← ਪਿਛੇ ਪਰਤੋ
ਦਾਨ ਸਿੰਘ ਵਾਲਾ ’ਚ ਰੰਜਿਸ਼ ਕਾਰਨ ਹਮਲਾ ਕਰਕੇ ਘਰੇਲੂ ਸਮਾਨ ਨੂੰ ਲਾਈ ਅੱਗ- 4 ਗ੍ਰਿਫਤਾਰ ਅਸ਼ੋਕ ਵਰਮਾ ਬਠਿੰਡਾ, 12 ਜੂਨ 2025 :ਬਠਿੰਡਾ ਜਿਲ੍ਹੇ ਦੀ ਗੋਨਿਆਣਾ ਮੰਡੀ ਦੇ ਨਜ਼ਦੀਕ ਪੈਂਦੇ ਪਿੰਡ ਦਾਨ ਸਿੰਘ ਵਾਲਾ ’ਚ ਬੀਤੀ ਸ਼ਾਮ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਦਲਿਤ ਪ੍ਰੀਵਾਰ ਦੇ ਘਰ ’ਚ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਨੇਹੀਆਂ ਵਾਲਾ ਪੁਲਿਸ ਨੇ ਇਸ ਮਾਮਲੇ ’ਚ 4 ਅਣਪਛਾਤਿਆਂ ਸਮੇਤ 9 ਵਿਅਕਤੀਆਂ ਨੂੰ ਨਾਮਜਦ ਕਰਕੇ 4 ਨੂੰ ਗਿਫਤਾਰ ਕਰ ਲਿਆ ਹੈ। ਨਾਮਜਦ ਮੁਲਜਮਾਂ ਦੀ ਪਛਾਣ ਹੈਪੀ ਸਿੰਘ ਉਰਫ ਘੁੱਗੀ ਪੁੱਤਰ ਸੇਵਕ ਸਿੰਘ ,ਰੇਸ਼ਮ ਸਿੰਘ ਪੁੱਤਰ ਸੇਵਕ ਸਿੰਘ , ਹਨੀ ਸਿੰਘ ਤੇ ਜਗਮੀਤ ਸਿੰਘ ਘੁੱਗੀ ਪੁਤਰਾਨ ਬੱਬੀ ਸਿੰਘ ਅਤੇ ਪਿੰਕਾ ਸਿੰਘ ਪੁੱਤਰ ਲੋਂਗੀ ਸਿੰਘ ਵਜੋਂ ਕੀਤੀ ਗਈ ਹੈ। ਫਿਹਲਾਲ ਜਗਮੀਤ ਤੇ ਹਨੀ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ। ਪੁਲਿਸ ਨੇ ਬਾਕੀਆਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਿਰਮਲ ਕੌਰ ਪਤਨੀ ਇਕਬਾਲ ਸਿੰਘ ਪੁੱਰ ਲਛਮਣ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਹੈ ਕਿ 11 ਜੂਨ ਨੂੰ ਉਸ ਦੇ ਲੜਕੇ ਦਿਹਾੜੀਦਾਰ ਵਜੋਂ ਕੰਮ ਤੇ ਗਏ ਹੋਏ ਸਨ। ਉਨ੍ਹਾਂ ਦੱਸਿਆ ਕਿ ਸ਼ਾਮ ਕਰੀਬ ਸਾਢੇ ਅੱਠ ਵਜੇ ਨਾਮਜਦ ਮੁਲਜਮਾਂ ਅਤੇ 4-5 ਅਣਪਛਾਤਿਆਂ ਨੇ ਜਿੰਨ੍ਹਾਂ ਕੋਲ ਡਾਂਗਾਂ ਅਤੇ ਕਿਰਪਾਨਾਂ ਆਦਿ ਸਨ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਰਾਂ ਨੇ ਉਨ੍ਹਾਂ ਦੇ ਘਰ ਪਏ ਸੋਫੇ ਅਤੇ ਮੰਜੇ ਨੂੰ ਅੱਗ ਲਾ ਦਿੱਤੀ। ਪੁਲਿਸ ਨੂੰ ਦਿੱਤਾ ਬਿਆਨਾਂ ’ਚ ਨਿਰਮਲ ਕੌਰ ਨੇ ਦੱਸਿਆ ਕਿ ਉਸ ਦੇ ਲੜਕੇ ਹਰਵਿੰਦਰ ਸਿੰਘ ਦੀ ਕੁੱਝ ਸਮਾਂ ਪਹਿਲਾਂ ਲੜਾਈ ਹੋ ਗਈ ਸੀ ਜਿਸ ਦੀ ਰੰਜਿਸ਼ ਕਾਰਨ ਮੁਲਜਮਾਂ ਨੇ ਉਨ੍ਹਾਂ ਦੇ ਘਰ ਆਕੇ ਭੰਨ ਤੋੜ ਕੀਤੀ ਅਤੇ ਅੱਗ ਲਾਈ ਹੈ। ਥਾਣਾ ਨੇਹੀਆਂ ਵਾਲਾ ਪੁਲਿਸ ਨੇ ਇਸ ਸਬੰਧ ਵਿੱਚ ਬੀਐਨਐਸ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਐਸਪੀ ਜਸਮੀਤ ਸਿੰਘ ਦਾ ਕਹਿਣਾ ਸੀ ਕਿ ਮੁਲਜਮਾਂ ਖਿਲਾਫ ਬੀਐਨਐਸ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਹੁਣ ਬਣਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Total Responses : 616