ਐਮੀਨੈਂਸ ਸਕੂਲ ਭਾਰਤ ਨਗਰ ਦੀਆਂ ਵਿਦਿਆਰਥਣਾ ਨੇ ਝੰਡੇ ਗੱਡੇ
ਲੁਧਿਆਣਾ, 14 ਮਈ 2025- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ 12ਵੀਂ ਦੇ ਨਤੀਜਿਆਂ ਵਿੱਚ ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਗਰਲਜ਼ ਸਕੂਲ ਆਫ ਐਮੀਨੈਂਸ ਦੀਆਂ ਵਿਦਿਆਰਥਣਾਂ ਨੇ ਸਫਲਤਾ ਦੇ ਝੰਡੇ ਗੱਡ ਦਿੱਤੇ ਹਨ ਅਤੇ ਇਹ ਸਰਕਾਰੀ ਸਕੂਲ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚੋਂ ਮੋਹਰੀ ਹੋ ਨਿੱਬੜਿਆ ਹੈ।
ਇਹ ਸਕੂਲ ਪੰਜਾਬ ਭਰ ਦਾ ਇੱਕੋ ਇੱਕ ਸਰਕਾਰੀ ਸਕੂਲ ਹੈ ਜਿਸ ਦੀਆਂ ਚਾਰ ਵਿਦਿਆਰਥਣਾਂ ਮੈਰਿਟ ਸੂਚੀ ਵਿੱਚ ਆਈਆਂ ਹਨ। ਇਹ ਚਾਰੇ ਵਿਦਿਆਰਥਣਾਂ ਸਕੂਲ ਆਫ ਐਮੀਨੈਂਸ ਸੈਕਸ਼ਨ ਦੀਆਂ ਹਨ।
ਨਿਹਾਰਿਕਾ ਗੁਜਰਾਲ ਨੇ ਮੈਡੀਕਲ ਸਟਰੀਮ ਵਿੱਚੋਂ 98.4% ਨੰਬਰ ਲੈ ਕੇ ਜਿਲ੍ਹਾ ਲੁਧਿਆਣਾ ਦੇ ਸਰਕਾਰੀ ਸਕੂਲਾਂ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਹਰਸ਼ਿਤਾ ਗੁਪਤਾ ਨੇ ਵੀ ਮੈਡੀਕਲ ਸਟਰੀਮ ਵਿੱਚੋਂ 98.2% ਅੰਕ ਲੈ ਕੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ਼ ਕਰਵਾਇਆ ਹੈ।
.jpg)
ਇਸੇ ਤਰ੍ਹਾਂ ਸੱਤਿਆ ਨੇ ਵੀ ਮੈਡੀਕਲ ਸਟਰੀਮ ਵਿੱਚੋਂ 98.2% ਅੰਕ ਹਾਸਿਲ ਕੀਤੇ ਹਨ। ਜਪਨੀਤ ਕੌਰ ਨੇ ਕਮਰਸ ਸਟਰੀਮ ਵਿੱਚੋਂ 98% ਅੰਕ ਹਾਸਲ ਕਰਕੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ਼ ਕਰਵਾਇਆ ਹੈ। ਇਹ ਚਾਰੇ ਵਿਦਿਆਰਥਣਾਂ ਲੁਧਿਆਣਾ ਜਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਮੋਹਰੀ ਰਹੀਆਂ ਹਨ।
ਇੱਥੇ ਇਹ ਵਰਨਣਯੋਗ ਹੈ ਕਿ ਇਹ ਸਕੂਲ ਲੁਧਿਆਣਾ ਦੇ ਸਭ ਤੋਂ ਪੁਰਾਣੇ ਅਤੇ ਮਸ਼ਹੂਰ ਸਕੂਲਾਂ ਵਿੱਚੋਂ ਇੱਕ ਹੈ ਜਿੱਥੇ ਲੜਕੀਆਂ ਨੂੰ ਪੜ੍ਹਾਉਣਾ ਮਾਪੇ ਮਾਣ ਸਮਝਦੇ ਹਨ। ਇਸ ਵੇਲੇ ਲੱਗਭੱਗ 2000 ਵਿਦਿਆਰਥਣਾਂ ਏਥੇ ਤਾਲੀਮ ਹਾਸਿਲ ਕਰ ਰਹੀਆਂ ਹਨ।
ਸਕੂਲ ਦੇ ਪ੍ਰਿੰਸੀਪਲ ਸਟੇਟ ਅਵਾਰਡੀ ਡਾਃ ਜਸਵਿੰਦਰ ਕੌਰ ਮਾਂਗਟ ਨੇ ਦੱਸਿਆ ਕਿ ਲੱਗਭੱਗ 80 ਅਧਿਆਪਕਾਂ ਵਾਲਾ ਇਹ ਸਕੂਲ ਹਰੇਕ ਖੇਤਰ ਚਾਹੇ ਉਹ ਖੇਡਾਂ ਦਾ ਹੋਵੇ ਚਾਹੇ ਵਿੱਦਿਆ ਦਾ ਜਾਂ ਕੋਈ ਹੋਰ, ਹਮੇਸ਼ਾ ਮੋਹਰੀ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਾਰੇ ਅਧਿਆਪਕ ਬਹੁਤ ਮਿਹਨਤੀ ਹਨ ਅਤੇ ਜੀ ਜਾਨ ਲਾ ਕੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਨ। ਉਨ੍ਹਾਂ ਦੱਸਿਆ ਕਿ ਨਿੱਜੀ ਦਿਲਚਸਪੀ ਲੈਂਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਸਕੂਲ ਦੇ ਨਵੀਨੀਕਰਨ ਅਤੇ ਲੈਬਜ, ਇੰਡੋਰ ਮਲਟੀ ਸਪੋਰਟਸ ਹਾਲ, ਸੈਮੀਨਾਰ ਹਾਲ ਵਗੈਰਾ ਲਈ 17 ਕਰੋੜ ਦੀ ਮੰਜੂਰੀ ਦਿੱਤੀ ਜਿਸਦਾ ਕਿ ਕੰਮ ਲੋਕ ਨਿਰਮਾਣ ਵਿਭਾਗ ਦੁਆਰਾ ਕਰਵਾਇਆ ਜਾ ਰਿਹਾ ਹੈ ਜੋ ਇਸ ਸਾਲ ਦੇ ਅਖੀਰ ਵਿੱਚ ਪੂਰਾ ਹੋ ਜਾਵੇਗਾ।ਉਨਾਂ ਆਪਣੇ ਮਿਹਨਤੀ ਅਧਿਆਪਕਾਂ ਦੀ ਵੀ ਤਾਰੀਫ ਕੀਤੀ ਜਿਨ੍ਹਾਂ ਕਰਕੇ ਇਹ ਸ਼ਾਨਦਾਰ ਨਤੀਜੇ ਸੰਭਵ ਹੋ ਸਕੇ ਹਨ।