ਮੀਂਹ ਦੇ ਕੋਈ ਆਸਾਰ ਨਹੀਂ
ਚੰਡੀਗੜ੍ਹ: 3 ਮਾਰਚ, 2026
ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਮੌਸਮ ਦੇ ਮਿਜ਼ਾਜ ਤੇਜ਼ੀ ਨਾਲ ਬਦਲ ਰਹੇ ਹਨ। ਸਰਦੀਆਂ ਦੀ ਵਿਦਾਇਗੀ ਦੇ ਨਾਲ ਹੀ ਹੁਣ ਗਰਮੀ ਨੇ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਦੁਪਹਿਰ ਵੇਲੇ ਤੇਜ਼ ਧੁੱਪ ਕਾਰਨ ਤਾਪਮਾਨ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੋਕ ਹੁਣ ਘਰਾਂ ਵਿੱਚ ਪੱਖੇ ਚਲਾਉਣ ਲਈ ਮਜਬੂਰ ਹੋ ਗਏ ਹਨ।
ਸੂਬੇ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 4.3 ਡਿਗਰੀ ਉੱਪਰ ਪਹੁੰਚ ਗਿਆ ਹੈ। ਗੁਰਦਾਸਪੁਰ ਵਿੱਚ ਪਾਰਾ 30.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ, ਜੋ ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਗਰਮ ਦਿਨ ਰਿਹਾ।
ਮੌਸਮ ਵਿਭਾਗ ਅਨੁਸਾਰ ਅਗਲੇ ਪੰਜ ਦਿਨਾਂ ਵਿੱਚ ਤਾਪਮਾਨ 2 ਤੋਂ 4 ਡਿਗਰੀ ਹੋਰ ਵਧਣ ਦੀ ਉਮੀਦ ਹੈ। ਇਸ ਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਦੁਪਹਿਰ ਦੀ ਗਰਮੀ ਹੋਰ ਵੀ ਪਰੇਸ਼ਾਨ ਕਰੇਗੀ।
ਅਗਲੇ ਕੁਝ ਦਿਨਾਂ ਤੱਕ 20-30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਹ ਧੂੜ ਭਰੀਆਂ ਹਵਾਵਾਂ ਅੱਖਾਂ ਵਿੱਚ ਜਲਣ ਅਤੇ ਸਾਹ ਦੀਆਂ ਤਕਲੀਫ਼ਾਂ ਪੈਦਾ ਕਰ ਸਕਦੀਆਂ ਹਨ, ਇਸ ਲਈ ਸਾਵਧਾਨ ਰਹਿਣ ਦੀ ਲੋੜ ਹੈ।
ਭਾਵੇਂ 4 ਅਤੇ 6 ਮਾਰਚ ਨੂੰ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ, ਪਰ ਇਸ ਦਾ ਅਸਰ ਸਿਰਫ਼ ਪਹਾੜੀ ਇਲਾਕਿਆਂ ਤੱਕ ਹੀ ਸੀਮਤ ਰਹੇਗਾ। ਪੰਜਾਬ ਅਤੇ ਚੰਡੀਗੜ੍ਹ ਦੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹੇਗਾ।
Click to Follow Babushahi Facebook page →