ਪੰਜਾਬ ਪ੍ਰਦੂਸ਼ਣ ਬੋਰਡ ਨੇ ਬੁੱਢੇ ਦਰਿਆ ਕੰਢੇ ਲੱਗਣ ਜਾ ਰਹੀ ਰੁਚਰਾ ਪੇਪਰ ਮਿੱਲ ਬਾਰੇ ਸੈਂਟਰ ਸਰਕਾਰ ਨੂੰ ਭੇਜੀ ਰਿਪੋਰਟ 'ਚ ਲੋਕਾਂ ਦੀ ਜਿੱਤ - ਸ੍ਰੀ ਚਮਕੌਰ ਸਾਹਿਬ ਮੋਰਚਾ
- ਪੰਜਾਬ ਪ੍ਰਦੂਸ਼ਣ ਬੋਰਡ ਨੇ ਬੁੱਢੇ ਦਰਿਆ ਕੰਢੇ ਲੱਗਣ ਜਾ ਰਹੀ ਰੁਚਰਾ ਪੇਪਰ ਮਿੱਲ ਬਾਰੇ ਸੈਂਟਰ ਸਰਕਾਰ ਨੂੰ ਭੇਜੀ ਰਿਪੋਰਟ ਜਿਸ ਵਿੱਚ ਲੋਕਾਂ ਦੀ ਹੋਈ ਇਤਿਹਾਸਿਕ ਜਿੱਤ - ਸ੍ਰੀ ਚਮਕੌਰ ਸਾਹਿਬ ਮੋਰਚਾ, ਪੀਏਸੀ ਮੱਤੇਵਾੜਾ
- ਸਾਂਝੀ ਟੀਮ ਨੇ ਬੁੱਢੇ ਦਰਿਆ ਦਾ ਲੁਧਿਆਣੇ ਵਿਖੇ ਕੀਤਾ ਦੌਰਾ ਤੇ ਉਡਾਈਆਂ ਸਰਕਾਰੀ ਬਿਰਤਾਂਤ ਦੀਆਂ ਧੱਜੀਆਂ
ਸੁਖਮਿੰਦਰ ਭੰਗੂ
ਲੁਧਿਆਣਾ 25 ਮਈ 2025 - ਬੀਤੇ ਦਿਨੀ 30 ਅਪ੍ਰੈਲ 2025 ਨੂੰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਲਾਲ ਸ਼੍ਰੇਣੀ ਦੇ ਵੱਡੇ ਪੱਧਰ ਦੇ ਇੱਕ ਉਦਯੋਗ ਨੂੰ ਲਗਾਉਣ ਲਈ ਵਾਤਾਵਰਣ ਪ੍ਰਭਾਵ ਮੁਲਾਂਕਣ ਦੇ ਨਿਯਮਾਂ ਤਹਿਤ ਇੱਕ ਜਨਤਕ ਸੁਣਵਾਈ ਕੀਤੀ ਗਈ। ਪੰਜਾਬ ਵਿੱਚ ਪਿਛਲੇ 20 ਸਾਲਾਂ ਵਿੱਚ ਇਸ ਤਰ੍ਹਾਂ ਦੇ ਉਦਯੋਗਾਂ ਨੂੰ ਲਗਾਉਣ ਲਈ ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਨਤਕ ਸੁਣਵਾਈਆਂ ਹੋਈਆਂ ਹਨ ਪਰ ਇਹ ਸੁਣਵਾਈ ਇਤਿਹਾਸਿਕ ਹੋ ਨਿਬੜੀ। ਇਲਾਕੇ ਦੇ ਆਲੇ ਦੁਆਲੇ ਦੇ 60 ਪਿੰਡ ਇਹ ਨਹੀਂ ਚਾਹੁੰਦੇ ਸਨ ਕਿ ਇਸ ਤਰ੍ਹਾਂ ਦਾ ਪ੍ਰਦੂਸ਼ਣਕਾਰੀ ਉਦਯੋਗ ਉਹਨਾਂ ਦੇ ਵਿਰਸੇ, ਇਤਿਹਾਸ ਅਤੇ ਵਾਤਾਵਰਣ ਪੱਖ ਤੋਂ ਅਮੀਰ - ਜੰਗਲ ਬੇਲੇ, ਦਰਿਆ, ਨਹਿਰ ਅਤੇ ਕੁਦਰਤੀ ਜੀਵ ਜੰਤੂਆਂ ਵਾਲੇ ਰਮਣੀਕ ਇਲਾਕੇ ਵਿੱਚ ਕੋਈ ਇਹੋ ਜਿਹਾ ਪ੍ਰਦੂਸ਼ਣਕਾਰੀ ਉਦਯੋਗ ਲੱਗੇ। ਇਸ ਦੇ ਉਲਟ ਕਾਰਪੋਰੇਟ, ਵੱਡੇ ਸਿਆਸਤਦਾਨ, ਸਰਕਾਰ, ਪ੍ਰਸ਼ਾਸਨ ਅਤੇ ਪ੍ਰਦੂਸ਼ਣ ਬੋਰਡ ਦਾ ਗਠਜੋੜ ਇਸ ਨੂੰ ਲਗਾਉਣਾ ਚਾਹੁੰਦਾ ਸੀ ਅਤੇ ਜਨਤਕ ਸੁਣਵਾਈ ਦੇ ਇਸ ਕਨੂੰਨੀ ਅੜਿਕੇ ਨੂੰ ਕਿਸੇ ਵਿੰਗੇ ਟੇਢੇ ਢੰਗ ਨਾਲ ਪਾਰ ਕਰਨਾ ਚਾਹੁੰਦਾ ਸੀ। ਜਨਤਕ ਸੁਣਵਾਈ ਸ਼ੁਰੂ ਹੋਈ ਅਤੇ ਹਜ਼ਾਰ ਤੋਂ ਉੱਤੇ ਬਜ਼ੁਰਗ, ਬੀਬੀਆਂ, ਨੌਜਵਾਨ ਅਤੇ ਇਲਾਕਾ ਨਿਵਾਸੀ ਬਹੁਤ ਹੀ ਅਨੁਸ਼ਾਸਨ ਨਾਲ ਪਹੁੰਚੇ ਅਤੇ ਹਾਜ਼ਰੀ ਲਵਾ ਕੇ ਬੈਠ ਗਏ ਏਡੀਸੀ ਸਾਹਿਬਾ ਨੇ ਸੁਣਵਾਈ ਸ਼ੁਰੂ ਕਰਵਾਈ ਅਤੇ ਮਿਲ ਦੇ ਅਫਸਰਾਂ ਵੱਲੋਂ ਮਿਲ ਬਾਰੇ ਕੁਝ ਗੱਲਾਂ ਰੱਖਣ ਤੋਂ ਬਾਅਦ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਹੋਇਆ ਬਹੁਤ ਸਾਰੇ ਡੂੰਘੀ ਖੋਜ ਵਾਲੇ ਸਵਾਲਾਂ ਦੀ ਬੁਛਾੜ ਹੀ ਲੱਗ ਗਈ ਤੇ ਜਵਾਬ ਆਉਣੇ ਔਖੇ ਹੋ ਗਏ ਚਾਰ ਕੁ ਘੰਟੇ ਚੱਲੀ ਇਸ ਸੁਣਵਾਈ ਤੋਂ ਬਾਅਦ ਵੋਟਾਂ ਹੋਈਆਂ ਇੰਡਸਟਰੀ ਲਗਾਉਣ ਦੇ ਹੱਕ ਵਿੱਚ ਕੁਝ ਕੁ ਗਿਣਤੀ ਦੇ ਹੀ ਹੱਥ ਖੜੇ ਹੋਏ ਅਤੇ ਮਿਲ ਲਾਉਣ ਦੇ ਵਿਰੋਧ ਵਿੱਚ ਸਾਰਾ ਪੰਡਾਲ ਬੋਲੇ ਸੋ ਨਿਹਾਲ ਦੇ ਜੈਕਾਰੇ ਨਾਲ ਗੂੰਜ ਉੱਠਿਆ। ਹੁਣ ਉਸ ਸੁਣਵਾਈ ਦੀ ਕਾਰਵਾਈ ਰਿਪੋਰਟ ਪੰਜਾਬ ਪ੍ਰਦੂਸ਼ਣ ਬੋਰਡ ਨੇ ਬਣਾ ਕੇ ਕੇਂਦਰ ਦੀ ਵਾਤਾਵਰਣ ਮਨਿਸਟਰੀ ਨੂੰ ਭੇਜੀ ਹੈ ਅਤੇ ਜਨਤਕ ਵੀ ਕੀਤੀ ਹੈ। ਚੰਗੀ ਗੱਲ ਇਹ ਹੈ ਕਿ ਸਿਆਸੀ ਅਤੇ ਪੈਸੇ ਦੇ ਦਬਾਅ ਦੇ ਬਾਵਜੂਦ ਇਸ ਵਿੱਚ ਜਨਤਕ ਸੁਣਵਾਈ ਬਾਰੇ ਕਾਫੀ ਹੱਦ ਤੱਕ ਸਹੀ ਰਿਪੋਰਟਿੰਗ ਕੀਤੀ ਗਈ ਹੈ। ਇੱਕ ਹੋਰ ਕਾਨੂੰਨੀ ਪੇਚ ਕਾਰਕੁਨਾਂ ਵੱਲੋਂ ਪੇਸ਼ ਕੀਤਾ ਗਿਆ ਹੈ ਜਿਸ ਨੇ ਇੰਡਸਟਰੀ ਨੂੰ ਘੇਰ ਲਿਆ ਹੈ ਜੋ ਕਿ ਵਾਤਾਵਰਨ ਕਨੂੰਨ ਦਾ ਇੱਕ ਨੋਟੀਫਿਕੇਸ਼ਨ ਹੈ ਜੋ ਇਹ ਕਹਿੰਦਾ ਹੈ ਕਿ ਕੋਈ ਵੀ ਲਾਲ ਸ਼ਰੇਣੀ ਦਾ ਉਦਯੋਗ ਪਾਣੀ ਦੇ ਸੋਮੇ ਦੇ 500 ਮੀਟਰ ਦੇ ਅੰਦਰ ਅੰਦਰ ਨਹੀਂ ਲਾਇਆ ਜਾਵੇਗਾ। ਇਸ ਮਿਲ ਦੀ ਖਰੀਦੀ ਗਈ ਜ਼ਮੀਨ ਦੇ ਇੱਕ ਪਾਸੇ ਬੁੱਢਾ ਦਰਿਆ ਕੇਵਲ 10 ਮੀਟਰ ਤੇ ਅਤੇ ਦੂਜੇ ਪਾਸੇ ਨੀਲੋ ਨਹਿਰ 200 ਮੀਟਰ ਤੇ ਵਗਦੀ ਹੈ। ਜੇ ਇਸ ਤਰ੍ਹਾਂ ਦੀ ਲਾਲ ਸ਼੍ਰੇਣੀ ਦੀ ਮਿੱਲ ਜਿਸ ਨੇ ਵੱਡੇ ਪੱਧਰ ਤੇ ਕਰੋੜਾਂ ਲੀਟਰ ਪਾਣੀ ਰੋਜ਼ ਵਰਤਣਾ ਅਤੇ ਗੰਦਾ ਕਰਕੇ ਛੱਡਣਾ ਹੋਵੇ ਲੱਗਦੀ ਹੈ ਤਾਂ ਆਲੇ ਦੁਆਲੇ ਦੇ ਜਲ ਸਰੋਤਾਂ ਨੂੰ ਪ੍ਰਦੂਸ਼ਣ ਦਾ ਖਤਰਾ ਬਹੁਤ ਹੀ ਵੱਧ ਜਾਂਦਾ ਹੈ ਨੀਲੋ ਨਹਿਰ ਆਉਣ ਵਾਲੇ ਦਿਨਾਂ ਵਿੱਚ ਲੁਧਿਆਣੇ ਸ਼ਹਿਰ ਨੂੰ ਪੀਣ ਵਾਲਾ ਪਾਣੀ ਪ੍ਰਧਾਨ ਕਰਨ ਲਈ ਵਰਤੀ ਜਾਣੀ ਹੈ ਅਤੇ ਬੁੱਢਾ ਦਰਿਆ ਤਾਂ ਪਹਿਲਾਂ ਹੀ ਦੱਖਣੀ ਪੰਜਾਬ ਅਤੇ ਰਾਜਸਥਾਨ ਨੂੰ ਕੈਂਸਰ ਵੰਡਣ ਲਈ ਦੁਨੀਆ ਭਰ ਵਿੱਚ ਨਾਮਣਾ ਖੱਟ ਚੁੱਕਿਆ ਹੈ। ਇਸ ਲਈ ਇਹ ਲੋਕ ਰੋਹ ਬਹੁਤ ਜਾਇਜ਼ ਵੀ ਸੀ ਅਤੇ ਪੰਜਾਬ ਲਈ ਬਹੁਤ ਲਾਭਦਾਇਕ ਵੀ ਸਿੱਧ ਹੋਇਆ ਹੈ।
ਪਬਲਿਕ ਐਕਸ਼ਨ ਕਮੇਟੀ ਮੱਤੇਵਾੜਾ ਅਤੇ ਸ੍ਰੀ ਚਮਕੌਰ ਸਾਹਿਬ ਮੋਰਚਾ ਦੀ ਸਾਂਝੀ ਟੀਮ ਨੇ ਲੁਧਿਆਣੇ ਦੇ ਬੁੱਢੇ ਦਰਿਆ ਦਾ ਜੀ ਟੀ ਰੋਡ ਨੇੜੇ ਵੀ ਦੌਰਾ ਕੀਤਾ ਤੇ ਕਾਲੇ ਪਾਣੀ ਦੀ ਬੋਤਲ ਭਰ ਕੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ। ਪੀ ਏ ਸੀ ਦੇ ਕਪਿਲ ਦੇਵ ਅਤੇ ਗੁਰਪ੍ਰੀਤ ਸਿੰਘ ਪਲਾਹਾ ਨੇ ਕਿਹਾ, "ਕੋਕਾ ਕੋਲਾ ਵਰਗਾ ਕਾਲਾ ਸ਼ਾਹ ਪਾਣੀ ਲੁਧਿਆਣੇ ਸ਼ਹਿਰ ਵਿੱਚੋਂ ਵੱਗ ਰਿਹਾ ਹੈ ਪਰ ਪੰਜਾਬ ਸਰਕਾਰ ਦਾ ਪ੍ਰਚਾਰ ਤੰਤਰ ਕੁਝ ਵੱਖਰਾ ਹੀ ਬਿਰਤਾਂਤ ਘੜ ਰਿਹਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ ਕਰ ਰਿਹਾ ਹੈ। ਪੰਜਾਬੀਆਂ ਨੂੰ ਬਹੁਤ ਹੀ ਚੁਕੰਨੇ ਅਤੇ ਸੁਚੇਤ ਰਹਿਣ ਦੀ ਲੋੜ ਹੈ।"
ਪੀ ਏ ਸੀ ਦੇ ਜਸਕੀਰਤ ਸਿੰਘ ਨੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਮੋਰਚੇ ਦੇ ਸਾਥੀਆਂ ਨੇ ਜੋ ਇਤਿਹਾਸ ਰਚਿਆ ਹੈ ਉਸ ਨਾਲ ਪੰਜਾਬ ਦੇ ਪੀਣ ਵਾਲੇ ਪਾਣੀ ਦੇ ਭਵਿੱਖ ਦਾ ਇੱਕ ਬਹੁਤ ਵੱਡੇ ਖਤਰੇ ਤੋਂ ਕੁਝ ਹੱਦ ਤੱਕ ਬਚਾਅ ਤਾਂ ਹੋਇਆ ਹੈ ਪਰ ਹੁਣ ਇਹ ਜੰਗ ਕੇਂਦਰ ਦੀ ਵਾਤਾਵਰਣ ਮਨਿਸਟਰੀ ਵਿੱਚ ਪਹੁੰਚ ਗਈ ਹੈ ਅਤੇ ਸਾਰੇ ਪੰਜਾਬ ਦੇ ਲੋਕਾਂ ਨੂੰ ਉਸ ਪੱਧਰ ਤੇ ਵੀ ਆਪਣੇ ਵਿਚਾਰ ਭੇਜਣੇ ਅਤਿ ਜਰੂਰੀ ਹਨ ਤਾਂ ਕਿ ਮਿਲ ਨੂੰ ਕਿਤੇ ਗਲਤੀ ਨਾਲ ਵੀ ਇਹ ਇਨਵਾਇਰਮੈਂਟ ਕਲੀਅਰੈਂਸ ਨਾ ਮਿਲ ਜਾਵੇ।
ਪਬਲਿਕ ਐਕਸ਼ਨ ਕਮੇਟੀ ਦੇ ਜਸਕੀਰਤ ਸਿੰਘ, ਗੰਗਵੀਰ ਸਿੰਘ ਰਠੌਰ, ਕੁਲਦੀਪ ਸਿੰਘ ਖਹਿਰਾ, ਕਪਿਲ ਦੇਵ, ਡਾਕਟਰ ਅਮਨਦੀਪ ਬੈਂਸ, ਕਰਨਲ ਜਸਜੀਤ ਗਿੱਲ ਅਤੇ ਗੁਰਪ੍ਰੀਤ ਪਲਾਹਾ ਅਤੇ ਸ੍ਰੀ ਚਮਕੌਰ ਸਾਹਿਬ ਮੋਰਚਾ ਦੇ ਕਰਨਵੀਰ ਸਿੰਘ ਕੰਧੋਲ਼ਾ, ਗਗਨਦੀਪ ਸਿੰਘ ਮਾਣੇਮਾਜਰਾ, ਕਮਲਜੀਤ ਸਿੰਘ ਮਹਿਤੋਤ, ਲਖਵੀਰ ਸਿੰਘ ਹਾਫਿਜਾਬਾਦ, ਸਤਨਾਮ ਸਿੰਘ ਫਤਿਹਪੁਰ ਨੇ ਸਾਰੇ ਪੰਜਾਬ ਦਾ ਇਸ ਮੁਹਿੰਮ ਵਿੱਚ ਸਾਥ ਦੇਣ ਲਈ ਧੰਨਵਾਦ ਕੀਤਾ ਅਤੇ ਜੰਗ ਦੇ ਅਗਲੇ ਪੜਾਅ ਵਿੱਚ ਸਾਥ ਦੀ ਅਪੀਲ ਵੀ ਕੀਤੀ।