ਨਗਰ ਨਿਗਮ ਦੇ ਮੇਅਰ ਨੇ ਸੀਵਰੇਜ਼ ਬੋਰਡ ਦੇ ਕਾਮਿਆਂ ਦੀ ਹੜਤਾਲ ਖਤਮ ਕਰਵਾਈ
ਅਸ਼ੋਕ ਵਰਮਾ
ਬਠਿੰਡਾ, 27ਜੁਲਾਈ 2025:ਵਿਦੇਸ਼ੋਂ ਪਰਤਦਿਆਂ ਹੀ ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਨਗਰ ਨਿਗਮ ਦੇ ਅਧਿਕਾਰੀਆਂ, ਸੀਵਰੇਜ ਬੋਰਡ ਯੂਨੀਅਨ ਤੇ ਸਫ਼ਾਈ ਸੇਵਕ ਯੂਨੀਅਨ ਨਾਲ ਐਮਰਜੈਂਸੀ ਮੀਟਿੰਗ ਬੁਲਾਈ, ਜਿਸ 'ਚ ਹੋਈ ਗੱਲਬਾਤ ਉਪਰੰਤ ਪਿਛਲੇ ਲਗਪਗ ਤਿੰਨ ਦਿਨਾਂ ਤੋਂ ਚੱਲ ਰਹੀ ਸੀਵਰੇਜ ਬੋਰਡ ਦੇ ਕਰਮਚਾਰੀਆਂ ਦੀ ਹੜਤਾਲ ਨੂੰ ਖ਼ਤਮ ਕਰਵਾ ਦਿੱਤਾ। ਮੀਟਿੰਗ 'ਚ ਮੇਅਰ ਦੇ ਨਾਲ ਉਨ੍ਹਾਂ ਦੇ ਸਲਾਹਕਾਰ ਸ਼ਾਮ ਲਾਲ ਜੈਨ, ਨਗਰ ਨਿਗਮ ਦੇ ਐਸਈ ਸੰਦੀਪ ਗੁਪਤਾ, ਸੀਵਰੇਜ ਬੋਰਡ ਦੇ ਐਕਸੀਅਨ ਬਲਜੀਤ ਸਿੰਘ, ਐਸ. ਡੀ. ਓ. ਅਮਨਪ੍ਰੀਤ ਸਿੱਧੂ, ਐਸ. ਡੀ. ਓ. ਸੁਰਿੰਦਰ ਸਿੰਘ, ਡੀ. ਸੀ. ਐਫ. ਏ. ਲਖਬੀਰ ਸਿੰਘ ਤ੍ਰਿਖਾ, ਐਕਸੀਅਨ ਨੀਰਜ ਕੁਮਾਰ, ਸੈਨੇਟਰੀ ਇੰਸਪੈਕਟਰ ਰਮਨਦੀਪ ਸ਼ਰਮਾ, ਸੈਨੇਟਰੀ ਇੰਸਪੈਕਟਰ ਰਾਕੇਸ਼ ਕੁਮਾਰ, ਮੇਅਰ ਦੇ ਪੀ. ਏ. ਸੁਰੇਸ਼ ਸੇਤੀਆ, ਸੀਵਰੇਜ ਬੋਰਡ ਵਰਕਰ ਯੂਨੀਅਨ ਦੇ ਪ੍ਰਧਾਨ ਰਵੀ ਕੁਮਾਰ ਤੇ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੋਨੂੰ ਸਿਰਸਵਾਲ ਮੌਜੂਦ ਸਨ। ਇਸ ਦੌਰਾਨ ਪ੍ਰਧਾਨ ਸੋਨੂੰ ਸਿਰਸਵਾਲ ਤੇ ਪ੍ਰਧਾਨ ਰਵੀ ਕੁਮਾਰ ਨੇ 597 ਨਵੀਆਂ ਭਰਤੀਆਂ ਦੀ ਮੰਗ ਰੱਖੀ, ਜਿਸ ਸੰਬੰਧੀ
ਮੇਅਰ ਨੇ ਅਧਿਕਾਰੀਆਂ ਨੂੰ ਇਸ ਦੇ ਮਾਪਦੰਡ ਤਿਆਰ ਕਰਨ ਤੇ ਇਕ ਕੁ ਕਮੇਟੀ ਬਣਾ ਕੇ ਦੋ ਦਿਨਾਂ ਵਿਚ ਰਿਪੋਰਟ ਨੂੰ ਅੰਤਿਮ ਰੂਪ ਦੇਣ ਦੇ ਆਦੇਸ਼ ਦਿੱਤੇ।
ਰਵੀ ਕੁਮਾਰ ਨੇ ਕਿਹਾ ਕਿ ਉਹ ਤ੍ਰਿਵੇਣੀ ਕੰਪਨੀ ਅਧੀਨ ਕੰਮ ਨਹੀਂ ਕਰਨਾ ਚਾਹੁੰਦੇ, ਕੋਈ ਹੋਰ ਕੰਪਨੀ ਇਸ ਕੰਪਨੀ ਦੀ ਥਾਂ ਜ਼ਰੂਰ ਲੈ ਸਕਦੀ ਹੈ, ਜਿਸ ਸੰਬੰਧੀ ਮੇਅਰ ਨੇ ਭਰੋਸਾ ਦਿੱਤਾ ਕਿ ਇਸ ਦਾ ਵੀ ਜਲਦੀ ਹੱਲ ਹੋ ਕੱਢਿਆ ਜਾਵੇਗਾ। ਮੇਅਰ ਨੇ ਅਧਿਕਾਰੀਆਂ ਨੂੰ ਸੀਵਰੇਜ ਬੋਰਡ ਵਿਚ ਨੂੰ ਪੜ੍ਹੇ-ਲਿਖੇ ਕਾਮਿਆਂ ਅਤੇ ਸਫ਼ਾਈ ਕਰਮਚਾਰੀਆਂ ਦੀ ਤਰੱਕੀ ਸੰਬੰਧੀ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੇ ਹੁਕਮ ਵੀ ਦਿੱਤੇ। ਮੇਅਰ ਮਹਿਤਾ ਨੇ ਨਗਰ ਨਿਗਮ ਦੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਫ਼ਾਈ ਦੇ ਮਾਮਲੇ ਵਿਚ ਬਠਿੰਡਾ ਦੇ ਪੰਜਾਬ 'ਚ ਪਹਿਲੇ ਸਥਾਨ 'ਤੇ ਆਉਣ 'ਤੇ ਵਧਾਈ ਦਿੱਤੀ ਤੇ ਕਿਹਾ ਕਿ ਭਵਿੱਖ ਵਿੱਚ ਬਠਿੰਡਾ ਸਫ਼ਾਈ ਦੇ ਮਾਮਲੇ ਵਿਚ ਪੰਜਾਬ ਸਮੇਤ ਪੂਰੇ ਦੇਸ਼ ਵਿਚ ਪਹਿਲੇ ਸਥਾਨ 'ਤੇ ਹੋਣਾ ਚਾਹੀਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸ਼ਹਿਰ ਦੀ ਬਿਹਤਰੀ ਲਈ ਜ਼ਰੂਰੀ ਪ੍ਰਾਜੈਕਟ ਤਿਆਰ ਕਰਕੇ ਉਨ੍ਹਾਂ ਨੂੰ ਸੌਂਪਣ, ਤਾਂ ਜੋ ਇਨ੍ਹਾਂ ਪ੍ਰੋਜੈਕਟਾਂ ਨੂੰ ਹਾਊਸ ਦੀ ਮੀਟਿੰਗ ਵਿਚ ਪਾਸ ਕੀਤਾ ਜਾ ਸਕੇ।