Babushahi Special: ਲੁਧਿਆਣਾ ਜ਼ਿਮਨੀ ਚੋਣ: ਭਾਜਪਾ ਜਿੱਤ ਪ੍ਰਤੀ ਆਸਵੰਦ ਪਰ ਸਿਰ 'ਤੇ ਚੁਣੌਤੀਆਂ ਭਰਪੂਰ ਪੰਡ
ਅਸ਼ੋਕ ਵਰਮਾ
ਲੁਧਿਆਣਾ, 7 ਜੂਨ 2025: ਪੰਜਾਬ ਦੀ ਸਨਅਤੀ ਰਾਜਧਾਨੀ ਮੰਨੇ ਜਾਂਦੇ ਲੁਧਿਆਣਾ ਦੇ ਪੱਛਮੀ ਹਲਕੇ ਦੀ ਕਰਵਾਈ ਜਾ ਰਹੀ ਜਿਮਨੀ ਚੋਣ ਦੌਰਾਨ ਭਾਰਤੀ ਜੰਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਜਿੱਤ ਪ੍ਰਤੀ ਆਸਵੰਦ ਹੈ ਪਰ ਪਾਰਟੀ ਉਮੀਦਵਾਰ ਜੀਵਨ ਗੁਪਤਾ ਅੱਗੇ ਚੁਣੌਤੀਆਂ ਦਾ ਪਹਾੜ ਹੈ ਜਿਸ ਨੂੰ ਸਰ ਕਰਨ ਦੀ ਸੂਰਤ ’ਚ ‘ਕਮਲ ਦਾ ਫੁੱਲ’ ਖਿੜ ਸਕਦਾ ਹੈ। ਪਿਛੋਕੜ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਭਾਜਪਾ ਦੀ ਉਮੀਦ ਕੋਈ ਬੇਮਾਨੀ ਵੀ ਨਹੀਂ ਹੈ। ਪਿਛਲੇ ਸਮੇਂ ਦੌਰਾਨ ਭਾਵੇਂ ਪੰਜਾਬ ਭਰ ’ਚ ਬੀਜੇਪੀ ਨੂੰ ਜਿਹੋੋ ਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਹੋਵੇ ਪਰ ਇਹ ਵੀ ਹਕੀਕਤ ਹੈ ਕਿ ਲੁਧਿਆਣਾ ਪੱਛਮੀ ਹਲਕੇ ਵਿੱਚ ਭਗਵਾ ਪਾਰਟੀ ਦਾ ਦਾਇਰਾ ਵਧਿਆ ਹੈ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ‘ਆਮ ਆਦਮੀ ਪਾਰਟੀ ਦੀ ਸੁਨਾਮੀ ਦੇ ਬਾਵਜੂਦ ਭਾਜਪਾ ਉਮੀਦਵਾਰ ਬਿਕਰਮ ਸਿੰਘ ਸਿੱਧੂ ਨੂੰ 28 ਹਜ਼ਾਰ 107 ਵੋਟਾਂ ਪਈਆਂ ਤੇ ਉਹ ਤੀਸਰੇ ਸਥਾਨ ਤੇ ਰਹੇ ਸਨ।

ਇਸ ਤੋਂ ਬਾਅਦ ਸਾਲ 2024 ਦੀਆਂ ਲੋਕਾ ਸਭਾ ਚੋਣਾਂ ਮੌਕੇ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ 45 ਹਜ਼ਾਰ 424 ਵੋਟਾਂ ਪਈਆਂ ਸਨ ਜੋਕਿ 2022 ਨਾਲੋਂ 17 ਹਜ਼ਾਰ 317 ਜਿਆਦਾ ਹਨ। ਇਸ ਤੋਂ ਸਪਸ਼ਟ ਸੰਕੇਤ ਮਿਲਦੇ ਹਨ ਕਿ ਭਾਜਪਾ ਇਸ ਹਲਕੇ ਵਿੱਚ ਆਪਣੇ ਜਨ ਅਧਾਰ ਨੂੰ ਵੱਡੀ ਪੱਧਰ ਤੇ ਵਧਾਉਣ ’ਚ ਸਫਲ ਰਹੀ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੌਰਾਨ ਸਮੀਕਰਨਾਂ ’ਚ ਤਬਦੀਲੀ ਅਤੇ ਵਕਤ ਦੀ ਘਾਟ ਭਾਜਪਾ ਉਮੀਦਵਾਰ ਜੀਵਨ ਗੁਪਤਾ ਤੇ ਭਾਰੀ ਪੈ ਸਕਦੀ ਹੈ। ਇੰਨ੍ਹਾਂ ਮਾਹਿਰਾਂ ਨੇ ਕਿਹਾ ਕਿ ਲੁਧਿਆਣਾ ਪੱਛਮੀ ਹਲਕੇ ਦੀ ਜਿਮਨੀ ਚੋਣ ਮੌਕੇ ਭਾਜਪਾ ਲੀਡਰਸ਼ਿਪ ਨੇ ਆਪਣੀ ਸਧੀ ਹੋਈ ਰਣਨੀਤੀ ਤਹਿਤ ਪਾਰਟੀ ਦੇ ਕੱਦਵਾਰ, ਤਜ਼ਰਬੇਕਾਰ ਅਤੇ ਪਾਰਟੀ ਪ੍ਰਤੀ ਦਿਲੋਂ ਸਮਰਪਿਤ ਆਗੂ ਜੀਵਨ ਗੁਪਤਾ ਤੇ ਦਾਅ ਲਾਇਆ ਹੈ ਲੇਕਿਨ ਵਕਤ ਘੱਟ ਹੈ ਅਤੇ ਵਿਰੋਧੀ ਚੋਣ ਪ੍ਰਚਾਰ ’ਚ ਕਾਫੀ ਅੱਗੇ ਨਿਕਲ ਚੁੱਕੇ ਹਨ।
ਲੁਧਿਆਣਾ ਦੇ ਇੱਕ ਸੀਨੀਅਰ ਭਾਜਪਾ ਆਗੂ ਨੇ ਮੰਨਿਆ ਕਿ ਜਿਮਨੀ ਚੋਣ ਪਾਰਟੀ ਸੰਗਠਨ ਦੀ ਇੱਕਜੁਟਤਾ, ਹੋਰਨਾਂ ਪਾਰਟੀ ਦੇ ਮੁਕਾਬਲੇ ਚੋਣ ਪ੍ਰਚਾਰ ’ਚ ਤੇਜੀ ਲਿਆਉਣੀ ਅਤੇ ਰਣਨੀਤਕ ਪ੍ਰਬੰਧਨ ਲਈ ਪਰਖ ਦੀ ਘੜੀ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਸਮੂਹ ਆਗੂ ਪੂਰੀ ਤਨਦੇਹੀ ਨਾਲ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਹਨ ਫਿਰ ਵੀ 19 ਜੂਨ ਨੂੰ ਪਤਾ ਲੱਗੇਗਾ ਕਿ ਪਾਰਟੀ ਵਰਕਰਾਂ ਤੇ ਆਹੁਦੇਦਾਰਾਂ ਵੱਲੋਂ ਲਾਏ ਜੋਰ ਅਤੇ ਜੀਵਨ ਗੁਪਤਾ ਦਾ ਸਿਆਸੀ ਤਜ਼ਰਬਾ ਕੀ ਰੰਗ ਲਿਆਉਂਦਾ ਹੈ। ਇੱਕ ਹੋਰ ਭਾਜਪਾ ਵਰਕਰ ਨੇ ਕਿਹਾ ਕਿ ਪਾਰਟੀ ਵਰਕਰਾਂ ਦੇ ਹੌਂਸਲੇ ਬੁਲੰਦ ਹਨ ਪਰ ਭਾਜਪਾ ਅੱਗੇ ਸਭ ਤੋਂ ਵੱਡੀ ਚੁਣੌਤੀ ਸੀਮਤ ਵਕਤ ਦਾ ਹੋਣਾ ਹੈ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਅਤੇ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਵੱਲੋਂ ਪ੍ਰਚਾਰ ਦੀ ਵੱਡੀ ਮੁਹਿੰਮ ਚਲਾਈ ਜਾ ਚੁੱਕੀ ਹੈ ਜਦੋਂਕਿ ਕਿ ਭਾਜਪਾ ਨੂੰ ਸਿਰਫ 18 ਦਿਨ ਮਿਲੇ ਹਨ।
ਅੰਦਰੂਨੀ ਖਿੱਚੋਤਾਣ ਦਾ ਸਾਹਮਣਾ
ਖੁਦ ਨੂੰ ਅਨੁਸ਼ਾਸ਼ਿਤ ਅਤੇ ਕਾਡਰਬੱਧ ਪਾਰਟੀ ਮੰਨਣ ਵਾਲੀ ਭਾਰਤੀ ਜੰਤਾ ਪਾਰਟੀ ਨੂੰ ਉਮੀਦਵਾਰ ਦੀ ਚੋਣ ਦੌਰਾਨ ਖਿਚੋਤਾਣ ਦਾ ਸਾਹਮਣਾ ਵੀ ਕਰਨਾ ਪਿਆ ਹੈ। ਟਿਕਟ ਦੀ ਦੌੜ ਵਿੱਚ ਸਾਲ 2022 ਵਿੱਚ ਚੋਣ ਲੜ ਚੁੱਕੇ ਬਿਕਰਮ ਸਿੰਘ ਸਿੱਧੂ, ਲੁਧਿਆਣਾ ਦੇ ਤੇਜ ਤਰਾਰ ਆਗੂ ਅਨਿਲ ਸਰੀਨ ਅਤੇ ਪੰਜਾਬੀ ਫਿਲਮਾਂ ਦੇ ਅਦਾਕਾਰ ਹੌਬੀ ਧਾਲੀਵਾਲ ਤੋਂ ਇਲਾਵਾ ਇੱਕ ਦੋ ਹੋਰ ਆਗੂ ਸ਼ਾਮਲ ਸਨ। ਜਾਣਕਾਰੀ ਅਨੁਸਾਰ ਜੀਵਨ ਗੁਪਤਾ ਲੰਮੇਂ ਸਮੇਂ ਤੋਂ ਚੋਣ ਲੜਨ ਪ੍ਰਤੀ ਨਜ਼ਰਾਂ ਟਿਕਾਈ ਬੈਠੇ ਅਤੇ ਉਨ੍ਹਾਂ ਹਾਈਕਮਾਂਡ ਨੂੰ ਕਾਇਲ ਕਰਨ ਵਿੱਚ ਸਫਲਤਾ ਵੀ ਹਾਸਲ ਕੀਤੀ ਹੈ। ਇਹੋ ਕਾਰਨ ਹੈ ਕਿ ਪਾਰਟੀ ਨੇ ਜੀਵਨ ਗੁਪਤਾ ਦੇ ਨਾਮ ਤੇ ਮੋਹਰ ਲਾ ਦਿੱਤੀ ਜਿਸ ’ਚ ਸਮਾਂ ਜਿਆਦਾ ਲੱਗ ਗਿਆ ਜੋਕਿ ਸਿਆਸੀ ਤੌਰ ਘਾਤਕ ਹੋ ਸਕਦਾ ਹੈ।
