ਤਲਵੰਡੀ ਸਾਬੋ ਮੋਰਚੇ ਨੇ ਅੱਜ ਲੁਧਿਆਣਾ ਵਿਖੇ ਪੀਏਸੀ ਮੱਤੇਵਾੜਾ ਨਾਲ ਕੀਤੀ ਮੀਟਿੰਗ
ਸੁਖਮਿੰਦਰ ਭੰਗੂ
ਲੁਧਿਆਣਾ 6 ਜੁਲਾਈ 2025
ਤਲਵੰਡੀ ਸਾਬੋ ਵਿਖੇ ਇੱਕ ਵੱਡੀ ਲਾਲ ਸ਼੍ਰੇਣੀ ਦੀ ਸੀਮੈਂਟ ਮਿਲ ਲਾਏ ਜਾਣ ਦੀ ਤਜਵੀਜ਼ ਹੈ ਜੋ ਉਥੋਂ ਦੇ ਥਰਮਲ ਪਲਾਂਟ ਦੇ ਨੇੜੇ ਲੱਗਣ ਜਾ ਰਹੀ ਹੈ। ਇਸ ਬਾਰੇ 14 ਜੁਲਾਈ 2025 ਨੂੰ ਹੋਣ ਜਾ ਰਹੀ ਜਨਤਕ ਸੁਣਵਾਈ ਵਿੱਚ ਵਿਰੋਧ ਕਰਨ ਲਈ ਇਲਾਕਾ ਨਿਵਾਸੀਆਂ ਵੱਲੋਂ ਤਲਵੰਡੀ ਸਾਬੋ ਮੋਰਚਾ ਜੱਥੇਬੰਦ ਕੀਤਾ ਗਿਆ ਹੈ ਜਿਸ ਵੱਲੋਂ ਅੱਜ ਲੁਧਿਆਣਾ ਵਿਖੇ ਪੀਏਸੀ ਮੱਤੇਵਾੜਾ ਨਾਲ ਮੀਟਿੰਗ ਕੀਤੀ ਗਈ ਅਤੇ ਇਸ ਮਸਲੇ ਤੇ ਸਾਂਝਾ ਪ੍ਰੋਗਰਾਮ ਉਲੀਕਣ ਦਾ ਫੈਸਲਾ ਕੀਤਾ ਗਿਆ। ਪੀਏਸੀ ਦੇ ਡਾਕਟਰ ਅਮਨਦੀਪ ਸਿੰਘ ਬੈਂਸ ਨੇ ਦੱਸਿਆ ਕਿ 14 ਜੁਲਾਈ 2025 ਨੂੰ ਪੰਜਾਬ ਪ੍ਰਦੂਸ਼ਣ ਬੋਰਡ ਵੱਲੋਂ ਜਨਤਕ ਸੁਣਵਾਈ ਰੱਖੀ ਗਈ ਹੈ ਜਿਸ ਵਿੱਚ ਇਲਾਕਾ ਨਿਵਾਸੀ ਜਾਂ ਕੋਈ ਵੀ ਨਾਗਰਿਕ ਆਪਣੇ ਸੁਝਾਅ ਜਾਂ ਵਿਰੋਧ ਦਰਜ ਕਰਵਾ ਸਕਦਾ ਹੈ ਜਿਸ ਤੋਂ ਬਾਅਦ ਵੋਟਾਂ ਹੁੰਦੀਆਂ ਨੇ ਅਤੇ ਲੋਕਾਂ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਇਸ ਮਿਲ ਦੇ ਹੱਕ ਵਿੱਚ ਹਨ ਜਾਂ ਵਿਰੋਧ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਲਈ 11 ਜੁਲਾਈ 2020 ਨੂੰ ਪਿੰਡ ਤਲਵੰਡੀ ਅਕਲੀਆ ਦੇ ਗੁਰੂਘਰ ਵਿਖੇ ਇਸ ਵਿਸ਼ੇ ਤੇ ਇੱਕ ਸੈਮੀਨਾਰ ਰੱਖਿਆ ਗਿਆ ਹੈ ਜਿਸ ਵਿੱਚ ਇਸ ਪ੍ਰੋਜੈਕਟ ਬਾਰੇ ਵਿਚਾਰ ਵਟਾਂਦਰਾ ਇਲਾਕਾ ਨਿਵਾਸੀਆਂ ਵੱਲੋਂ ਅਤੇ ਮਾਹਿਰਾਂ ਵੱਲੋਂ ਕੀਤਾ ਜਾਵੇਗਾ। ਡਾਕਟਰ ਬੈਂਸ ਨੇ ਦੱਸਿਆ ਕਿ ਪੰਜਾਬ ਵਿੱਚ ਲਾਲ ਸ਼੍ਰੇਣੀ ਦੇ ਉਦਯੋਗ ਪਹਿਲਾਂ ਹੀ ਬਹੁਤ ਲੱਗ ਚੁੱਕੇ ਹਨ ਅਤੇ ਲੋਕ ਉਹਨਾਂ ਦੇ ਪ੍ਰਦੂਸ਼ਣ ਨਾਲ ਝੰਬੇ ਪਏ ਹਨ ਇਸ ਲਈ ਨਵੇਂ ਲਾਲ ਸ਼੍ਰੇਣੀ ਦੇ ਪ੍ਰਦੂਸ਼ਣਕਾਰੀ ਉਦਯੋਗ ਹੋਰ ਨਹੀਂ ਲੱਗਣੇ ਚਾਹੀਦੇ। ਤਲਵੰਡੀ ਸਾਬੋ ਮੋਰਚਾ ਦੇ ਐਡਵੋਕੇਟ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਥੋਂ ਦਾ ਥਰਮਲ ਪਲਾਂਟ ਪਹਿਲਾਂ ਹੀ ਲਗਾਤਾਰ ਸਵਾਹ ਦੀ ਵਰਖਾ ਲਗਾਤਾਰ ਕਰ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਸਾਹ ਦੀਆਂ ਬਿਮਾਰੀਆਂ ਤੋਂ ਲੈ ਕੇ ਕੈਂਸਰ ਤੱਕ ਹੋ ਰਿਹਾ ਹੈ ਅਤੇ ਹੁਣ ਇਹ ਨਵੀਂ ਅਲਾਮਤ ਲੋਕਾਂ ਦੇ ਸਿਰ ਮੜ੍ਹਨ ਦੀ ਤਿਆਰੀ ਸਰਕਾਰ ਕਰ ਰਹੀ ਹੈ। ਲੋਕਾਂ ਕੋਲ ਜਨਤਕ ਸੁਣਵਾਈ ਵਿਰੋਧ ਦਾ ਸੰਵਿਧਾਨਿਕ ਹੱਕ ਹੈ ਅਤੇ ਅਸੀਂ ਸਾਰੇ ਇਲਾਕਾ ਨਿਵਾਸੀਆਂ ਨੂੰ ਅਤੇ ਪੰਜਾਬ ਨਿਵਾਸੀਆਂ ਨੂੰ ਇਸ ਵਿੱਚ ਸ਼ਾਮਿਲ ਹੋ ਕੇ ਸਾਥ ਦੇਣ ਦੀ ਬੇਨਤੀ ਕਰਦੇ ਹਾਂ ਤਾਂਕਿ ਇਲਾਕਾ ਅਤੇ ਪੰਜਾਬ ਦੋਹਾਂ ਦਾ ਭਲਾ ਹੋ ਸਕੇ। ਮੀਟਿੰਗ ਵਿੱਚ ਇਹਨਾਂ ਤੋਂ ਇਲਾਵਾ ਪੀਏਸੀ ਤੋਂ ਜਸਕੀਰਤ ਸਿੰਘ, ਕਪਿਲ ਅਰੋੜਾ, ਕੁਲਦੀਪ ਸਿੰਘ ਖਹਿਰਾ ਅਤੇ ਤਲਵੰਡੀ ਸਾਬੋ ਮੋਰਚਾ ਤੋਂ ਸਿਕੰਦਰ ਸਿੰਘ, ਜਸਵੀਰ ਸਿੰਘ, ਸੁਖਦੀਪ ਸਿੰਘ ਅਤੇ ਜਗਦੀਪ ਸਿੰਘ ਸ਼ਾਮਿਲ ਹੋਏ।