ਸੰਯੁਕਤ ਕਿਸਾਨ ਮੋਰਚੇ ਨੇ ਕੀਤਾ ਅਮਨ ਮਾਰਚ: ਹਿੰਦ ਪਾਕ ਲੋਕਾਂ ਦੀ ਸਾਂਝ ਵਧਾਉਣ ਤੇ ਦਿੱਤਾ ਜੋਰ
ਮੰਗ ਕੀਤੀ ਕਿ ਦੋਵੇਂ ਦੇਸ਼ ਆਪਸ ਵਿੱਚ ਮਿਲ ਬੈਠ ਕੇ ਮਸਲੇ ਹੱਲ ਕਰਨ
ਰੋਹਿਤ ਗੁਪਤਾ
ਗੁਰਦਾਸਪੁਰ, 14 ਮਈ 2025- ਸੰਯੁਕਤ ਕਿਸਾਨ ਮੋਰਚਾ ਜਿਲਾ ਗੁਰਦਾਸਪੁਰ ਵੱਲੋਂ ਅੱਜ ਸੁੱਕਾ ਤਲਾਬ ਵਿਖੇ ਭਰਵਾਂ ਇਕੱਠ ਕਰਕੇ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਅਮਨ ਮਾਰਚ ਕੀਤਾ ਗਿਆ। ਵੱਖ-ਵੱਖ ਝੰਡੇ ਉਠਾਈ ਕਿਸਾਨ ਮਜ਼ਦੂਰ ਲੇਖਕ ਅਤੇ ਹੋਰ ਜਮਹੂਰੀ ਤੇ ਅਮਨ ਪਸੰਦ ਸੰਗਠਨਾ ਵੱਲੋਂ 'ਅਮਨ ਚਾਹੁੰਦੇ ਹਾਂ ਜੰਗ ਨਹੀਂ', 'ਦੋਹਾਂ ਦੇਸ਼ਾਂ ਦੇ ਲੋਕਾਂ ਦੀ ਸਾਂਝ- ਜਿੰਦਾਬਾਦ,' "ਲੜਨਾ ਹੈ ਤਾਂ ਗਰੀਬੀ ਵਿਰੁੱਧ ਲੜੋ', ,ਦੋਹਾਂ ਦੇਸ਼ਾਂ ਵਿੱਚ ਵਪਾਰ ਚਾਲੂ ਕਰੋ, 'ਸਾਰੇ ਮਸਲੇ ਆਪਸੀ ਗੱਲਬਾਤ ਰਾਹੀ ਹੱਲ ਕਰੋ',ਆਦਿ ਨਾਹਰੇ ਬੁਲੰਦ ਕਰ ਰਹੇ ਸਨ। ਇਸ ਮਾਰਚ ਦੀ ਪ੍ਰਧਾਨਗੀ ਸਾਂਝੇ ਤੌਰ ਤੇ ਕਿਸਾਨ ਆਗੂਆਂ ਲਖਵਿੰਦਰ ਸਿੰਘ ਮੰਜਿਆਂਵਾਲੀ 'ਮੱਖਣ ਸਿੰਘ ਕੁਹਾੜ, ਹਰਜੀਤ ਸਿੰਘ ਕਾਹਲੋ ,ਬਲਵਿੰਦਰ ਸਿੰਘ ਰਾਜੂ ਔਲਖ, ਗੁਰਵਿੰਦਰ ਸਿੰਘ ਜੀਵਨ ਚੱਕ, ਸੁਖਦੇਵ ਸਿੰਘ ਭਾਗੋਕਾਵਾਂ , ਬਲਬੀਰ ਸਿੰਘ ਕੱਤੋਵਾਲ ,ਬਚਨ ਸਿੰਘ ਭੰਬੋਈ , ਬਲਬੀਰ ਸਿੰਘ ਬੈਂਸ , ਰਾਜ ਕੁਮਾਰ ਪੰਡੋਰੀ , ਬਲਦੇਵ ਸਿੰਘ ਹਰਪੁਰ,ਜਗੀਰ ਸਿੰਘ ਦਲਾਚ ,ਤਰਸੇਮ ਸਿੰਘ ਡੇਹਰੀਵਾਲ ,ਸੁਖਦੇਵ ਸਿੰਘ ਛਿਛਰਾ ,ਦਲਜੀਤ ਸਿੰਘ ਚਿਤੌੜ ਗੜ ਤੋਂ ਇਲਾਵਾ , ਕੇਂਦਰੀ ਪੰਜਾਬੀ ਲੇਖਕ ਸਭਾ ਜਿਲਾ ਸਾਹਿਤ ਕੇਂਦਰ ਦੇ ਆਗੂ ਸੀਤਲ ਸਿੰਘ ਗੁਨੋਪੁਰੀ ਤੇ ਮੰਗਤ ਚੰਚਲ ਆਦਿ ਨੇ ਕੀਤੀ ।
ਸਭ ਤੋਂ ਪਹਿਲਾਂ ਪਹਿਲਗਾਮ ਵਿਖੇ ਅਤੇ ਜੰਗ ਦੌਰਾਨ ਸ਼ਹੀਦ ਹੋਣ ਵਾਲੇ ਸੈਨਕਾਂ ਤੇ ਹੋਰ ਨਾਗਰਿਕਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਬੁਲਾਰਿਆਂ ਨੇ ਜੰਗਬੰਦੀ ਦਾ ਪੁਰਜੋਰ ਸਮਰਥਨ ਕੀਤਾ ਅਤੇ ਮੰਗ ਕੀਤੀ ਕਿ ਦੋਹਾਂ ਦੇਸ਼ਾਂ ਵਿੱਚ ਸਥਾਈ ਅਮਨ ਕਾਇਮ ਕਰਨ ਲਈ ਆਪਸ ਵਿੱਚ ਬੈਠ ਕੇ ਸਾਰੇ ਮਸਲੇ ਹੱਲ ਕਰਨੇ ਕੀਤੇ ਜਾਣ। ਆਗੂਆਂ ਕਿਹਾ ਕਿ ਜੰਗ ਮਸਲੇ ਹੱਲ ਨਹੀਂ ਕਰਦੀ ਸਗੋਂ ਮਸਲੇ ਪੈਦਾ ਕਰਦੀ ਹੈ। ਉਹਨਾਂ ਕਿਹਾ ਕਿ ਜੇ ਲੜਨਾ ਹੈ ਤਾਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਲੋਕਾਂ ਦੀ ਗਰੀਬੀ, ਬੇਰੋਜ਼ਗਾਰੀ ਅਤੇ ਮਹਿੰਗਾਈ ਵਿਰੁੱਧ ਲੜਨਾ ਚਾਹੀਦਾ ਹੈ।
ਆਗੂਆਂ ਨੇ ਮੰਗ ਕੀਤੀ ਕਿ 22 ਅਪ੍ਰੈਲ ਨੂੰ ਪਹਿਲਗਾਂਵ ਵਿਖੇ ਜੋ ਅੱਤਵਾਦੀਆਂ ਨੇ ਟੂਰਿਸਟਾਂ ਉੱਪਰ ਹਮਲਾ ਕਰਕੇ 26 ਲੋਕ ਮਾਰ ਦਿੱਤੇ ਸਨ ਉਸ ਦੀ ਉੱਚ ਪੱਧਰੀ ਅਤੇ ਹਰ ਪੱਖ ਤੋਂ ਮੁਕੰਮਲ ਜਾਂਚ ਹੋਣੀ ਚਾਹੀਦੀ ਹੈ ਕਿ ਉਹ ਘਟਨਾ ਕਿਵੇਂ ਵਾਪਰੀ ਅਤੇ ਉਸ ਵਕਤ ਉਸ ਪ੍ਰਸਿੱਧ ਸੈਰਗਾਹ ਸਥਾਨ 'ਤੇ ਸੁਰੱਖਿਆ ਬਲ ਜਾਂ ਪੁਲਿਸ ਕਿਉਂ ਮੌਜੂਦ ਨਹੀਂ ਸੀ। ਇਸ ਬਾਰੇ ਜਿੰਮੇਵਾਰ ਲੋਕਾਂ ਨੂੰ ਕਟਹਿਰੇ ਵਿੱਚ ਖੜਾ ਕਰਨਾ ਚਾਹੀਦਾ ਹੈ ਤਾਂ ਕਿ ਅੱਗੋਂ ਐਸੀ ਘਟਨਾ ਨਾ ਵਾਪਰੇ। ਆਗੂਆਂ ਕਿਹਾ ਕਿ ਦੋਹਾਂ ਦੇਸ਼ਾਂ ਵਿੱਚ ਵਪਾਰ ਸ਼ੁਰੂ ਕਰਨ ਲਈ ਸਾਰੇ ਬੰਦ ਲਾਂਘੇ ਖੋਲ ਦੇਣੇ ਚਾਹੀਦੇ ਹਨ।
ਇਸ ਮੌਕੇ ਆਗੂਆਂ ਨੇ ਦੋਵਾਂ ਦੇਸ਼ਾਂ ਵਿੱਚ ਜੰਗਬੰਦੀ ਨੂੰ ਸਥਾਈ ਰੂਪ ਦੇਣ ਲਈ ਕਿਸੇ ਬਾਹਰੀ ਸ਼ਕਤੀ ਦੇ ਦਖਲ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਸ਼ਿਮਲਾ ਸਮਝੌਤੇ ਰਾਹੀਂ ਹੀ ਮਸਲੇ ਹੱਲ ਕੀਤੇ ਜਾਣੇ ਚਾਹੀਦੇ ਹਨ। ਰੈਲੀ ਨੂੰ ਹੋਰਨਾ ਤੋਂ ਇਲਾਵਾ ਜੇ ਪੀ ਖਰਲਾ ਵਾਲਾ ,ਅਬਿਨਾਜ ਸਿੰਘ (ਪੈਨਸ਼ਨ ਆਗੂ )ਅਸ਼ਵਨੀ ਕੁਮਾਰ (ਜਮਹੂਰੀ ਅਧਿਕਾਰ ਸਭਾ) ਮੰਗਤ ਸਿੰਘ ਜੀਵਨ ਚੱਕ ,ਮਜ਼ਦੂਰ ਆਗੂ ਵਿਜੇ ਸੋਹਲ ਅਤੇ ਸ਼ਿਵ ਕੁਮਾਰ' ਅਜੀਤ ਸਿੰਘ ਹੁੰਦਲ, ਕੁਲਵਿੰਦਰ ਸਿੰਘ ਤਿੱਬੜ ,ਬਲਬੀਰ ਸਿੰਘ ਉਚਾਧਕਾਲਾ, ਜੋਗਿੰਦਰ ਸਿੰਘ ਲੇਹਲ ,ਬੂਟਾ ਰਾਮ ਆਜ਼ਾਦ ਲੰਬੜਦਾਰ ਦਲੀਪ ਸਿੰਘ ਆਦਿ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।