ਇਕ ਮਹੀਨੇ 'ਚ ਨਸ਼ਿਆਂ ਨੇ 2 ਨੌਜਵਾਨਾਂ ਦੀ ਲਈ ਜਾਨ
ਪਿੰਡ ਵਾਸੀਆਂ ਨੇ ਕੀਤੀ ਨਾਅਰੇਬਾਜ਼ੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 27 ਜੁਲਾਈ 2025
ਸੁਲਤਾਨਪੁਰ ਲੋਧੀ ਦੇ ਪਿੰਡ ਬਸਤੀ ਰਾਮਪੁਰ ਜਗੀਰ ਦੇ ਬੱਗਾ ਸਿੰਘ ਦਾ 18 ਸਾਲਾਂ ਨੌਜਵਾਨ ਆਕਾਸ਼ਦੀਪ ਦੀ ਨਸ਼ੇ ਦੀ ਓਵਰਡੋਜ਼ ਕਾਰਨ ਭੇਤਭਰੇ ਹਾਲਾਤ 'ਚ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਬੱਗਾ ਨੇ ਦੱਸਿਆ ਕਿ ਉਸਦਾ ਲੜਕਾ ਆਕਾਸ਼ ਪਿਛਲੇ 2 ਸਾਲ ਤੋਂ ਨਸ਼ਾ ਕਰਦਾ ਸੀ, ਜਿਸ ਦੀ ਅੱਜ ਨਸ਼ੇ ਦਾ ਗਲਤ ਟੀਕਾ ਲਗਾਉਣ ਕਾਰਨ ਮੌਤ ਹੋ ਗਈ। ਬੱਗਾ ਨੇ ਦੱਸਿਆ ਕਿ ਉਸਨੇ ਆਪਣੇ ਲੜਕੇ ਨੂੰ ਨਸ਼ਾ ਛੜਾਓ ਕੇਂਦਰ ਵੀ ਭੇਜਿਆ ਸੀ, ਜਿੱਥੋਂ ਕੁਝ ਦਿਨ ਪਹਿਲਾਂ ਹੀ ਉਹ ਵਾਪਸ ਆਇਆ ਸੀ ਅਤੇ ਫਿਰ ਨਸ਼ਾ ਕਰਨ ਲੱਗ ਪਿਆ ਸੀ। ਉਨ੍ਹਾਂ ਪੁਲਸ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਨਸ਼ਾ ਵੇਚਣ ਵਾਲਿਆਂ ਨੂੰ ਨੱਥ ਪਾਈ ਜਾਵੇ।
ਬਸਤੀ ਰਾਮਪੁਰ ਜਗੀਰ ਵਾਸੀ ਬਲਵਿੰਦਰ ਸਿੰਘ ਤੇ ਮਹਿਲਾ ਰੀਨਾ ਨੇ ਦੱਸਿਆ ਕਿ ਸਾਡੇ ਗੁਆਂਢੀ ਪਿੰਡ ਤੋਤੀ ਵਿਖੇ ਸ਼ਰੇਆਮ ਨਸ਼ਾ ਵਿਕਦਾ ਹੈ ਅਤੇ ਮਾਵਾ ਦੇ ਪੁੱਤ ਨਸ਼ੇ ਨਾਲ ਮੁੱਕਦੇ ਜਾਂਦੇ ਹਨ। ਰੀਨਾ ਨੇ ਨਸ਼ਾ ਵੇਚਣ ਵਾਲੇ ਦਾ ਨਾਂ ਦੱਸਦਿਆਂ ਕਿਹਾ ਕਿ ਇਕ ਮਹੀਨੇ 'ਚ ਸਾਡੇ ਪਿੰਡ 2 ਮੌਤਾਂ ਇਸੇ ਤਰ੍ਹਾਂ ਨਸ਼ੇ ਨਾਲ ਹੀ ਹੋਈਆਂ ਹਨ, ਜਦਕਿ ਪੁਲਸ ਕੋਈ ਵੀ ਕਾਰਵਾਈ ਨਹੀਂ ਕਰਦੀ ਹੈ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਵੀ ਪਿਛਲੇ ਸਮੇਂ ਨਸ਼ਾ ਕਰਦਾ ਸੀ, ਜਦਕਿ ਇਕ ਸਾਲ ਤੋਂ ਉਸਨੇ ਨਸ਼ਾ ਕਰਨਾ ਬੰਦ ਕਰ ਦਿੱਤਾ ਹੈ। ਉਸਨੇ ਇਹ ਵੀ ਦੱਸਿਆ ਕਿ ਮ੍ਰਿਤਕ ਆਕਾਸ਼ ਵੀ ਉਸਦੇ ਨਾਲ ਤੋਤੀ ਦੇ ਇਕ ਘਰ ਵਿਚੋਂ ਨਸ਼ਾ ਲੈਣ ਜਾਂਦਾ ਸੀ ਅਤੇ ਹੁਣ ਵੀ ਉਥੋਂ ਹੀ ਨਸ਼ਾ ਲੈਣ ਤੋਂ ਬਾਅਦ ਆਕਾਸ਼ ਦੀ ਮੌਤ ਹੋਈ ਹੈ। ਉਸਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਕੁਝ ਨਹੀਂ ਕਰ ਰਹੀ
