ਸਿਹਤ ਵਿਭਾਗ ਨਥਾਣਾ ਨੇ ਕੱਢੀ ਹਾਇਪਰਟੈਂਸ਼ਨ ਸਬੰਧੀ ਸੁਨੇਹਾ ਦਿੰਦੀ ਸਾਈਕਲ ਰੈਲੀ
ਅਸ਼ੋਕ ਵਰਮਾ
ਨਥਾਣਾ, 23 ਮਈ 2025 : ਸਿਹਤ ਵਿਭਾਗ ਨਥਾਣਾ ਵਲੋਂ ਸਿਵਲ ਸਰਜਨ ਬਠਿੰਡਾ ਡਾ. ਰਮਨਦੀਪ ਸਿੰਗਲਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ ਨਥਾਣਾ ਡਾਕਟਰ ਨਵਦੀਪ ਕੌਰ ਸਰਾਂ ਦੀ ਅਗਵਾਈ ਹੇੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਦੇ ਵਿਦਿਆਰਥੀਆਂ ਨੇ ਹਾਇਪਰਟੈਂਸ਼ਨ ਸਬੰਧੀ ਸੁਨੇਹਾ ਦਿੰਦੀ ਸਾਈਕਲ ਰੈਲੀ ਕੱਢੀ। ਇਸ ਤੋਂ ਇਲਾਵਾ ਬੱਸ ਸਟੈਂਡ ਨਥਾਣਾ ਵਿਖੇ ਜਾਂਚ ਕੈਂਪ ਵੀ ਲਗਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆ ਡਾ. ਸਰਾਂ ਨੇ ਦੱਸਿਆ ਕਿ 17 ਮਈ ਤੋਂ 16 ਜੂਨ 2025 ਤੱਕ ਵਿਸ਼ੇਸ਼ ਮਹੀਨਾ ਮਨਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਬਲੱਡ ਪ੍ਰੈਸ਼ਰ ਨਾਲ ਸਰੀਰ ਦੇ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਜਾ ਸਕੇ ਅਤੇ ਵਿਸ਼ੇਸ਼ ਜਾਂਚ ਕੈਂਪ ਲਾ ਕੇ ਲੋਕਾਂ ਦੇ ਬਲੱਡ ਪ੍ਰੈਸ਼ਰ ਦੀ ਜਾਂਚ ਕੀਤੀ ਜਾ ਸਕੇ।ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਉਦੇਸ਼ ਲੋਕਾਂ ’ਚ ਹਾਈਪਰਟੈਂਸ਼ਨ (ਉੱਚ ਰਕਤ ਚਾਪ) ਬਾਰੇ ਜਾਗਰੂਕਤਾ ਫੈਲਾਉਣ ਤੇ ਸਿਹਤ ਪ੍ਰਣਾਲੀ ਦੇ ਸਾਰੇ ਪੱਧਰਾਂ ’ਤੇ ਰੋਕਥਾਮ ਤੇ ਕੰਟਰੋਲ ਕਰਨ ਦੇ ਹੱਲਾਂ ਨੂੰ ਉਤਸ਼ਾਹਿਤ ਕਰਨਾ ਹੈ।
ਉਨ੍ਹਾਂ ਕਿਹਾ ਕਿ ਇਸ ਵਾਸਤੇ ਵਿਭਾਗ ਵੱਲੋਂ ਸਾਰੇ ਸਿਹਤ ਕੇਂਦਰਾਂ ’ਤੇ ਪੂਰੇ ਮਹੀਨੇ ਦੌਰਾਨ ਵੱਖ-ਵੱਖ ਸਰਗਰਮੀਆਂ ਦੀ ਯੋਜਨਾ ਬਣਾਈ ਗਈ ਹੈ। ਇਨ੍ਹਾਂ ਗਤੀਵਿਧੀਆ ਰਾਹੀਂ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ, ਉੱਚ ਰਕਤ ਚਾਪ ਦੀ ਜਾਂਚ ਤੇ ਮੈਨੇਜਮੈਂਟ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਹਿੰਮ ਤਹਿਤ ਜਾਗਰੂਕਤਾ ਰੈਲੀਆਂ, ਮੁਫਤ ਜਾਂਚ ਕੈਂਪ, ਸਿਖਲਾਈ ਸੈਸ਼ਨਾਂ ਰਾਹੀਂ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਹਾਈਪਰਟੈਂਸ਼ਨ ਦੇ ਖ਼ਤਰੇ ਬਾਰੇ ਸਮਝਾਇਆ ਜਾਵੇ ਤੇ ਉਨ੍ਹਾਂ ਨੂੰ ਸਮੇਂ ਸਿਰ ਜਾਂਚ ਕਰਵਾ ਕੇ ਇਲਾਜ ਲੈਣ ਲਈ ਪ੍ਰੇਰਿਤ ਕੀਤਾ ਜਾਵੇ।ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਸਾਨੂੰ ਆਪਣੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰੱਖਣਾ ਚਾਹੀਦਾ ਹੈ ਕਿਉਂਕਿ ਜਿਆਦਾ ਬਲੱਡ ਪ੍ਰੈਸ਼ਰ ਹੋਣਾ ਸਾਡੇ ਸਰੀਰ ਲਈ ਘਾਤਕ ਸਿੱਧ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਲਈ ਸਮੇਂ ਸਮੇਂ ਮਾਹਿਰ ਡਾਕਟਰ ਤੋਂ ਆਪਣੀ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਅਤੇ ਡਾਕਟਰ ਦੀ ਸਲਾਹ ਅਨੁਸਾਰ ਦਵਾਈ ਬਿਨ੍ਹਾਂ ਨਾਗਾ ਲਗਾਤਾਰ ਖਾਂਦੇ ਰਹਿਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਹਾਇਪਰਟੈਂਸ਼ਨ ਤੋਂ ਬਚਾਅ ਲਈ ਸਾਨੂੰ ਆਪਣੇ ਸਰੀਰ ਦਾ ਭਾਰ ਕੰਟਰੋਲ ਰੱਖਣਾ ਚਾਹੀਦਾ ਹੈ, ਨਮਕ ਅਤੇ ਚੀਨੀ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦਾ ਹੈ, ਤਲੀਆਂ ਹੋਈਆਂ ਚੀਜਾਂ, ਬਜ਼ਾਰੀ ਖਾਣੇ, ਫਾਸਟ ਫੂਡ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।ਉਨ੍ਹਾ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਸੰਸਥਾਵਾਂ ਵਿਚ ਬਲੱਡ ਪ੍ਰੈਸ਼ਰ ਦੀ ਜਾਂਚ ਅਤੇ ਇਸ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ ।
ਇਸ ਮੌਕੇ ਬਲਾਕ ਐਜੂਕੇਟਰ ਪਵਨਜੀਤ ਕੌਰ ਅਤੇ ਸੀ.ਐਚ.ਓ ਵੀਰਪਾਲ ਕੌਰ ਨੇ ਕਿਹਾ ਕਿ ਹਾਈ ਬਲੱਡ ਪ੍ਰੈਸ਼ਰ ਦੀ ਬੀਮਾਰੀ ਤੋਂ ਬਚਣ ਲਈ ਸਾਨੂੰ ਰੋਜ਼ਾਨਾ ਸੈਰ ਜਾਂ ਕਸਰਤ ਕਰਨੀ ਚਾਹੀਦਾ ਹੈ,ਯੋਗਾ ਅਤੇ ਧਿਆਨ ਕਰਕੇ ਮਾਨਸਿਕ ਤਣਾਅ ਨੂੰ ਘੱਟ ਕਰਨਾ ਚਾਹੀਦਾ ਹੈ, ਹਰੀਆਂ ਸਬਜੀਆਂ ਫਲਾਂ ਅਤੇ ਸਲਾਦ ਦਾ ਸੇਵਨ ਜਿਆਦਾ ਕਰਨਾ ਚਾਹੀਦਾ ਹੈ।ਜਿਆਦਾ ਬਲੱਡ ਪ੍ਰੈਸ਼ਰ ਹੋਣ ‘ਤੇ ਮਾਹਿਰ ਡਾਕਟਰ ਦੀ ਸਲਾਹ ਅਨੁਸਾਰ ਲਗਾਤਾਰ ਅਤੇ ਬਿਨ੍ਹਾ ਨਾਗਾ ਦਵਾਈ ਖਾਣੀ ਚਾਹੀਦੀ ਹੈ ਅਤੇ ਸਮੇਂ ਸਮੇਂ ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ।ਇਸ ਨਾਲ ਅਸੀਂ ਤੰਦਰੁਸਤ ਅਤੇ ਲੰਬਾ ਜੀਵਨ ਜੀਅ ਸਕਦੇ ਹਾਂ।ਇਸ ਮੌਕੇ ਸਿਹਤ ਕਰਮੀ ਅਤੇ ਆਸ਼ਾ ਵਰਕਰ ਹਾਜ਼ਰ ਸਨ।