US Breaking: ਅਮਰੀਕਾ 'ਚ ਕੁੱਝ ਵੱਡਾ ਹੋਣ ਜਾ ਰਿਹੈ? ਟਰੰਪ ਨੇ ਮੈਦਾਨ 'ਚ ਉਤਾਰੇ ਸੈਂਕੜੇ ਫ਼ੌਜੀ
ਕੈਲੀਫੋਰਨੀਆ (ਅਮਰੀਕਾ), 8 ਜੂਨ 2025- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਾਸ ਏਂਜਲਸ ਵਿੱਚ ਵਿਰੋਧ ਪ੍ਰਦਰਸ਼ਨਾਂ ਨੂੰ ਕੰਟਰੋਲ ਕਰਨ ਲਈ 'ਕੈਲੀਫੋਰਨੀਆ ਨੈਸ਼ਨਲ ਗਾਰਡ' ਦੇ 2,000 ਸੈਨਿਕਾਂ ਨੂੰ ਤਾਇਨਾਤ ਕਰਨ ਦੇ ਹੁਕਮ ਦਿੱਤੇ ਹਨ। ਜਦੋਂਕਿ ਗਵਰਨਰ ਨੇ ਸਰਕਾਰ ਦੇ ਇਸ ਕਦਮ 'ਤੇ ਇਤਰਾਜ਼ ਜਤਾਇਆ ਹੈ।
ਲਾਸ ਏਂਜਲਸ ਵਿੱਚ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਕਰਨ ਲਈ 44 ਲੋਕਾਂ ਨੂੰ ਗ੍ਰਿਫਤਾਰ ਕੀਤਾ। ਜਦੋਂ ਅਧਿਕਾਰੀਆਂ ਨੇ ਇਸ ਕਾਰਵਾਈ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਲੋਕਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਤਾਂ ਉਸ ਮਗਰੋਂ ਇੱਕ ਸੰਘੀ ਨਜ਼ਰਬੰਦੀ ਕੇਂਦਰ ਦੇ ਬਾਹਰ ਝੜਪ ਹੋ ਗਈ।
ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਨਿਵਾਸ ਅਤੇ ਦਫਤਰ, ਵ੍ਹਾਈਟ ਹਾਊਸ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਟਰੰਪ ਕੈਲੀਫੋਰਨੀਆ ਵਿੱਚ ਵਧਦੀ ਹਫੜਾ-ਦਫੜੀ ਨਾਲ ਨਜਿੱਠਣ ਲਈ ਕੈਲੀਫੋਰਨੀਆ ਨੈਸ਼ਨਲ ਗਾਰਡ ਸੈਨਿਕਾਂ ਨੂੰ ਤਾਇਨਾਤ ਕਰ ਰਹੇ ਹਨ।
ਕੈਲੀਫੋਰਨੀਆ ਦੇ ਗਵਰਨਰ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਗੈਵਿਨ ਨਿਊਸਮ ਨੇ ਇਸ ਕਦਮ 'ਤੇ ਇਤਰਾਜ਼ ਜਤਾਇਆ ਅਤੇ 'ਐਕਸ' 'ਤੇ ਇੱਕ 'ਪੋਸਟ' ਸਾਂਝੀ ਕੀਤੀ ਜਿਸ ਵਿੱਚ ਕਿਹਾ ਗਿਆ ਹੈ ਕਿ ਰਿਪਬਲਿਕਨ ਪਾਰਟੀ ਦੇ ਨੇਤਾ ਅਤੇ ਰਾਸ਼ਟਰਪਤੀ ਟਰੰਪ ਦਾ ਇਹ ਕਦਮ "ਜਾਣਬੁੱਝ ਕੇ ਭੜਕਾਊ ਹੈ ਅਤੇ ਸਿਰਫ ਤਣਾਅ ਵਧਾਏਗਾ। ਨਿਊਸਮ ਨੇ ਕਿਹਾ ਕਿ ਇਹ ਮਿਸ਼ਨ ਅਣਉਚਿਤ ਹੈ ਅਤੇ ਜਨਤਾ ਦੇ ਵਿਸ਼ਵਾਸ ਨੂੰ ਤਬਾਹ ਕਰੇਗਾ।