ਆਕਸਫੋਰਡ ਸਕੂਲ ਭਗਤਾ ਭਾਈ ਦੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੇ ਨਤੀਜੇ ਦੌਰਾਨ ਤੋੜੇ ਰਿਕਾਰਡ
ਅਸ਼ੋਕ ਵਰਮਾ
ਭਗਤਾ ਭਾਈ ,14 ਮਈ 2025 :‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ’ ਭਗਤਾ ਭਾਈ ਇਲਾਕੇ ਦੀ ਇੱਕ ਅਜਿਹੀ ਨਾਮਵਰ ਵਿੱਦਿਅਕ ਸੰਸਥਾ ਹੈ, ਜਿਸ ਦੇ ਵਿਦਿਆਰਥੀ ਆਏ ਦਿਨ ਬੁਲੰਦੀਆਂ ਨੂੰ ਛੂਹਣ ਵਾਲੀਆਂ ਪ੍ਰਾਪਤੀਆਂ ਕਰਦੇ ਹਨ। ਇਸ ਸੰਸਥਾ ਦੇ ਵਿਦਿਆਰਥੀਆਂ ਨੇ ਇਸ ਵਾਰ ਵੀ ਦਸਵੀਂ ਜਮਾਤ ਦੇ ਨਤੀਜੇ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਦੇ ਹੋਏ ਪਿਛਲੇ ਸਾਲਾਂ ਦੇ ਰਿਕਾਰਡ ਨੂੰ ਮਾਤ ਪਾ ਦਿੱਤੀ ਹੈ। ਇਸ ਸਾਲ ਦਸਵੀਂ ਜਮਾਤ ਦੇ 153 ਵਿਦਿਆਰਥੀਆਂ ਦਾ ਨਤੀਜਾ ਸੌ ਫੀਸਦੀ ਰਿਹਾ ਹੈ। ਇਸ ਪ੍ਰੀਖਿਆ ਵਿੱਚੋਂ ਹੋਣਹਾਰ ਵਿਦਿਆਰਥਣ ਹਰਮਨਦੀਪ ਕੌਰ ਪੁੱਤਰੀ ਜਗਦੇਵ ਸਿੰਘ ਵਾਸੀ ਆਕਲੀਆ ਜਲਾਲ ਨੇ 98.80% ਅੰਕ ਪ੍ਰਾਪਤ ਕਰਕੇ ਪਹਿਲਾ, ਤਨਸੀਰਤ ਕੌਰ ਚਾਨਾ ਪੁੱਤਰੀ ਮਨਦੀਪ ਸਿੰਘ ਵਾਸੀ ਭਗਤਾ ਭਾਈ ਕਾ ਨੇ 98.40% ਅੰਕ ਪ੍ਰਾਪਤ ਕਰਕੇ ਦੂਸਰਾ , ਤਾਜਪ੍ਰੀਤ ਕੌਰ ਪੁੱਤਰੀ ਹਰਦੀਪ ਸਿੰਘ ਵਾਸੀ ਨਿਉਰ ਨੇ 97.80% ਅੰਕ ਪ੍ਰਾਪਤ ਕਰਕੇ ਤੀਸਰਾ ਅਤੇ ਰਾਜਦੀਪ ਕੌਰ ਪੁੱਤਰੀ ਹਰਜਿੰਦਰ ਸਿੰਘ ਵਾਸੀ ਬੁਰਜ ਥਰੋੜ ਨੇ 97% ਅੰਕ ਲੈ ਕੇ ਚੌਥਾ ਸਥਾਨ ਪ੍ਰਾਪਤ ਕਰਦੇ ਸੰਸਥਾ ਦਾ ਨਾਮ ਚਮਕਾਇਆ ਹੈ।
ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਦੱਸਿਆ ਕਿ ਦਸਵੀਂ ਜਮਾਤ ਦੇ 153 ਵਿਦਿਆਰਥੀਆਂ ਵਿੱਚੋਂ 90 ਵਿਦਿਆਰਥੀਆਂ ਨੇ ਪੰਜਾਬੀ, 41 ਵਿਦਿਆਰਥੀਆਂ ਨੇ ਅੰਗਰੇਜ਼ੀ, 29 ਵਿਦਿਆਰਥੀਆਂ ਨੇ ਸੋਸ਼ਲ ਸਾਇੰਸ, 10 ਵਿਦਿਆਰਥੀਆਂ ਨੇ ਗਣਿਤ, 10 ਵਿਦਿਆਰਥੀਆਂ ਨੇ ਸਾਇੰਸ , 18 ਵਿਦਿਆਰਥੀਆਂ ਨੇ ਆਈ. ਟੀ. ਅਤੇ 9 ਵਿਦਿਆਰਥੀਆਂ ਨੇ ਹਿੰਦੀ ਨੇ ਵਿਸ਼ੇ ਵਿੱਚੋਂ 90% ਤੋਂ ਉੱਪਰ ਅੰਕ ਪ੍ਰਾਪਤ ਕਰਕੇ ਆਪਣੇ ਅਧਿਆਪਕਾਂ, ਮਾਪਿਆਂ ਅਤੇ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ। ਜੇਕਰ ਵਿਸ਼ੇ ਅਨੁਸਾਰ ਗੱਲ ਕੀਤੀ ਜਾਵੇ ਤਾਂ ਪੰਜਾਬੀ ਵਿਸ਼ੇ ਵਿੱਚੋਂ 16 ਵਿਦਿਆਰਥੀਆਂ ਨੇ 100/100 ਅੰਕ , ਅੰਗਰੇਜ਼ੀ ਵਿਸ਼ੇ ਵਿੱਚੋਂ 3 ਵਿਦਿਆਰਥੀਆਂ ਨੇ 100 /100 ਅੰਕ, ਗਣਿਤ ਵਿਸ਼ੇ ਵਿੱਚੋਂ 1 ਵਿਦਿਆਰਥੀ ਨੇ 100/100 ਅੰਕ ਪ੍ਰਾਪਤ ਕੀਤੇ ਹਨ।ਇਸੇ ਤਰ੍ਹਾਂ ਇਸ ਸੰਸਥਾ ਦੇ ਵਿਦਿਆਰਥੀਆਂ ਨੇ ਸਾਇੰਸ ਵਿਸ਼ੇ ਵਿੱਚੋਂ 99/100 ਅੰਕ, ਸੋਸ਼ਲ ਸਾਇੰਸ ਵਿਸ਼ੇ ਵਿੱਚੋਂ 98/100 ਅੰਕ , ਹਿੰਦੀ ਵਿਸ਼ੇ ਵਿੱਚੋਂ 98/100 ਅੰਕ ਅਤੇ ਆਈ.ਟੀ. ਵਿਸ਼ੇ ਵਿੱਚੋਂ 97/100 ਅੰਕ ਪ੍ਰਾਪਤ ਕਰਕੇ ਆਪਣੀ ਮਿਹਨਤ ਨੂੰ ਚਾਰ ਚੰਦ ਲਗਾਏ ਹਨ।
ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀਆਂ ਦੀ ਰਿਕਾਰਡ ਤੋੜ ਸਫ਼ਲਤਾ ਪ੍ਰਾਪਤ ਕਰਨ ਤੇ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਬਾਕੀ ਵਿਦਿਆਰਥੀਆਂ ਨੂੰ ਵੀ ਇਸੇ ਤਰਾਂ ਸਖਤ ਮਿਹਨਤ ਕਰਨ ਦੇ ਲਈ ਪ੍ਰੇਰਿਤ ਕੀਤਾ।ਸ੍ਰੀ ਬਾਂਸਲ ਨੇ ਅਧਿਆਪਕਾਂ ਨੂੰ ਉਨ੍ਹਾਂ ਦੀ ਅਣਥੱਕ ਮਿਹਨਤ ਦੀ ਵਡਿਆਈ ਕਰਦੇ ਹੋਏ ਇਸ ਸ਼ਾਨਦਾਰ ਨਤੀਜੇ ਦੀ ਵਧਾਈ ਦਿੱਤੀ।ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ) , ਰਾਜਵਿੰਦਰ ਸਿੰਘ ਸੋਢੀ (ਜਨਰਲ ਸਕੱਤਰ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਨੇ ਪਿੰ੍ਰਸੀਪਲ ਸਾਹਿਬ , ਕੋਆਰਡੀਨੇਟਰਜ਼ ਅਤੇ ਸਮੂਹ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ।