ਨਜਾਇਜ਼ ਸ਼ਰਾਬ ਦੀ ਤਸਕਰੀ ਵਿਰੁਧ 13 ਕੇਸ ਦਰਜ
ਆਬਕਾਰੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਡੀਸੀ ਡਾ. ਸੋਨਾ ਥਿੰਦ ਨੇ ਚੌਕਸੀ ਵਧਾਉਣ ਦੇ ਦਿੱਤੇ ਹੁਕਮ
ਫ਼ਤਹਿਗੜ੍ਹ ਸਾਹਿਬ, 12 ਜੂਨ:
ਪੰਜਾਬ ਸਰਕਾਰ ਵੱਲੋਂ ਨਜਾਇਜ਼ ਅਤੇ ਜ਼ਹਿਰੀਲੀ ਸ਼ਰਾਬ ਦੀ ਰੋਕਥਾਮ ਲਈ ਕੀਤੇ ਜਾ ਰਹੇ ਠੋਸ ਉਪਰਾਲਿਆਂ ਦੀ ਕੜੀ ਤਹਿਤ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਆਬਕਾਰੀ ਤੇ ਪੁਲਿਸ ਵਿਭਾਗ ਉਤੇ ਅਧਾਰਿਤ ਚੌਕਸੀ ਟੀਮਾਂ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕੀਤੀਆਂ ਹੋਈਆਂ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਆਬਕਾਰੀ ਅਫਸਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਦੇ ਆਬਕਾਰੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਡਾ. ਸੋਨਾ ਥਿੰਦ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦੋ ਮਹੀਨਿਆਂ ਭਾਵ ਪਹਿਲੀ ਅਪ੍ਰੈਲ ਤੋਂ ਹੁਣ ਤੱਕ, ਜ਼ਿਲ੍ਹੇ ਦੇ ਵੱਖ-ਵੱਖ ਪੁਲਿਸ ਥਾਣਿਆਂ ਵਿੱਚ ਆਬਕਾਰੀ ਐਕਟ ਦੀ ਧਾਰਾ 61/1/14 ਅਧੀਨ ਨਜਾਇਜ਼ ਸ਼ਰਾਬ ਦੀ ਤਸਕਰੀ ਦੇ 13 ਮੁਕੱਦਮੇ ਦਰਜ ਕੀਤੇ ਗਏ ਹਨ।
ਰਾਕੇਸ਼ ਕੁਮਾਰ ਨੇ ਦੱਸਿਆ ਕਿ ਗੁਪਤ ਇਤਲਾਹ ਦੇ ਆਧਾਰ ਉਤੇ ਨਜਾਇਜ਼ ਸ਼ਰਾਬ ਵੇਚਣ ਵਾਲਿਆਂ ਦੇ ਟਿਕਾਣਿਆਂ ਉਤੇ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਛਾਪਾਮਾਰੀ ਕੀਤੀ ਜਾ ਰਹੀ ਹੈ ਅਤੇ ਨਜਾਇਜ਼ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਜਗ੍ਹਾ-ਜਗ੍ਹਾ ਨਾਕਾਬੰਦੀ ਕੀਤੀ ਜਾ ਰਹੀ ਹੈ।
