ਬਠਿੰਡਾ ’ਚ ਮੁੜ ਭੜਕਣ ਲੱਗਿਆ ਟੋਅ ਵੈਨਾਂ ਰਾਹੀਂ ਬਜ਼ਾਰਾਂ ਚੋਂ ਕਾਰਾਂ ਚੁੱਕਣ ਦਾ ਮਾਮਲਾ
ਅਸ਼ੋਕ ਵਰਮਾ
ਬਠਿੰਡਾ, 23 ਮਈ 2025: ਬਠਿੰਡਾ ਦੇ ਦੁਕਾਨਦਾਰਾਂ ਨੇ ਇੱਕ ਵਾਰ ਫਿਰ ਤੋਂ ਨਗਰ ਨਿਗਮ ਅਤੇ ਪ੍ਰਾਈਵੇਟ ਠੇਕੇਦਾਰ ਵੱਲੋਂ ਚਲਾਈਆਂ ਜਾ ਰਹੀਆਂ ਟੋਹ ਵੈਨਾਂ ਦੀ ਧੱਕੇਸ਼ਾਹੀ ਖਿਲਾਫ ਕੀਤੇ ਨਿਤਰਨ ਦੇ ਫੈਲੇ ਨਾਲ ਮਲਟੀਸਟੋਰੀ ਪਾਰਕਿੰਗ ਵਿਵਾਦ ਗਰਮਾਉਣ ਲੱਗਿਆ ਹੈ। ਅੱਜ ਕੀਤੀ ਮੀਟਿੰਗ ਦੌਰਾਨ ਵਪਾਰੀ ਭਾਈਚਾਰੇ ਨੇ ਨਗਰ ਨਿਗਮ ਵੱਲੋਂ ਲੋਕਾਂ ਦੀਆਂ ਕਾਰਾਂ ਟੋਅ ਕਰਨ ’ਤੇ ਚਿੰਤਾ ਅਤੇ ਰੋਸ ਪ੍ਰਗਟ ਕਰਦਿਆਂ ਕਿਹਾ ਗਿਆ ਕਿ ਪਿਛਲੇ ਦੋ ਸਾਲਾਂ ਤੋਂ ਇਹ ਟੋਹ ਵੈਨਾਂ ਚਲ ਰਹੀਆਂ ਹਨ ਜਿੰਨ੍ਹਾਂ ਕਾਰਨ ਸ਼ਹਿਰ ’ਚ ਅਸ਼ਾਂਤੀ ਦਾ ਮਾਹੌਲ ਬਣ ਚੁੱਕਾ ਹੈ। ਇਸ ਮੌਕੇ ਦੁਕਾਨਦਾਰਾਂ ਨੇ ਚਿਤਾਵਨੀ ਦਿੱਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਕਨਵੀਨਰ ਅਰਵਿੰਦ ਕੇਜ਼ਰੀਵਾਲ ਦੀ ਆਮਦ ਮੌਕੇ ਦੁਕਾਨਾਂ ਬੰਦ ਕਰਕੇ ਰੋਸ ਵਿਖਾਵਾ ਕੀਤਾ ਜਾਏਗਾ। ਵਪਾਰੀਆਂ ਨੇ ਕਿਹਾ ਕਿ ਹੁਣ ਤਾਂ ਨਗਰ ਨਿਗਮ ਠੇਕੇਦਾਰ ਨੂੰ ਨਵੇਂ-ਨਵੇਂ ਇਲਾਕੇ ਦੇ ਕੇ ਉਸਨੂੰ ਗਲਤ ਢੰਗ ਨਾਲ ਫਾਇਦਾ ਪਹੁੰਚਾਉਣ ਲੱਗਾ ਹੈ ਜੋ ਲੋਕਾਂ ਨਾਲ ਧੱਕੇਸ਼ਾਹੀ ਦਾ ਕਾਰਨ ਬਣ ਰਿਹਾ ਹੈ।
ਉਨ੍ਹਾਂ ਚਿੰਤਾ ਜਤਾਈ ਕਿ ਹੁਣ ਤਾਂ ਮੱਛੀ ਮਾਰਕਿਟ ਦੇ ਟੈਕਸੀ ਸਟੈਂਡ ਅਤੇ ‘ਆਈ ਲਵ ਮਾਈ ਬਠਿੰਡਾ’ ਸੁਭਾਸ਼ ਮਾਰਕਿਟ ਦੀ ਪਾਰਕਿੰਗ ਵਿੱਚ ਖੜੀਆਂ ਕਾਰਾਂ ਵੀ ਟੋਅ ਕਰ ਲਈਆਂ ਜਾਂਦੀਆਂ ਹਨ ਜਿਸ ਕਰਕੇ ਨਗਰ ਨਿਗਮ ਆਪਣੇ ਹੀ ਕਾਨੂੰਨ ਦੀ ਉਲੰਘਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੱੁਝ ਦਿਨ ਪਹਿਲਾਂ ਕਾਰ ਟੋਅ ਕਰਨ ਸਮੇਂ ਵੈਨ ਦੇ ਕਰਮਚਾਰੀਆਂ ਅਤੇ ਗਾਹਕਾਂ ਵਿਚਕਾਰ ਝਗੜਾ ਹੋਇਆ ਸੀ ਜਿਸ ’ਚ ਨਗਰ ਨਿਗਮ ਦੀ ਸ਼ਿਕਾਇਤ ’ਤੇ ਕੁੱਝ ਬੇਕਸੂਰ ਦੁਕਾਨਦਾਰਾਂ ’ਤੇ ਵੀ ਕੇਸ ਦਰਜ ਕਰ ਲਿਆ ਗਿਆ ਜੋਕਿ ਨਗਰ ਨਿਗਮ ਦੇ ਅਧਿਕਾਰੀਆਂ ਦੀ ਸਰਾਸਰ ਧੱਕੇਸ਼ਾਹੀ ਹੈ। ਦੁਕਾਨਦਾਰਾਂ ਨੇ ਕਿਹਾ ਕਿ ਟੋਅ ਵੈਨਾਂ ਦੇ ਖੌਫ਼ ਨਾਲ ਉਨ੍ਹਾਂ ਦੇ ਵਪਾਰ ’ਤੇ ਵੀ ਬੁਰੀ ਤਰ੍ਹਾਂ ਪ੍ਰਭਾਵ ਪਿਆ ਹੈ ਅਤੇ ਇਸੇ ਡਰ ਕਾਰਨ ਗਾਹਕ ਬਾਜ਼ਾਰ ਆਉਣ ਤੋਂ ਪ੍ਰਹੇਜ਼ ਕਰਨ ਲੱਗੇ ਹਨ ਜਿਸ ਦੇ ਚੱਲਦਿਆਂ ਆਉਣ ਵਾਲੇ ਸਮੇਂ ਵਿੱਚ ਵਪਾਰ ਪੂਰੀ ਤਰਾਂ ਠੱਪ ਹੋ ਸਕਦਾ ਹੈ।
ਦੁਕਾਨਦਾਰਾਂ ਨੇ ਕਿਹਾ ਕਿ ਸਮੱਸਿਆ ਦੀ ਜੜ ਬਾਜ਼ਾਰਾਂ ਵਿੱਚ ਲੱਗੀਆਂ ਸੈਂਕੜੇ ਰੇਹੜੀਆਂ ਅਤੇ ਆਟੋ ਰਿਕਸ਼ਾ ਹਨ ਜਿੰਨ੍ਹਾਂ ਨੂੰ ਹੱਥ ਪਾਉਣ ਤੋਂ ਅਧਿਕਾਰੀ ਡਰਦੇ ਹਨ। ਦਕਾਨਦਾਰਾਂ ਨੇ ਸਰਬਸੰਮਤੀ ਨਾਲ ਬੱਸ ਅੱਡੇ ਨੂੰ ਮਲੋਟ ਰੋਡ ਤੇ ਸ਼ਿਫਟ ਕਰਨ ਦਾ ਵਿਰੋਧ ਜਤਾਇਆ। ਇਸ ਮੌਕੇ ਦੁਕਾਨਦਾਰਾਂ ਨੇ ਸੰਕੇਤਕ ਰੋਸ ਮੁਜ਼ਾਹਰਾ ਕੀਤਾ ਅਤੇ ਨਗਰ ਨਿਗਮ ਖਿਲਾਫ ਨਆਰੇਬਾਜੀ ਕੀਤੀ। ਇਸ ਮੌਕੇ ਬੱਸ ਅੰਡਾ ਬਚਾਓ ਸੰਘਰਸ਼ ਕਮੇਟੀ ਦੇ ਆਗੂ ਬਲਤੇਜ ਸਿੰਘ ਵਾਂਦਰ, ਕੌਂਸਲਰ ਸੰਦੀਪ ਬੌਬੀ, ਜੀਵਨ ਗੋਇਲ, ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ, ਸੰਦੀਪ ਅਗਰਵਾਲ, ਅੰਕੁਸ਼ ਗੋਇਲ, ਮਨੀਸ਼ ਮਿੱਤਲ, ਅਨੀਸ਼ ਜੈਨ, ਗੌਰਵ ਗਰਗ, ਅਸ਼ੋਕ ਕੁਮਾਰ, ਵਿਨੋਦ ਕੁਮਾਰ, ਸੰਦੀਪ ਅਗਰਵਾਲ, ਮਨੀਤ ਕੁਮਾਰ, ਬਲਵਿੰਦਰ ਸਿੰਘ, ਸੁਖਵੀਰ ਸਿੰਘ, ਅਰੁਣ ਕੁਮਾਰ, ਸੰਜੀਵ ਗੋਇਲ ਅਤੇ ਵਿਕਾਸ ਜੈਨਆਦਿ ਸਮੇਤ ਵੱਡੀ ਗਿਣਤੀ ਵਪਾਰੀ ਹਾਜ਼ਰ ਸਨ।