ ਡਾ. ਸੁਰਜੀਤ ਪਾਤਰ ਦੇ ਵੱਡੇ ਸਪੁੱਤਰ ਅੰਕੁਰ ਸਿੰਘ ਪਾਤਰ, ਲੋਕ ਸੰਗੀਤਕਾਰ ਜਸਕੰਵਰ ਸਿੰਘ ਮੰਡੇਰ , ਨਵਕੰਵਰ ਸਿੰਘ ਮੰਡੇਰ, ਮਨਪ੍ਰੀਤ ਸਿੰਘ ਤੋਂ ਇਲਾਵਾ ਸੰਪਾਦਕ ਦੇ ਪਰਿਵਾਰਕ ਜੀਅ ਵੀ ਸ਼ਾਮਲ ਸਨ।