ਜੀਵਨ ਗੁਪਤਾ ਦਾ ਸਿਆਸੀ ਸਫਰ
ਜੀਵਨ ਗੁਪਤਾ ਭਾਰਤੀ ਜੰਤਾ ਪਾਰਟੀ ਨਾਲ ਸਾਲ 1991 ਤੋ ਜੁੜੇ ਹੋਏ ਹਨ। ਜੀਵਨ ਗੁਪਤਾ ਦੋ ਵਾਰੀ ਪਾਰਟੀ ਦੇ ਸੂਬਾ ਜਰਨਲ ਸਕੱਤਰ, ਦੋ ਵਾਰੀ ਸੂਬਾ ਮੀਤ ਪ੍ਰਧਾਨ ਅਤੇ ਦੋ ਵਾਰੀ ਭਾਜਪਾ ਯੁਵਾ ਮੋਰਚਾ ਦੇ ਜਿਲ੍ਹਾ ਪ੍ਰਧਾਨ ਰਹਿ ਚੁੱਕੇ ਹਨ। ਜੀਵਨ ਗੁਪਤਾ ਨੇ ਕਈ ਪ੍ਰਕਾਰ ਦੀਆਂ ਚੋਣਾਂ ਦੌਰਾਨ ਚੋਣ ਇੰਚਾਰਜ ਦੇ ਤੌਰ ਤੇ ਸੇਵਾਵਾਂ ਵੀ ਨਿਭਾਈਆਂ ਹਨ। ਇਸ ਵਕਤ ਉਹ ਪਾਰਟੀ ਦੀ ਸੂਬਾ ਕੋਰ ਕਮੇਟੀ ਦੇ ਮੈਂਬਰ ਦੇ ਤੌਰ ਤੇ ਸੇਵਾ ਨਿਭਾ ਰਹੇ ਹਨ। ਜਾਣਕਾਰੀ ਅਨੁਸਾਰ ਹਾਈਕਮਾਂਡ ਵੱਲੋਂ ਜੀਵਨ ਗੁਪਤਾ ਨੂੰ ਜਿਮਨੀ ਚੋਣ ਵਿੱਚ ਉਮੀਦਵਾਰ ਬਨਾਉਣ ਦਾ ਸਭ ਤੋਂ ਅਹਿਮ ਕਾਰਨ ਪਾਰਟੀ ਪ੍ਰਤੀ ਪੂਰੀ ਨਿਸ਼ਠਾ ਅਤੇ ਸਿਆਸੀ ਤੌਰ ਤੇ ਲਗਾਤਾਰ ਸਰਗਰਮ ਰਹਿਣਾ ਰਿਹਾ ਹੈ।
ਵਿਧਾਇਕ ਦੀ ਮੌਤ ਕਾਰਨ ਚੋਣ
ਆਮ ਆਦਮੀ ਪਾਰਟੀ ਦੇ ਲੁਧਿਆਣਾ ਪੱਛਮੀ ਹਲਕੇ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੀ ਲੰਘੀ 10 ਜਨਵਰੀ ਨੂੰ ਆਪਣੇ ਹੀ ਘਰ ਵਿੱਚ ਗੋਲੀ ਲੱਗਣ ਕਾਰਨ ਹੋਈ ਮੌਤ ਕਰਕੇ ਇਹ ਜਿਮਨੀ ਚੋਣ ਕਰਵਾਈ ਜਾ ਰਹੀ ਹੈ। ਜਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ,ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ , ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ,ਭਾਜਪਾ ਦੇ ਜੀਵਨ ਗੁਪਤਾ , ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਵਨੀਤ ਕੁਮਾਰ ਗੋਪੀ ਅਤੇ ਨੈਸ਼ਨਲ ਲੋਕ ਸੇਵਾ ਪਾਰਟੀ ਦੇ ਜਤਿੰਦਰ ਕੁਮਾਰ ਸ਼ਰਮਾ ਤੋਂ ਇਲਾਵਾ ਇੱਕ ਮਹਿਲਾ ਸਣੇ 8 ਅਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ।