ਚੋਣਾਂ ਨਾਲ ਸਬੰਧਤ ਗਤੀਵਿਧੀਆਂ ਦੀ ਪ੍ਰਵਾਨਗੀ ਲਈ ਆਨਲਾਈਨ ਕੀਤਾ ਜਾਵੇ ਅਪਲਾਈ - ਜ਼ਿਲ੍ਹਾ ਚੋਣ ਅਫ਼ਸਰ
ਸੁਖਮਿੰਦਰ ਭੰਗੂ
ਲੁਧਿਆਣਾ, 28 ਮਈ 2025 - ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਹ ਲੁਧਿਆਣਾ ਪੱਛਮੀ ਉਪ-ਚੋਣ ਲਈ ਮੀਟਿੰਗਾਂ ਅਤੇ ਰੈਲੀਆਂ ਸਮੇਤ ਸਾਰੀਆਂ ਚੋਣਾਂ ਨਾਲ ਸਬੰਧਤ ਗਤੀਵਿਧੀਆਂ ਦੀ ਪ੍ਰਵਾਨਗੀ ਲੈਣ ਲਈ ਆਨਲਾਈਨ ਪੋਰਟਲ 'ਸੁਵਿਧਾ' ਰਾਹੀਂ ਅਰਜ਼ੀ ਦੇਣ।
ਇਹ ਪੋਰਟਲ ਚੋਣਾਂ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਲਈ ਪ੍ਰਵਾਗਨੀ ਲੈਣ ਲਈ ਇੱਕ-ਸਟਾਪ ਹੱਲ ਹੈ, ਜਿਸ ਵਿੱਚ ਮੀਟਿੰਗਾਂ, ਰੈਲੀਆਂ, ਵਾਹਨਾਂ ਦੀ ਵਰਤੋਂ, ਲਾਊਡਸਪੀਕਰ ਅਤੇ ਹੋਰ ਸ਼ਾਮਲ ਹਨ।
ਜ਼ਿਲ੍ਹਾ ਚੋਣ ਅਫ਼ਸਰ ਜੈਨ ਨੇ ਕਿਹਾ ਕਿ 'ਸੁਵਿਧਾ' ਪੋਰਟਲ ਚੋਣ ਅਧਿਕਾਰੀਆਂ ਤੋਂ ਪ੍ਰਵਾਨਗੀ ਪ੍ਰਾਪਤ ਕਰਨ ਲਈ ਇੱਕ ਸਿੰਗਲ-ਵਿੰਡੋ ਕਲੀਅਰੈਂਸ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਨੂੰ ਕਿਸੇ ਵੀ ਅਜਿਹੀ ਮੁਹਿੰਮ ਤੋਂ ਬਚਣਾ ਚਾਹੀਦਾ ਹੈ ਜੋ ਆਪਸੀ ਨਫ਼ਰਤ ਭੜਕਾਉਂਦੀ ਹੈ। ਇਸ ਤੋਂ ਇਲਾਵਾ, ਪ੍ਰਚਾਰ ਲਈ ਕਿਸੇ ਵੀ ਧਾਰਮਿਕ ਸਥਾਨ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਕਿਸੇ ਵੀ ਗਲਤ ਪ੍ਰਬੰਧਨ ਤੋਂ ਬਚਣ ਲਈ ਰਾਜਨੀਤਿਕ ਰੈਲੀਆਂ ਅਤੇ ਜਲੂਸਾਂ ਦੇ ਸਥਾਨ ਅਤੇ ਸਮੇਂ ਬਾਰੇ ਪਹਿਲਾਂ ਹੀ ਸੂਚਿਤ ਕੀਤਾ ਜਾਣਾ ਚਾਹੀਦਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਉਪ-ਚੋਣਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਚੋਣਾਂ ਦੌਰਾਨ ਪ੍ਰਸ਼ਾਸਨ ਨੂੰ ਆਪਣਾ ਸਮਰਥਨ ਅਤੇ ਸਹਿਯੋਗ ਦੇਣ ਦੀ ਅਪੀਲ ਕੀਤੀ।