ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਕੇਸ ਦਰਜ ਹੋਣ ਦੇ ਬਾਵਜੂਦ ਮੁਲਜਮ ਗ੍ਰਿਫਤਾਰ ਨਾ ਕਰਨ ਦੇ ਦੋਸ਼
ਅਸ਼ੋਕ ਵਰਮਾ
ਬਠਿੰਡਾ,8ਮਈ2025: ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਬਠਿੰਡਾ ਨੇ ਆਪਣੇ ਹੀ ਇੱਕ ਸੇਵਾਮੁਕਤ ਏਐਆਈ ਸਾਥੀ ਵੱਲੋਂ ਪੁਲਿਸ ਦੇ ਇੱਕ ਕਮਾਂਡੋ ਅਤੇ ਹੋਮਗਾਰਡ ਖਿਲਾਫ ਮੁਕੱਦਮਾ ਦਰਜ ਕਰਵਾਉਣ ਦੇ ਬਾਵਜੂਦ ਥਾਣਾ ਕੈਂਟ ਪੁਲਿਸ ਤੇ ਨਾਮਜਦ ਵਿਅਕਤੀਆਂ ਨੂੰ ਗ੍ਰਿਫਤਾਰ ਨਾਂ ਕਰਨ ਦੇ ਦੋਸ਼ ਲਾਏ ਹਨ। ਐਸੋਸੀਏਸ਼ਨ ਦੇ ਪ੍ਰਧਾਨ ਸੇਵਾਮੁਕਤ ਡੀਐਸਪੀ ਰਣਜੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਰੇਸ਼ਮ ਸਿੰਘ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਸੀ ਕਿ ਉਸ ਦਾ ਲੜਕਾ ਰੁਪਿੰਦਰ ਸਿੰਘ ਤੇ ਨੂੰਹ ਹਰਪ੍ਰੀਤ ਕੌਰ ਲੰਘੀ 3 ਅਪ੍ਰੈਲ ਨੂੰ ਕਾਰ ਰਾਹੀਂ ਆ ਰਹੇ ਸਨ ਤਾਂ ਤਿੰਨ ਅਣਪਛਾਤੇ ਵਿਅਕਤੀਆਂ ਨੇ ਅਸਲਾ ਦਿਖਾਕੇ ਕਾਰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹ ਕਾਰ ਭਜਾ ਕੇ ਆਪਣੇ ਘਰ ਦੇ ਨਜ਼ਦੀਕ ਆ ਗਏ।
ਉਨ੍ਹਾਂ ਦੱਸਿਆ ਕਿ ਤਾਂ ਇਸ ਦੌਰਾਨ ਉਹ ਕਾਰ ਚੋਂ ਉੱਤਰ ਕੇ ਬਾਹਰ ਆ ਗਏ ਜਿੰਨ੍ਹਾਂ ਵਿੱਚ ਹੋਮਗਾਰਡ ਕੌਰ ਸਿੰਘ ਵੀ ਸੀ। ਰੇਸ਼ਮ ਸਿੰਘ ਅਨੁਸਾਰ ਜਦੋਂ ਉਸ ਨੇ ਉਨ੍ਹਾਂ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਨੇ ਪਿੱਛਾ ਨਹੀਂ ਕੀਤਾ ਬਲਕਿ ਉਨ੍ਹਾਂ ਦੀ ਡਿਊਟੀ ਲੱਗੀ ਸੀ। ਇਸ ਦੌਰਾਨ ਇਹ ਲੋਕ ਕਾਰ ਭਜਾਕੇ ਲੈ ਗਏ। ਰੇਸ਼ਮ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਇਸ ਸਬੰਧੀ ਉਸ ਨੇ ਰਿਟਾਇਰਡ ਡੀਐਸਪੀ ਰਣਜੀਤ ਸਿੰਘ ਨੂੰ ਦੱਸਿਆ ਸੀ ਜਿੰਨ੍ਹਾਂ ਨੇ ਸਬੰਧਤ ਬੰਦੇ ਦਾ ਪਤਾ ਲਾ ਲਿਆ। ਸੇਵਾਮੁਕਤ ਡੀਐਸਪੀ ਨੇ ਦੱਸਿਆ ਕਿ ਇਸ ਸਬੰਧ ਵਿੱਚ ਥਾ ਕੈਂਟ ਪੁਲਿਸ ਨੇ ਹੋਮਗਾਰਡ ਕੌਰ ਸਿੰਘ, ਕਮਾਂਡੋ ਲਾਭ ਸਿੰਘ ਅਤੇ ਇੱਕ ਅਣਪਛਾਤੇ ਖਿਲਾਫ ਮੁਕੱਦਮਾ ਦਰਜ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਮੁਕੱਦਮਾ ਦਰਜ ਹੋਏ ਨੂੰ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ ਪਰ ਪੁਲਿਸ ਇਸ ਸਬੰਧ ਵਿੱਚ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਵਿਧਾਇਕ ਅਤੇ ਮੇਅਰ ਨੂੰ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਇਸ ਦੌਰਾਨ ਪੁਲਿਸ ਨੇ ਮੁਲਜਮਾਂ ਨੂੰ ਗ੍ਰਿਫਤਾਰ ਨਾਂ ਕੀਤਾ ਤਾਂ 21 ਮਈ ਨੂੰ ਮੀਟਿੰਗ ਵਿੱਚ ਵਿਚਾਰਨ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਏਗਾ। ਓਧਰ ਇਸ ਮਾਮਲੇ ਸਬੰਧੀ ਥਾਣਾ ਕੈਂਟ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਦਾ ਕਹਿਣਾ ਸੀ ਕਿ ਕਮਾਂਡੋ ਲਾਭ ਸਿੰਘ ਨੂੰ ਅਗਾਊਂ ਜਮਾਨਤ ਮਿਲ ਗਈ ਹੈ ਜਿਸ ਕਰਕੇ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਜਦੋਂਕਿ ਹੋਮਗਾਰਡ ਕੌਰ ਨੂੰ ਗ੍ਰਿਫਤਾਰ ਕਰਨ ਲਈ ਕਈ ਵਾਰ ਛਾਪਾ ਮਾਰਿਆ ਹੈ ਪਰ ਉਹ ਮਿਲਿਆ ਨਹੀਂ।