15 ਮਈ ਤੋਂ ਬਾਅਦ ਮੰਡੀਆਂ 'ਚ ਕਣਕ ਦੀ ਸਰਕਾਰੀ ਖ੍ਰੀਦ ਹੋਵੇਗੀ ਬੰਦ
-ਸਮੂਹ ਖਰੀਦ ਏਜੰਸੀਆਂ ਨੂੰ 15 ਮਈ ਤੱਕ ਕਣਕ ਦੀ ਖਰੀਦ ਤੇ ਲਿਫਟਿੰਗ ਪ੍ਰਕਿਰਿਆ ਮੁਕੰਮਲ ਕਰਨ ਦੇ ਸਖਤ ਆਦੇਸ਼ ਜਾਰੀ
ਮੋਗਾ, 14 ਮਈ 2025- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮੋਗਾ ਵਿੱਚ ਕਣਕ ਦੀ ਖਰੀਦ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ। ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਸਮੂਹ ਖਰੀਦ ਏਜੰਸੀਆਂ ਦੇ ਨੁੰਮਾਇੰਦਿਆਂ ਅਤੇ ਸਬੰਧਤ ਵਿਭਾਗਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ 15 ਮਈ, 2025 ਤੱਕ ਮੰਡੀਆਂ ਵਿੱਚ ਆਈ ਸਾਰੀ ਕਣਕ ਦੀ ਖਰੀਦ ਸਰਕਾਰੀ ਹਦਾਇਤਾਂ/ਮਾਪਦੰਡਾਂ ਅਨੁਸਾਰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਤਾਂ ਜੋ ਕਿਸਾਨਾਂ ਵੱਲੋਂ ਲਿਆਂਦੀ ਕੋਈ ਵੀ ਫਸਲ ਅਣਵਿਕੀ ਨਾ ਰਹਿ ਜਾਵੇ। ਉਹਨਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਦੀ ਜਿਣਸ ਇਸ ਮਿਤੀ ਨੂੰ ਅਣਵਿਕੀ ਰਹਿ ਜਾਂਦੀ ਹੈ ਤਾਂ ਉਸਦੀ ਜਿੰਮੇਵਾਰੀ ਸਬੰਧਤ ਖਰੀਦ ਏਜੰਸੀ ਦੀ ਹੋਵੇਗੀ, ਕਿਸਾਨਾਂ ਦੀ ਪ੍ਰੇਸ਼ਾਨੀ ਬਿਲਕੁਲ ਵੀ ਬਰਦਾਸ਼ਤਯੋਗ ਨਹੀਂ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ 15 ਮਈ ਤੱਕ ਆਪਣੀ ਕਣਕ ਮੰਡੀਆਂ ਵਿੱਚ ਲਿਆਉਣ ਇਸ ਤੋਂ ਬਾਅਦ ਸਰਕਾਰੀ ਹਦਾਇਤਾਂ ਤਹਿਤ ਕੋਈ ਖਰੀਦਦਾਰੀ ਨਹੀਂ ਹੋਵੇਗੀ। ਇੱਥੇ ਇਹ ਵੀ ਜਿਕਰਯੋਗ ਹੈ ਕਿ ਜ਼ਿਲ੍ਹਾ ਮੋਗਾ ਦੀਆਂ ਮੰਡੀਆਂ ਵਿੱਚ ਬੀਤੀ ਸ਼ਾਮ ਤੱਕ ਕੁੱਲ 725399 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ ਜਿਸ ਵਿੱਚੋਂ 99.93 ਫੀਸਦੀ ਖਰੀਦ ਕੀਤੀ ਜਾ ਚੁੱਕੀ ਹੈ, 1718.20 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਅਦਾਇਗੀ ਵਜੋਂ ਟ੍ਰਾਂਸਫਰ ਕੀਤੇ ਜਾ ਚੁੱਕੇ ਹਨ। ਕੁਝ ਮੰਡੀਆਂ ਵਿੱਚ 85116 ਮੀਟ੍ਰਿਕ ਟਨ ਕਣਕ ਅਣਲਿਫਟਿਗ ਪਈ ਹੈ ਜਿਸਨੂੰ ਡਿਪਟੀ ਕਮਿਸ਼ਨਰ ਵੱਲੋਂ 15 ਮਈ ਤੱਕ ਹਰ ਹੀਲੇ ਚੁਕਵਾਉਣ ਲਈ ਆਦੇਸ਼ ਜਾਰੀ ਕਰ ਦਿੱਤੇ ਹਨ।