ਪਿੰਡ ਬਸਤੀ ਰਾਮਪੁਰ ਜਗੀਰ ਦੇ ਸਰਪੰਚ ਗੁਰਪ੍ਰੀਤ ਨੇ ਦੱਸਿਆ ਕਿ ਆਕਾਸ਼ ਰਾਤ ਦਾ ਘਰੋਂ ਗਾਇਬ ਸੀ ਅਤੇ ਤੋਤੀ ਤੋਂ ਮਨਿਆਲੇ ਦੇ ਰਸਤੇ ਵਿਚ ਉਸਦੀ ਮੌਤ ਹੋਈ ਹੈ, ਜਿਸ ਬਾਰੇ ਕਿਸੇ ਨੇ ਵੇਖ ਕੇ ਉਨ੍ਹਾਂ ਨੂੰ ਸੂਚਿਤ ਕੀਤਾ।
ਉਸ ਦੱਸਿਆ ਕਿ ਪਿਛਲੇ ਮਹੀਨੇ ਵੀ ਇਕ ਲੜਕੇ ਦੀ ਇਸੇ ਤਰ੍ਹਾਂ ਟੀਕਾ ਲਗਾਉਣ ਨਾਲ ਮੌਤ ਹੋਈ ਸੀ ਤੇ ਬੀਤੇ ਸਮੇਂ ਸਾਬਕਾ ਸਰਪੰਚ ਦੇ ਲੜਕੇ ਦੀ ਵੀ ਇਸੇ ਤਰ੍ਹਾਂ ਮੋਤ ਹੋਈ ਹੈ।
ਸਰਪੰਚ ਗੁਰਪ੍ਰੀਤ ਨੇ ਵੀ ਦੋਸ਼ ਲਗਾਇਆ ਕਿ ਪਿੰਡ ਤੋਤੀ ਵਿਖੇ ਸ਼ਰੇਆਮ ਨਸ਼ਾ ਵਿਕ ਰਿਹਾ ਹੈ, ਇਸ ਕਰਕੇ ਪਿਛਲੇ ਸਮੇਂ ਸਾਡੇ ਏਰੀਏ 'ਚ 4-5 ਮੌਤਾਂ ਹੋ ਗਈਆਂ ਹਨ। ਸਰਪੰਚ ਨੇ ਕਿਹਾ ਕਿ ਅਖਬਾਰਾਂ ਦੀਆਂ ਸੁਰਖੀਆਂ 'ਚ ਵੇਖਣ ਨੂੰ ਮਿਲਦਾ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੰਜਾਬ ਅੰਦਰ ਨਸ਼ਾ ਵਿਕਣਾ ਬੰਦ ਹੋ ਗਿਆ ਹੈ ਪਰ ਫਿਰ ਵੀ ਸਾਡੇ ਏਰੀਏ 'ਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਪਰ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਪੰਜਾਬ ਸਰਕਾਰ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਪਾਸੋਂ ਨਸ਼ੇ ਦੇ ਧੰਦੇ ਨੂੰ ਨੱਥ ਪਾਉਣ ਦੀ ਮੰਗ ਕੀਤੀ।
ਦੂਜੇ ਪਾਸੇ
ਨਸ਼ਾ ਸਮੱਗਲਰਾਂ ਨੂੰ ਕਿਸੇ ਕਿਸੇ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ : ਡੀ. ਐੱਸ. ਪੀ.
ਇਸ ਸੰਬੰਧ ਵਿਚ ਡੀ. ਐਸ. ਪੀ. ਸੁਲਤਾਨਪੁਰ ਲੋਧੀ ਹਰਗੁਰਦੇਵ ਸਿੰਘ ਨੇ ਕਿਹਾ ਕਿ ਇਸ ਮਾਮਲੇ 'ਚ ਅੱਜ ਹੀ ਕੇਸ ਦਰਜ ਕੀਤਾ ਜਾਵੇਗਾ ਅਤੇ ਮੁਲਜ਼ਮ ਵਿਰੁੱਧ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਾ ਸਮੱਗਲਰਾਂ ਨੂੰ ਕਿਸੇ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।
ਉਧਰ, ਚੋਂਕੀ ਇੰਚਾਰਜ ਡੱਲਾ ਗੁਰਮੀਤ ਸਿੰਘ ਨੇ ਕਿਹਾ ਕਿ ਆਕਾਸ਼ ਪੁੱਤਰ ਬੱਗਾ ਨਸ਼ਾ ਕਰਨ ਦਾ ਆਦੀ ਸੀ, ਜੋ ਕਿ ਬੀਤੇ ਸਮੇਂ ਨਸ਼ਾ ਛਡਾਊ ਕੇਂਦਰ ਵਿਚ ਵੀ ਦਾਖਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਮ੍ਰਿਤਕ ਨੇ ਨਸ਼ਾ ਕੀਤਾ ਸੀ ਜਾਂ ਨਹੀਂ, ਉਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।