ਕੈਨੇਡਾ: ਗ਼ਜ਼ਲ ਮੰਚ ਸਰੀ ਦੀ ਸੁਰਮਈ ਸ਼ਾਮ ਨੂੰ ਸੈਂਕੜੇ ਸੰਗੀਤ ਪ੍ਰੇਮੀਆਂ ਨੇ ਰੂਹ ਨਾਲ਼ ਮਾਣਿਆ
ਹਰਦਮ ਮਾਨ
ਸਰੀ, 14 ਮਈ 2025-ਸਾਹਿਤ ਅਤੇ ਕਲਾ ਦੇ ਖੇਤਰ ਵਿਚ ਸਰਗਰਮ ਸਰੀ ਦੀ ਸੰਸਥਾ ‘ਗ਼ਜ਼ਲ ਮੰਚ ਸਰੀ’ ਵੱਲੋਂ ਬੀਤੇ ਐਤਵਾਰ ਰਿਫਲੈਕਸ਼ਨ ਬੈਂਕੁਇਟ ਅਤੇ ਕਾਨਫਰੰਸ ਸੈਂਟਰ ਸਰੀ ਵਿਚ ਸੁਰੀਲੀ ਸੰਗੀਤਕ ਸ਼ਾਮ ਮਨਾਈ ਗਈ ਜਿਸ ਵਿਚ ਗ਼ਜ਼ਲ ਗਾਇਕ ਸੁਖਦੇਵ ਸਾਹਿਲ, ਪਰਖਜੀਤ ਸਿੰਘ, ਭਗਤਜੀਤ ਸਿੰਘ, ਡਾ. ਰਣਦੀਪ ਮਲਹੋਤਰਾ ਅਤੇ ਸੋਨਲ ਜੱਬਲ ਨੇ ਆਪਣੇ ਸੁਰੀਲੇ ਸੁਰਾਂ ਨਾਲ ਸੰਗੀਤ ਪ੍ਰੇਮੀਆਂ ਦੀ ਰੂਹ ਨੂੰ ਸ਼ਰਸ਼ਾਰ ਕੀਤਾ। ਗ਼ਜ਼ਲ ਗਾਇਕੀ ਦੀ ਇਹ ਖੂਬਸੂਰਤ ਸ਼ਾਮ ਗ਼ਜ਼ਲ ਮੰਚ ਸਰੀ ਦੇ ਸੀਨੀਅਰ ਮੈਂਬਰ ਅਤੇ ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਨੂੰ ਸਮਰਪਿਤ ਕੀਤੀ ਗਈ।
ਆਗਾਜ਼ ਵਿਚ ਮੰਚ ਦੀ ਸ਼ਾਇਰਾ ਸੁਖਜੀਤ ਹੁੰਦਲ ਨੇ ਕਿਹਾ ਕਿ ਅਸੀਂ ਅੱਜ ਜਿਸ ਧਰਤੀ ‘ਤੇ ਇਹ ਪ੍ਰੋਗਰਾਮ ਕਰਵਾ ਰਹੇ ਹਾਂ ਇਹ ਮੂਲ ਨਿਵਾਸੀਆਂ ਦੀ ਸਰਜ਼ਮੀਂ ਹੈ। ਅਸੀਂ ਇਸ ਨੂੰ ਪ੍ਰਣਾਮ ਕਰਦੇ ਹਾਂ ਅਤੇ ਇਸ ਨਾਲ ਜੁੜੇ ਇਤਿਹਾਸ ਦੀ ਕਦਰ ਕਰਦੇ ਹਾਂ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਮੂਲ ਨਿਵਾਸੀਆਂ ਦੇ ਪ੍ਰਤੀਨਿਧ ਟੈਨਿਸ ਦੇ ਰਵਾਇਤੀ ਪ੍ਰਦਰਸ਼ਨ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਮੰਚ ਦੇ ਬੁਲਾਰੇ ਰਾਜਵੰਤ ਰਾਜ ਨੇ ਕ੍ਰਿਸ਼ਨ ਭਨੋਟ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਗ਼ਜ਼ਲ ਮੰਚ ਦੇ ਥੰਮ੍ਹ ਸਨ ਅਤੇ ਉਨ੍ਹਾਂ ਦਾ ਅਚਾਨਕ ਰੁਖ਼ਸਤ ਹੋ ਜਾਣਾ ਸਾਡੇ ਸਾਰਿਆਂ ਲਈ ਬੇਹੱਦ ਦੁਖਦਾਈ ਹੈ।
ਸੁਰੀਲੀ ਸ਼ਾਮ ਦੇ ਪਹਿਲੇ ਗਾਇਕ ਡਾ. ਰਣਦੀਪ ਮਲਹੋਤਰਾ ਨੇ ਕ੍ਰਿਸ਼ਨ ਭਨੋਟ ਦੀ ਗ਼ਜ਼ਲ ਨੂੰ ਆਪਣੀ ਪੁਰਸੋਜ਼ ਆਵਾਜ਼ ਵਿਚ ਪੇਸ਼ ਕਰ ਕੇ ਮਰਹੂਮ ਸ਼ਾਇਰ ਨੂੰ ਯਾਦ ਕੀਤਾ। ਮੰਚ ਵੱਲੋਂ ਉੱਭਰਦੇ ਸ਼ਾਇਰਾਂ, ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਉਦੇਸ਼ ਤਹਿਤ ਕੈਨੇਡੀਅਨ ਜੰਮਪਲ ਸੋਨਲ ਜੱਬਲ ਨੂੰ ਪਹਿਲੀ ਵਾਰ ਆਪਣੀ ਸਟੇਜ ਤੋਂ ਪੇਸ਼ ਕੀਤਾ ਅਤੇ ਸੋਨਲ ਨੇ ਆਪਣੇ ਸੁਰੀਲੇ ਸੁਰਾਂ ਨਾਲ ਆਪਣੀ ਸੰਗੀਤਕ ਕਲਾ ਦਾ ਬਾਖੂਬੀ ਪ੍ਰਗਟਾਵਾ ਕੀਤਾ। ਕੈਨੇਡੀਅਨ ਜੰਮਪਲ ਵਿਦਿਆਰਥੀ ਪ੍ਰਿਥੂ ਸੇਠੀ ਅਤੇ ਅਰਨਵ ਗੌਤਮ ਨੇ ਆਪਣੀਆਂ ਕਵਿਤਾਵਾਂ ਰਾਹੀਂ ਆਪਣੀ ਕਵਿਕ ਉਡਾਣ ਦਾ ਪ੍ਰਗਟਾਵਾ ਕੀਤਾ। ਉਪਰੰਤ ਗ਼ਜ਼ਲ ਗਾਇਕੀ ਦੇ ਖੇਤਰ ਵਿਚ ਉੱਭਰ ਰਹੇ ਸਿਤਾਰੇ ਪਰਖਜੀਤ ਸਿੰਘ ਨੇ ਚਾਰ ਗ਼ਜ਼ਲਾਂ ਰਾਹੀਂ ਆਪਣੀ ਪ੍ਰਤਿਭਾ, ਕਲਾ ਅਤੇ ਸੰਗੀਤਕ ਸੂਝ ਦੀ ਲਾਮਿਸਾਲ ਪੇਸ਼ਕਾਰੀ ਕਰ ਕੇ ਸਰੋਤਿਆਂ ਦੀ ਵਾਹ ਵਾਹ ਖੱਟੀ। ਅਗਲੇ ਗਾਇਕ ਭਗਤਜੀਤ ਸਿੰਘ ਨੇ ਗ਼ਜ਼ਲਾਂ, ਗੀਤਾਂ ਨਾਲ ਆਪਣੇ ਸੁਰਾਂ ਦੀ ਸਾਂਝ ਪਾਈ।
ਕੈਲੀਫੋਰਨੀਆ ਤੋਂ ਪਹੁੰਚੇ ਪ੍ਰਸਿੱਧ ਗ਼ਜ਼ਲ ਗਾਇਕ ਸੁਖਦੇਵ ਸਾਹਿਲ ਨੇ ਸ਼ਿਵ ਕੁਮਾਰ ਬਟਾਲਵੀ, ਜਸਵਿੰਦਰ, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ ਦੀਆਂ ਗ਼ਜ਼ਲਾਂ ਅਤੇ ਟੱਪਿਆਂ ਨਾਲ ਗ਼ਜ਼ਲ ਮਹਿਫ਼ਿਲ ਨੂੰ ਖੂਬ ਮਹਿਕਾਇਆ। ਜਸਵਿੰਦਰ ਦੀ ਗ਼ਜ਼ਲ ‘ਹਨੇਰਾ ਹੋ ਗਿਆ ਤਾਂ ਖ਼ੌਫ਼ ਕਾਹਦਾ, ਚਿਰਾਗਾਂ ਦਾ ਅਜੇ ਪਰਿਵਾਰ ਜਾਗੇ...’ ਸੁਰਮਈ ਸ਼ਾਮ ਦੀ ਖੂਬਸੂਰਤ ਪੇਸ਼ਕਾਰੀ ਸਰੋਤਿਆਂ ਦੇ ਮਨਾਂ ‘ਤੇ ਦੇਰ ਤੱਕ ਉੱਕਰੀ ਰਹੇਗੀ।
ਗ਼ਜ਼ਲ ਮੰਚ ਵੱਲੋਂ ਇਸ ਸੰਗੀਤਕ ਸ਼ਾਮ ਦੇ ਪ੍ਰਮੁੱਖ ਸਹਿਯੋਗੀ ਜਤਿੰਦਰ ਜੇ ਮਿਨਹਾਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਸਾਰੇ ਗਾਇਕਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਆਪਣਾ ਸਤਿਕਾਰ ਪ੍ਰਗਟ ਕੀਤਾ। ਮੰਚ ਦੇ ਪ੍ਰੋਗਰਾਮਾਂ ਲਈ ਵਿਸ਼ੇਸ਼ ਸਹਿਯੋਗ ਦੇਣ ਲਈ ਦਵਿੰਦਰ ਬਚਰਾ ਦਾ ਸਨਮਾਨ ਕੀਤਾ ਗਿਆ। ਅੰਤ ਵਿਚ ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ ਨੇ ਮਰਹੂਮ ਸ਼ਾਇਰ ਕ੍ਰਿਸ਼ਨ ਭਨੋਟ ਅਤੇ ਨਾਮਵਰ ਚਿੱਤਰਕਾਰ ਜਰਨੈਲ ਸਿੰਘ ਨੂੰ ਯਾਦ ਕੀਤਾ। ਉਨ੍ਹਾਂ ਇਸ ਖੂਬਸੂਰਤ ਸ਼ਾਮ ਨੂੰ ਮਾਣਨ ਵਾਲੇ ਤਮਾਮ ਸੰਗੀਤ ਪ੍ਰੇਮੀਆਂ, ਸਹਿਯੋਗੀਆਂ ਅਤੇ ਇਸ ਸ਼ਾਮ ਨੂੰ ਯਾਦਗਾਰੀ ਬਣਾਉਣ ਲਈ ਸਾਰੇ ਗਾਇਕਾਂ ਦਾ ਮੰਚ ਵੱਲੋਂ ਧੰਨਵਾਦ ਕੀਤਾ।