ਆਬਕਾਰੀ ਅਫਸਰ ਨੇ ਦੱਸਿਆ ਕਿ ਨਜਾਇਜ ਜਾਂ ਜ਼ਹਿਰੀਲੀ ਸ਼ਰਾਬ ਦੇ ਮਾੜੇ ਪ੍ਰਭਾਵਾਂ ਤੋਂ ਆਮ ਲੋਕਾਂ, ਮਜ਼ਦੂਰਾਂ ਨੂੰ ਜਾਣੂ ਕਰਵਾਉਣ ਹਿੱਤ ਜ਼ਿਲ੍ਹੇ ਦੇ ਆਬਕਾਰੀ ਨਿਰੀਖਕਾਂ ਵੱਲੋਂ ਢਾਬਿਆਂ, ਸ਼ੈਲਰਾਂ, ਫੈਕਟਰੀਆਂ ਅਤੇ ਇੱਟਾਂ ਦੇ ਭੱਠਿਆਂ 'ਤੇ ਜਾ ਕੇ ਜਾਗਰੂਕਤਾ ਵੀ ਪੈਦਾ ਕੀਤੀ ਜਾ ਰਹੀ ਹੈ।
ਵਰਨਣਯੋਗ ਹੈ ਕਿ ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ ਨੇ ਆਬਕਾਰੀ ਵਿਭਾਗ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜ਼ਿਲ੍ਹੇ ਵਿੱਚ ਨਜਾਇਜ਼ ਜਾਂ ਜਹਿਰੀਲੀ ਸ਼ਰਾਬ ਦਾ ਕਾਲਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਅਤੇ ਅਜਿਹੇ ਗੈਰ ਸਮਾਜਿਕ ਅਨਸਰਾਂ ਨੂੰ ਸਲਾਖ਼ਾਂ ਪਿੱਛੇ ਜ਼ਰੂਰ ਪਹੁੰਚਾਇਆ ਜਾਵੇ।
ਆਬਕਾਰੀ ਵਿਭਾਗ ਵੱਲੋਂ ਨਜਾਇਜ਼ ਜਾਂ ਜਹਿਰੀਲੀ ਸ਼ਰਾਬ ਦੀ ਰੋਕਥਾਮ ਲਈ ਜ਼ਿਲ੍ਹੇ ਅਧੀਨ ਆਉਂਦੇ ਵੱਖ-ਵੱਖ ਐਕਸਾਈਜ਼ ਸਰਕਲਾਂ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ ਜਿੱਥੇ ਕੋਈ ਵੀ ਵਿਅਕਤੀ ਨਕਲੀ, ਮਿਲਾਵਟੀ, ਨਜਾਇਜ਼ ਸ਼ਰਾਬ ਦੇ ਉਤਪਾਦਨ, ਭੰਡਾਰ ਜਾਂ ਵਿਕਰੀ ਬਾਰੇ ਅਧਿਕਾਰੀਆਂ ਨੂੰ ਸਿੱਧੇ ਤੌਰ ਉੱਤੇ ਸੂਚਿਤ ਕਰ ਸਕਦਾ ਹੈ। ਇੰਨ੍ਹਾਂ ਹੈਲਪ ਲਾਈਨ ਨੰਬਰਾਂ ਵਿੱਚ ਆਬਕਾਰੀ ਅਫਸਰ ਰਾਕੇਸ਼ ਕੁਮਾਰ ਦੇ ਮੋਬਾਇਲ ਨੰਬਰ 9780477277, ਮੰਡੀ ਗੋਬਿੰਦਗੜ੍ਹ ਲਈ ਐਕਸਾਈਜ਼ ਇੰਸਪੈਕਟਰ ਵਰਿੰਦਰ ਸਿੰਘ ਦੇ ਮੋਬਾਈਲ ਨੰਬਰ 9988100081, ਸਰਹਿੰਦ ਲਈ ਐਕਸਾਈਜ਼ ਇੰਸਪੈਕਟਰ ਹਰਸਿਮਰਨ ਸਿੰਘ ਦੇ ਮੋਬਾਈਲ ਨੰਬਰ 9877024150, ਖਮਾਣੋ ਲਈ ਐਕਸਾਈਜ਼ ਇੰਸਪੈਕਟਰ ਦਿਲਜਿੰਦਰ ਸਿੰਘ ਦੇ ਮੋਬਾਈਲ ਨੰਬਰ 9888553708, ਬਸੀ ਪਠਾਣਾ ਲਈ ਐਕਸਾਈਜ਼ ਇੰਸਪੈਕਟਰ ਬਲਦੇਵ ਸਿੰਘ ਦੇ ਮੋਬਾਈਲ ਨੰਬਰ 9876405551 ਉੱਤੇ ਸੂਚਨਾ ਦਿੱਤੀ ਜਾ ਸਕਦੀ ਹੈ।