ਗੁਰਦਾਸਪੁਰ: ਨਹਿਰ 'ਚ ਛਾਲ ਮਾਰ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ
ਪਰਿਵਾਰ ਨੇ ਬੱਬਰੀ ਬਾਈਪਾਸ ਤੇ ਧਰਨਾ ਲਗਾ ਕੇ ਹਾਈਵੇ ਕੀਤਾ ਜਾਮ
ਰੋਹਿਤ ਗੁਪਤਾ
ਗੁਰਦਾਸਪੁਰ , 9 ਜੂਨ 2025- 5 ਦਿਨ ਪਹਿਲਾਂ ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਵਿੱਚ ਇੱਕ ਨੌਜਵਾਨ ਰਣਦੀਪ ਸਿੰਘ ਨੇ ਪਿੰਡ ਦੇ ਇੱਕ ਵਿਅਕਤੀ ਵੱਲੋਂ ਕੀਤੀ ਗਈ ਬਦ ਸਲੂਕੀ ਅਤੇ ਜਲਾਲਤ ਤੋਂ ਦੁਖੀ ਹੋਕੇ ਨਹਿਰ ਵਿੱਚ ਛਾਲ ਮਾਰਕੇ ਆਤਮਹੱਤਿਆ ਕਰ ਲਈ ਸੀ। ਪੁਲਿਸ ਨੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਪਰ ਅਜੇ ਤੱਕ ਉਸਨੂੰ ਗ੍ਰਿਫਤਾਰ ਨਹੀਂ ਕੀਤਾ ਜਿਸ ਕਰਕੇ ਪਰਿਵਾਰ ਨੇ ਮ੍ਰਿਤਕ ਦੇਹ ਨੂੰ ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਬਬਰੀ ਬਾਈਪਾਸ ਤੇ ਰੱਖ ਕੇ ਰੋਸ਼ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਉਹਨਾਂ ਦੇ ਪੁੱਤਰ ਨੂੰ ਧਮਕਾਉਣ ਵਾਲੇ ਵਿਅਕਤੀ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ। ਉਹਨਾਂ ਕਿਹਾ ਕਿ ਜਦੋਂ ਤੱਕ ਉਹਨਾਂ ਦੇ ਪੁੱਤਰ ਦੇ ਹੱਤਿਆਰੇ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਅੰਤਿਮ ਸੰਸਕਾਰ ਨਹੀਂ ਕਰਨਗੇ।
ਮ੍ਰਿਤਕ ਰਣਦੀਪ ਸਿੰਘ ਦੀ ਮਾਤਾ ਨੇ ਦੱਸਿਆ ਕਿ ਰਣਦੀਪ ਸਿੰਘ ਨੂੰ ਉਸਨੇ ਆਪਣੀ ਭੈਣ ਕੋਲੋਂ ਗੋਦ ਲਿਆ ਸੀ ਅਤੇ ਬੜੇ ਲਾਡ ਨਾਲ ਪਾਲਿਆ ਸੀ । ਤਿੰਨ ਭੈਣਾਂ ਦਾ ਇਹ ਖਲੋਤਾ ਭਰਾ ਹੋਣ ਕਾਰਾਂ ਨੂੰ ਉਸਨੂੰ ਕਦੇ ਝਿੜਕਿਆ ਤੱਕ ਨਹੀਂ ਗਿਆ ਸੀ । ਉਸਦੀ ਭੈਣ ਨੇ ਕਿਹਾ ਕਿ ਰਨਦੀਪ ਸਿੰਘ ਬਹੁਤ ਭਾਵੁਕ ਸੀ ਅਤੇ ਕਦੀ ਵੀ ਗੰਦੀ ਬਹਿਣੀ ਨਹੀਂ ਬੈਠਾ ਇਸ ਲਈ ਉਸਨੇ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਜਲੀਲ ਕਰਨ ਅਤੇ ਗਾਲਾਂ ਕੱਢਣ ਦੀ ਗੱਲ ਨੂੰ ਦਿਲ ਤੇ ਲਾ ਲਿਆ ਤੇ ਬਿਨਾਂ ਕਿਸੇ ਨੂੰ ਦੱਸੇ ਵੀਡੀਓ ਬਣਾ ਕੇ ਨਹਿਰ ਵਿੱਚ ਛਲਾੰਗ ਲਗਾ ਦਿੱਤੀ । ਉੱਥੇ ਹੀ ਉਸਦੇ ਚਾਚਾ ਨੇ ਕਿਹਾ ਕਿ ਪੁਲਿਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਦਿਲਚਸਪੀ ਅਤੇ ਸਰਗਰਮੀ ਨਹੀਂ ਦਿਖਾ ਰਹੀ। ਜਦੋਂ ਤੱਕ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤੇ ਉਹਨਾਂ ਨੂੰ ਇਨਸਾਫ਼ ਨਹੀਂ ਦਿੱਤਾ ਜਾਂਦਾ ਉਹਨਾਂ ਦਾ ਧਰਨਾ ਜਾਰੀ ਰਹੇਗਾ।